ਸਿਆਸਤ ਨੇ ਪਹਿਲਾਂ ਹੀ ਪੰਜਾਬੀ ਮਾਂ-ਬੋਲੀ ਦਾ ਬੜਾ ਨੁਕਸਾਨ ਕੀਤਾ ਹੈ। ਹੁਣ ਵੀ ਜੇ ਅਸੀ ਸਾਹਿਤ ਨੂੰ ਹਾਸ਼ੀਏ ਤੇ ਰੱਖ ਕੇ ਸਿਆਸਤ ਦਾ ਸਾਥ ਦਿੰਦੇ ਰਹੇ ਤਾਂ ਪੰਜਾਬੀ ਦੇ ਵਜੂਦ ਨੂੰ ਖਤਰਾ ਬਣਿਆ ਰਹੇਗਾ। ਸਾਹਿਤਕ ਸੰਸਥਾਵਾਂ ਵਿਚੋਂ ਸਿਆਸਤ ਖਤਮ ਕਰਨ ਲਈ ਨੌਜਵਾਨ ਇਕਮੁੱਠ ਹੋਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰ ਅਤੇ ਲੇਖਕ ਦੀਪ ਜਗਦੀਪ ਸਿੰਘ ਨੇ ਫਿਲੌਰ, ਪ੍ਰਤਾਬਪੁਰਾ ਅਤੇ ਨੂਰਮਹਿਲ ਦੇ ਨੌਜਵਾਨ ਲਿਖਾਰੀਆਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ। 27 ਮਈ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਣ ਵਾਲੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਦੇ ਮੱਦੇਨਜ਼ਰ ਉਹ ਸ਼ਨੀਵਾਰ ਨੂੰ ਉਪਰੋਕਤ ਪਿੰਡਾ ਦੇ ਨੌਜਵਾਨ ਲਿਖਾਰੀਆਂ ਨਾਲ ਰਾਬਤਾ ਕਾਇਮ ਕਰਨ ਪਹੁੰਚੇ ਸਨ। ਇਲਾਕੇ ਦੇ ਨੌਜਵਾਨ ਲਿਖਾਰਿਆਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਚੋਣਾ ਵਿਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਨੌਜਵਾਨ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਦੀਪ ਜਗਦੀਪ ਸਿੰਘ ਨੇ ਕਿਹਾ ਕਿ ਅੱਜ ਇਨਸਾਨ ਤੱਰਕੀ ਕਰ ਕੇ ਚੰਨ ਤੱਕ ਪਹੁੰਚ ਗਿਆ ਹੈ, ਪਰੰਤੂ ਸਾਹਿਤਕ ਸਭਾਵਾਂ ਵਿਚ ਸਿਆਸਤ ਕਾਰਨ ਸਾਡੀ ਪੰਜਾਬੀ ਮਾਂ-ਬੋਲੀ ਹਾਸ਼ੀਏ ਤੇ ਧੱਕੀ ਜਾ ਰਹੀ ਹੈ। ਸਾਹਿਤ ਦੀ ਜਗ੍ਹਾ ਸਿਆਸੀ ਮਨਸੂਬੇ ਸਾਹਿਤ ਸਭਾਵਾਂ ਰਾਹੀਂ ਪੂਰੇ ਕੀਤੇ ਜਾ ਰਹੇ ਹਨ। ਅੱਜ ਪੰਜਾਬੀ ਮਾਂ-ਬੋਲੀ ਨੂੰ ਵਕਤ ਦੇ ਹਾਣ ਦੀ ਬਣਾਉਣ ਦੀ ਲੋੜ ਹੈ। ਇਸਦੇ ਲਈ ਹਰ ਪੰਜਾਬੀ ਨੂੰ ਨਵੇਂ ਸੰਚਾਰ ਸਾਧਨਾਂ ਦੀ ਵਰਤੋਂ ਪੰਜਾਬੀ ਵਿਚ ਕਰਨ ਦੀ ਸਿਖਲਾਈ ਦੇਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਵੈੱਬਸਾਈਟ ਲਫ਼ਜ਼ਾਂ ਦਾ ਪੁਲ (ਾ.ਲੳਡਜ਼ੳਨਦੳਪੁਲ.