ਚੰਡੀਗੜ੍ਹ- ਪੰਜਾਬ ਸਰਕਾਰ ਵਿਦੇਸ਼ਾਂ ਵਿੱਚ ਵਿਆਹ ਦੇ ਬਹਾਨੇ ਠੱਗੀ ਰੋਕਣ ਲਈ ‘ਓਵਰਸੀਜ਼ ਮੈਰਿਜ਼ ਐਕਟ’ ਬਣਾ ਰਹੀ ਹੈ। ਇਹ ਐਕਟ ਇਸੇ ਸਾਲ ਅਗੱਸਤ ਤੱਕ ਤਿਆਰ ਹੋ ਜਾਵੇਗਾ। ਇਸ ਐਕਟ ਦੇ ਬਣਨ ਨਾਲ ਵਿਆਹ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਹੋਣ ਵਾਲੀਆਂ ਮਹਿਲਾਵਾਂ ਨੂੰ ਇਨਸਾਫ਼ ਮਿਲ ਸਕੇਗਾ।
ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿੱਚ ਓਵਰਸੀਜ਼ ਮੈਰਿਜ਼ ਦੇ ਵਿਸ਼ੇ ਤੇ ਆਯੋਜਿਤ ਸੈਮੀਨਾਰ ਦੌਰਾਨ ਇਸ ਦਾ ਐਲਾਨ ਕੀਤਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਵਿਦੇਸ਼ੀ ਲਾੜਿਆਂ ਦੁਆਰਾ ਸਤਾਈਆਂ ਗਈਆਂ ਲੜਕੀਆਂ ਨੂੰ ਕਾਨੂੰਨੀ ਰੱਖਿਆ ਦੇਣਾ ਹੈ। ਪਤਨੀਆਂ ਨੂੰ ਧੋਖਾ ਦੇਣ ਵਾਲੇ ਐਨਆਰਆਈ ਪਤੀਆਂ ਦੇ ਖਿਲਾਫ਼ ਸਖਤ ਕਾਰਵਾਈ ਲਈ ਇਹ ਕਾਨੂੰਨ ਬਣਾਇਆ ਜਾ ਰਿਹਾ ਹੈ। ਪੀੜਤ ਔਰਤਾਂ ਨੂੰ ਕਾਨੂੰਨੀ ਲੜਾਈ ਲੜਨ ਵਾਸਤੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ।
ਪੰਜਾਬ ਮਹਿਲਾ ਆਯੋਗ ਦੇ ਸਰਵਿਆਂ ਅਨੁਸਾਰ ਅਜਿਹੇ 15,000 ਮਾਮਲੇ ਹਨ, ਜਿਨ੍ਹਾਂ ਵਿੱਚ ਵਿਆਹ ਦੇ ਨਾਂ ਤੇ ਵਿਦੇਸ਼ੀ ਪਤੀਆਂ ਵੱਲੋਂ ਠਗੀ ਦਾ ਸਿ਼ਕਾਰ ਹੋਈਆਂ ਲੜਕੀਆਂ ਹਨ। ਇਨ੍ਹਾਂ ਵਿੱਚ ਜਿਆਦਾਤਰ ਅਜਿਹੇ ਕੇਸ ਹਨ, ਜਿਨ੍ਹਾਂ ਵਿੱਚ ਐਨਆਰਆਈਜ਼ ਵਿਆਹ ਕਰਕੇ ਬਿਨਾਂ ਆਪਣੀ ਪਤਨੀ ਨੂੰ ਦਸੇ ਵਾਪਿਸ ਵਿਦੇਸ਼ ਚਲੇ ਗਏ।