ਨਵੀਂ ਦਿੱਲੀ- ਜਨਰਲ ਬਿਕਰਮ ਸਿੰਘ ਨੇ ਦੇਸ਼ ਦੇ ਨਵੇਂ ਸੈਨਾਮੁੱਖੀ ਦੇ ਤੌਰ ਤੇ ਸੈਨਾ ਦੀ ਕਮਾਂਡ ਸੰਭਾਲ ਲਈ ਹੈ। ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਵੀ 27 ਮਹੀਨੇ ਹੋਵੇਗਾ।ਇਸ ਤੋਂ ਪਹਿਲੇ ਜਨਰਲ ਵੀਕੇ ਸਿੰਘ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਹੀ ਫਸੇ ਰਹੇ ਹਨ।
ਜਨਰਲ ਵਿਕਰਮ ਸਿੰਘ ਪਹਿਲੇ ਅਜਿਹੇ ਸੈਨਾ ਮੁੱਖੀ ਹਨ, ਜਿਨ੍ਹਾਂ ਨੇ ਕਿਸੇ ਵੀ ਯੁੱਧ ਵਿੱਚ ਹਿੱਸਾ ਨਹੀਂ ਲਿਆ। ਉਨ੍ਹਾਂ ਨੇ 1972 ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। ਉਹ ਸਿੱਖ ਲਾਈਟ ਇਨਫੈਂਟਰੀ ਦੇ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਪੂਰਬੀ ਕਮਾਂਡ ਦੇ ਕਮਾਂਡਰ ਸਨ।ਉਨ੍ਹਾਂ ਨੇ ਅਮਰੀਕਾ ਦੇ ਵਾਰ ਕਾਲਜ ਤੋਂ ਵੀ ਟਰੇਨਿੰਗ ਪ੍ਰਾਪਤ ਕੀਤੀ ਹੈ। ਰੱਖਿਆ ਮੰਤਰਾਲੇ ਵਿੱਚ ਜਨਰਲ ਵੀਕੇ ਸਿੰਘ ਦੀ ਵਿਦਾਈ ਅਤੇ ਜਨਰਲ ਬਿਕਰਮ ਸਿੰਘ ਦੇ ਅਹੁਦਾ ਸੰਭਾਲਣ ਸਮੇਂ ਉਨ੍ਹਾ ਦੀ ਪਤਨੀ ਸੁਰਜੀਤ ਕੌਰ ਵੀ ਉਸ ਸਮੇਂ ਮੌਜੂਦ ਸੀ। ਜਨਰਲ ਦਾ ਪੁਸ਼ਤੈਨੀ ਪਿੰਡ ਅੰਮ੍ਰਿਤਸਰ ਜਿਲ੍ਹੇ ਵਿੱਚ ਰਈਆ ਦੇ ਕੋਲ ਕਲੇਰ ਘੁਮਾਨ ਹੈ ਪਰ ਉਨ੍ਹਾਂ ਦਾ ਪੂਰਾ ਪਰੀਵਾਰ ਲੰਬੇ ਸਮੇਂ ਤੋਂ ਜੰਮੂ ਵਿੱਚ ਰਹਿ ਰਿਹਾ ਹੈ।