ਚੋਮ) ਰਾਹੀਂ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਅਤੇ ਵਡੇਰੀ ਉਮਰ ਦੇ ਪੰਜਾਬੀਆਂ ਨੂੰ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਪੰਜਾਬੀ ਵਿਚ ਕਰਨ ਦੀ ਸਿਖਲਾਈ ਮੁਫਤ ਦੇ ਚੁੱਕੇ ਹਨ। ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਪੰਜਾਬੀ ਇਸ ਵਿਚ ਮਹਾਰਤ ਹਾਸਲ ਕਰ ਸਕਣ ਇਸ ਵਾਸਤੇ ਉਹ ਸਕੂਲਾਂ ਅਤੇ ਕਾਲਜਾਂ ਵਿਚ ਜਾ ਕੇ ਪੰਜਾਬੀ ਵਿਚ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਕਰਨ ਦੀ ਸਿਖਲਾਈ ਮੁਫ਼ਤ ਦੇਣ ਲਈ ਵਰਕਸ਼ਾਪਾ ਲਾਉਣਗੇ। ਉਨ੍ਹਾਂ ਨੇ ਸਮੂਹ ਨੌਜਵਾਨ ਲੇਖਕਾਂ ਨੂੰ ਨੌਜਵਾਨ ਲਿਖਾਰੀ ਫਰੰਟ ਨਾਲ ਜੁੜਨ ਦੀ ਅਪੀਲ ਕੀਤੀ। ਨੌਜਵਾਨ ਲਿਖਾਰੀ ਫਰੰਟ ਦੀ ਲੋਕ ਸੰਪਰਕ ਪ੍ਰਤਿਨਿਧੀ ਅੰਮ੍ਰਿਤਬੀਰ ਕੌਰ ਨੇ ਕਿਹਾ ਕਿ ਹਰ ਪੰਜਾਬੀ ਨੌਜਵਾਨ ਪੰਜਾਬੀ ਨੂੰ ਮਾਂ ਵਾਂਗ ਪਿਆਰ ਕਰਦਾ ਹੈ। ਪਰ ਕੁਝ ਵਿਦਵਾਨਾਂ ਨੇ ਜਿਵੇਂ ਸਹੁੰ ਖਾਧੀ ਹੋਈ ਹੈ ਕਿ ਪੰਜਾਬੀ ਦੀ ਦੁਰਦਸ਼ਾ ਲਈ ਸਿਰਫ਼ ਨੌਜਵਾਨਾਂ ਨੂੰ ਹੀ ਦੋਸ਼ੀ ਠਹਿਰਾਉਣਾ ਹੈ। ਉਨ੍ਹਾਂ ਕਿਹਾ ਕਿ ਜੇ ਵਿਦਵਾਨ ਸੱਚਮੁਚ ਚਾਹੁੰਦੇ ਹਨ ਕਿ ਨੌਜਵਾਨ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿਚ ਸਰਗਰਮ ਯੋਗਦਾਨ ਦੇਣ ਤਾਂ ਉਹ ਸਮੂਹ ਸਾਹਿਤ ਸਭਾਵਾ ਵਿਚ ਨੌਜਵਾਨਾਂ ਦੀ ਪ੍ਰਤਿਨਿਧਤਾ ਯਕੀਨੀ ਬਣਾਉਣ ਲਈ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਲਿਖਾਰੀ ਫਰੰਟ ਨੇ ਇਸੇ ਨਿਸ਼ਚੇ ਨਾਲ ਦੀਪ ਜਗਦੀਪ ਸਿੰਘ ਨੂੰ ਨੌਜਵਾਨ ਪ੍ਰਤਿਨਿਧੀ ਦੇ ਤੌਰ ਤੇ ਕੇਂਦਰੀ ਸਭਾ ਦੀ ਚੋਣਾ ਵਿਚ ਨਿਤਾਰਿਆ ਹੈ ਤਾਂ ਜੋ ਮੋਹਰੀ ਸਾਹਿਤ ਸਭਾ ਵਿਚ ਨੌਜਵਾਨਾਂ ਦੀ ਪ੍ਰਤਿਨਿਧਤਾ ਹੋ ਸਕੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਾਡਾ ਮਕਸਦ ਕੋਈ ਅਹੁਦਾ ਹਾਸਿਲ ਕਰਨਾ ਨਹੀਂ, ਬਲਕਿ ਸਾਹਿਤ ਸਭਾਵਾਂ ਵਿਚ ਨੌਜਵਾਨਾਂ ਦੀ ਆਵਾਜ਼ ਪਹੁੰਚਾਉਣਾ ਹੈ। ਉਨ੍ਹਾਂ ਦੇ ਨਾਲ ਪ੍ਰਚਾਰ ਲਈ ਪਹੁੰਚੇ ਰਾਮਪੁਰ ਸਾਹਿਤ ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਧਮੋਟ ਨੇ ਕਿਹਾ ਕਿ ਨੌਜਵਾਨਾਂ ਨੇ ਇਸ ਏਜੰਡੇ ਨੂੰ ਭਰਪੂਰ ਸਮਰਥ ਦਿੱਤਾ ਹੈ ਅਤੇ ਬਹੁਤ ਸਾਰੀਆਂ ਸਾਹਿਤ ਸਭਾਵਾਂ ਸਿਆਸਤ ਤੋਂ ਉੱਪਰ ਉੱਠ ਕੇ ਦੀਪ ਜਗਦੀਪ ਸਿੰਘ ਦਾ ਸਾਥ ਦੇ ਰਹੀਆਂ ਹਨ। ਇਸ ਮੌਕੇ ਭਰਵੀਂ ਗਿਣਤੀ ਵਿਚ ਨੌਜਵਾਨ ਲਿਖਾਰੀ ਅਤੇ ਵੱਖ-ਵੱਖ ਸਾਹਿਤ ਸਭਾਵਾਂ ਦੇ ਮੈਂਬਰ ਹਾਜ਼ਿਰ ਸਨ।
ਜੱਸੋਵਾਲ ਟਰੱਸਟ ਵੱਲੋਂ ਦੀਪ ਜਗਦੀਪ ਸਿੰਘ ਦੇ ਸਮਰਥਨ ਦਾ ਐਲਾਨ
ਦੂਜੇ ਪਾਸੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਨੇ ਨੌਜਵਾਨਾਂ ਦੀ ਨੁਮਾਂਇੰਦੀ ਅਤੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਏਜੰਡੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ਲੜ ਰਹੇ ਨੌਜਵਾਨ ਲਿਖਾਰੀ ਫਰੰਟ ਦੇ ਪ੍ਰਤਿਨਿਧੀ ਦੀਪ ਜਗਦੀਪ ਸਿੰਘ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਟਰਸੱਟ ਦੇ ਸਰਪ੍ਰਸਤ ਸਰਦਾਰ ਜਗਦੇਵ ਸਿੰਘ ਜੱਸੋਵਾਲ, ਚੇਅਰਮੈਨ ਸਾਧੂ ਸਿੰਘ ਗਰੇਵਾਲ ਅਤੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਵੱਲੋਂ ਜਾਰੀ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਦੀਪ ਜਗਦੀਪ ਸਿੰਘ ਜਿਸ ਨਿਸ਼ਚੇ ਨਾਲ ਇਨ੍ਹਾਂ ਚੋਣਾ ਵਿਚ ਹਿੱਸਾ ਲੈ ਰਿਹਾ ਹੈ, ਉਹ ਪੰਜਾਬੀ ਮਾਂ-ਬੋਲੀ ਦੀ ਤਰੱਕੀ ਲਈ ਸਮੇਂ ਦੀ ਲੋੜ ਹੈ। ਇਸ ਵੇਲੇ ਸਾਹਿਤ ਸਭਾਵਾਂ ਅਤੇ ਸਭਿਆਚਾਰਕ ਜੱਥੇਬੰਦੀਆਂ ਵਿਚ ਅਜਿਹੇ ਨੌਜਵਾਨਾਂ ਦੀ ਸਖ਼ਤ ਲੋੜ ਹੈ ਜੋ ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪਾਸਾਰ ਲਈ ਨਵੀਂਆਂ ਤਕਨੀਕਾਂ ਅਤੇ ਨਵੇਂ ਸੰਚਾਰ ਸਾਧਨਾਂ ਦੀ ਸੁੱਚਜੀ ਵਰਤੋਂ ਕਰ ਸਕਣ। ਉਨ੍ਹਾਂ ਆਪਣੇ ਟਰੱਸਟ ਨਾਲ ਜੁੜੇ ਮੈਂਬਰਾਂ ਅਤੇ ਸਮੂਹ ਸਾਹਿਤਕ ਸਭਾਵਾਂ ਨੂੰ ਇਸ ਨੌਜਵਾਨ ਦਾ ਸਾਥ ਦੇਣ ਦੀ ਅਪੀਲ ਕੀਤੀ।