ਫਤਿਹਗੜ੍ਹ ਸਾਹਿਬ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਲੋਕਾਂ ਦੀ ਉਮੀਦ ਤੇ ਪਾਣੀ ਫੇਰਦੇ ਹੋਏ ਪੈਟਰੌਲ ਤੋਂ ਵੈਟ ਹਟਾਉਣ ਦੀ ਸੰਭਾਵਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਪੈਟਰੌਲ ਦੇ ਰੇਟ ਵਧਾ ਕੇ ਸਾਡੇ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਅਸੀਂ ਪੈਟਰੌਲ ਤੋਂ ਵੈਟ ਨਹੀਂ ਹਟਾਵਾਂਗੇ।
ਪੰਜਾਬ ਵਿੱਚ ਪੈਟਰੌਲ ਤੇ 31.50% ਵੈਟ ਵਸੂਲ ਕੀਤਾ ਜਾਂਦਾ ਹੈ, ਜੋ ਦੇਸ਼ ਵਿੱਚ ਦੂਸਰੀ ਸੱਭ ਤੋਂ ਉਚੀ ਦਰ ਹੈ। ਇਸ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿੱਚ 20% ਵੈਟ ਲਿਆ ਜਾਂਦਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਵੈਟ ਘਟਾ ਵੀ ਦਿੱਤਾ ਜਾਂਦਾ ਹੈ ਤਾਂ ਕੀਮਤਾਂ ਵਿੱਚ ਕੋਈ ਖਾਸ ਫਰਕ ਨਹੀਂ ਪਵੇਗਾ। ਪੰਜਾਬ ਵਿੱਚ ਵੈਟ ਦੀ ਦਰ ਉਚੀ ਹੋਣ ਕਰਕੇ ਪੰਜਾਬ ਦੀ ਸੀਮਾ ਤੇ ਰਹਿਣ ਵਾਲੇ ਜਿਆਦਾਤਰ ਲੋਕ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਤੋਂ ਪੈਟਰੌਲ ਭਰਵਾਉਂਦੇ ਹਨ। ਇਸ ਨਾਲ ਪੰਜਾਬ ਨੂੰ ਹਰ ਰੋਜ਼ 60,000 ਹਜ਼ਾਰ ਲਿਟਰ ਦਾ ਨੁਕਸਾਨ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਮਝਦਾਰੀ ਵਰਤੀ ਜਾਵੇ ਤਾਂ ਵੈਟ ਦੀ ਦਰ ਘੱਟਾ ਕੇ ਵੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਜੋ ਲੋਕ ਗਵਾਂਢੀ ਰਾਜਾਂ ਤੋਂ ਪੈਟਰੌਲ ਖ੍ਰੀਦਦੇ ਹਨ, ੳਹ ਫਿਰ ਪੰਜਾਬ ਵਿੱਚੋਂ ਹੀ ਪੈਟਰੌਲ ਭਰਵਾਉਣਗੇ, ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ।