ਹਊਲਾ-ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਸੀਰੀਆ ਦੇ ਹਾਊਲਾ ਸ਼ਹਿਰ ਵਿੱਚ ਸੈਨਾ ਵੱਲੋਂ ਕੀਤੇ ਗਏ ਹਮਲੇ ਵਿੱਚ 100 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਸੀਰੀਆ ਸਰਕਾਰ ਨੇ ਇਸ ਘਟਨਾ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਲਈ ਅੱਤਵਾਦੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਸੀਰੀਆ ਵਿੱਚ ਹੋਮਸ ਸੂਬੇ ਦੇ ਹਾਊਲਾ ਸ਼ਹਿਰ ਤੇ ਸ਼ੁਕਰਵਾਰ ਨੂੰ ਸਰਕਾਰ ਵਿਰੋਧੀ ਪਰਦਰਸ਼ਨਾਂ ਤੋਂ ਬਾਅਦ ਭਾਰੀ ਬੰਬਬਾਰੀ ਹੋਈ ਸੀ। ਸੰਯੁਕਤ ਰਾਸ਼ਟਰ ਨੇ ਇਸ ਹਮਲੇ ਵਿੱਚ 90 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਜਿੰਨ੍ਹਾਂ ਵਿੱਚ 32 ਦੇ ਕਰੀਬ ਬੱਚੇ ਹਨ। ਸੀਰੀਆਈ ਲੋਕਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਇਸ ਤੋਂ ਕਿੱਤੇ ਵੱਧ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਸੀਰੀਆ ਵਿੱਚ ਵਿਦਰੋਹ ਤੋਂ ਬਾਅਦ ਸੱਭ ਤੋਂ ਵੱਧ ਹਿੰਸਕ ਘਟਨਾਵਾਂ ਵਿੱਚ ਗਿਣੀ ਜਾਣ ਵਾਲੀ ਇਹ ਘਟਨਾ ਅੰਤਰਰਾਸ਼ਟਰੀ ਕਾਨੂੰਨ ਦਾ ਖੁਲ੍ਹਾ ਉਲੰਘਣ ਹੈ।ਸੰਯੁਕਤ ਰਾਸ਼ਟਰ ਨੇ ਸੀਰੀਆ ਸਰਕਾਰ ਨੂੰ ਕਿਹਾ ਹੈ ਕਿ ਉਹ ਆਬਾਦੀ ਵਾਲੇ ਇਲਾਕਿਆਂ ਵਿੱਚ ਭਾਰੀ ਹੱਥਿਆਰਾਂ ਦੀ ਵਰਤੋਂ ਤਤਕਾਲ ਬੰਦ ਕਰੇ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਟੈਂਕਾਂ ਅਤੇ ਭਾਰੀ ਗੋਲਾ ਬਰੂਦ ਦੀ ਵਰਤੋਂ ਕੀਤੀ ਗਈ ਹੈ।
ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਬਸ਼ਰ ਅਲ ਅਸਦ ਖੂਨਖਰਾਬੇ ਨਾਲ ਰਾਜ ਕਰਨਾ ਬੰਦ ਕਰੇ ਅਤੇ ਜੋ ਵੀ ਇਸ ਲਈ ਜਿੰਮੇਵਾਰ ਹੈ ਉਸ ਨੂੰ ਕਟਖੜੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਹੈ। ਯੋਰਪੀ ਸੰਘ, ਅਰਬ ਲੀਗ, ਜਰਮਨੀ ਅਤੇ ਫਰਾਂਸ ਨੇ ਇਸ ਹਮਲੇ ਨੂੰ ਚੌਕਾਨੇ ਵਾਲਾ ਦਸਦੇ ਹੋਏ ਅਸਦ ਸਰਕਾਰ ਤੇ ਦਬਾਅ ਵਧਾਉਣ ਦੀ ਗੱਲ ਕੀਤੀ ਹੈ।