(ਸ਼ਤਾਬਦੀ ਕਮੇਟੀ-ਟਰਾਂਟੋ) ਟਰਾਂਟੋ ਅਤੇ ਆਸ ਪਾਸ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ ਸਾਝੇ ਤੌਰ ਤੇ ਬਣਾਈ ਗਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 2013 ‘ਚ ਗ਼ਦਰ ਪਾਰਟੀ ਦੀ 100ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਡੂੰਘੇ ਉਤਸ਼ਾਹ ਨਾਲ ਸ਼ੁਰੂ ਹਨ। ਗ਼ਦਰ ਸ਼ਤਾਬਦੀ ਕਮੇਟੀ ਵਲੋਂ ਜਿੱਥੇ, ਕੋਰ ਕਮੇਟੀ ਦੀਆਂ ਮਾਸਿਕ ਇਕੱਤ੍ਰਤਾਵਾਂ ਰਾਹੀ 2013 ਲਈ ਵਿਉਂਤੇ ਪ੍ਰੋਗਰਾਮਾਂ ਨੂੰ ਵੱਖੋ ਵੱਖ ਪ੍ਰੌਜੈਕਟਾਂ ਵਜੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਓਥੇ ਹਰ ਮਹੀਨੇ ਇਸ ਵਲੋਂ ਇੱਕ ਜਨਤਕ ਮੀਟਿੰਗ ਵੀ ਆਰੰਭੀ ਗਈ ਹੈ।
ਮਈ 2012 ਦੀ ਜਨਤਕ ਮੀਟਿੰਗ ਦੀ ਸ਼ੁਰੂਆਤ ਸ਼ਤਾਬਦੀ ਕਮੇਟੀ ਦੇ ਸਕੱਤਰ ਉਂਕਾਰਪ੍ਰੀਤ ਵਲੋਂ ਡਾ. ਵਰਿਆਮ ਸਿੰਘ ਸੰਧੂ ਹੁਰਾਂ ਦੀ ਪ੍ਰਧਾਨਗੀ ਹੇਠ, ਹੁਣ ਤੀਕ ਦੀ ਕਾਰਵਾਈ ਦੇ ਵਿਸਥਾਰਪੂਰਵਕ ਵਰਨਣ ਨਾਲ ਹੋਈ। ਉਹਨਾਂ ਦੱਸਿਆ ਕਿ 2013 ਦੇ ਸ਼ਤਾਬਦੀ ਸਮਾਗਮਾਂ ਨੂੰ ਪੰਜ ਪ੍ਰਮੁੱਖ ਭਾਗਾਂ ‘ਚ ਕੀਤਾ ਜਾਵੇਗਾ, ਜਿਹਨਾਂ ਦਾ ਆਰੰਭ ਗਦਰ ਲਹਿਰ ਨੂੰ ਸਮਰਪਿਤ ਵਿਲੱਖਣ ਗਦਰ ਮਾਰਚ ਨਾਲ ਹੋਵੇਗਾ। ਇਹ ਮਾਰਚ ਵਾਈਲਡਵੁੱਡ ਪਾਰਕ (ਮਾਲਟਨ) ਤੋਂ ਇੱਕ ਸੰਖੇਪ ਰੈਲੀ ਨਾਲ ਆਰੰਭ ਹੋ ਕੇ ਗਰੇਟਰ ਪੰਜਾਬ ਪਲਾਜ਼ੇ (ਮਾਲਟਨ) ‘ਚ ਪੁੱਜੇਗਾ ਜਿੱਥੇ ਗਦਰ ਲਹਿਰ ਨੂੰ ਸਮਰਪਿਤ ਇੱਕ ਵਿਸ਼ਾਲ ਰੈਲੀ ਹੋਵੇਗੀ। ਗ਼ਦਰ ਮਾਰਚ ਤੋਂ ਇਲਾਵਾ ਸਾਹਿਤਕ ਪ੍ਰੋਗਰਾਮ, ਨਾਟਕ ਮੇਲਾ, ਬੱਚਿਆਂ ਅਤੇ ਨੌਜਵਾਨਾਂ ਦੇ ਲਿਖਤ ਅਤੇ ਕਲਾ ਮੁਕਾਬਲੇ, ਗ਼ਦਰੀ ਬਾਬਿਆਂ ਦੀ ਲੋਕ-ਪੱਖੀ ਰਾਜਸੀ-ਸਮਾਜੀ ਅਤੇ ਸੈਕੂਲਰ ਵਿਚਾਰਧਾਰਾ ਤੇ ਆਧਾਰਿਤ ਕਾਨਫ਼ਰੰਸ, ਅਤੇ ਡਾਕੂਮੈਂਟਰੀ ਮੁਕਾਬਲੇ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਹੋਣਗੇ। ਉਹਨਾਂ ਨੇ ਇਹਨਾਂ ਪ੍ਰੋਗਰਾਮਾਂ ਦੀ ਵਿਚਾਰਅਧੀਨ ਰੂਪਰੇਖਾ ਦਾ ਖ਼ੁਲਾਸਾ ਕਰਦਿਆਂ ਸਮੂਹ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਗ਼ਦਰੀ ਬਾਬਿਆਂ ਵਾਂਗ ਹੀ ਜਾਤਾਂ-ਪਾਤਾਂ ਅਤੇ ਧਰਮਾਂ ਤੋਂ ਉਪਰ ਉੱਠ ਕੇ ਮਨੁੱਖਤਾ ਦੇ ਹੱਕ ‘ਚ ਅੱਗੇ ਆਉਣ ਅਤੇ ਇਹਨਾਂ ਪ੍ਰੋਗਰਾਮਾਂ ਵਿੱਚ ਤਨ-ਮਨ-ਧਨ ਨਾਲ ਅਪਣਾ ਹਿੱਸਾ ਪਾਉਣ।
ਇਸ ਮੌਕੇ ਉਤਸ਼ਾਹਜਨਕ ਹਾਜ਼ਰੀ ਵਾਲੇ ਇਕੱਠ ਚੋਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਇਹਨਾਂ ਪ੍ਰੋਗਰਾਮਾਂ ਬਾਰੇ ਅਪਣੇ ਵਿਚਾਰ, ਸੁਝਾਅ ਅਤੇ ਪ੍ਰਸ਼ਨ ਸਾਂਝੇ ਕੀਤੇ ਜਿਹਨਾਂ ਤੇ ਉਸਾਰੂ ਵਿਚਾਰ ਵਟਾਂਦਰੇ ਹੋਏ।ਇਸ ਮਹੀਨੇ ਦੀ ਜਨਤਕ ਮੀਟਿੰਗ ਤੋਂ ਗ਼ਦਰ ਲਹਿਰ ਦੇ ਇਤਿਹਾਸ ਬਾਰੇ ਇੱਕ ਭਾਸ਼ਨ / ਪੇਸ਼ਕਸ਼ ਲੜੀ ਦੀ ਸ਼ੁਰੂਆਤ ਕੀਤੀ ਗਈ। ਬਾਰਾਂ ਪੇਸ਼ਕਾਰੀਆਂ ਤੇ ਅਧਾਰਿਤ ਇਸ ਲੜੀ ਰਾਹੀਂ ਗ਼ਦਰ ਲਹਿਰ ਦੇ ਇਤਿਹਾਸ ਨੂੰ ਵੱਖੋ ਵੱਖ ਰੂਪਾਂ ਅਤੇ ਕੋਨਾਂ ਤੋਂ ਵਾਚਣ,ਘੋਖਣ ਅਤੇ ਜਾਨਣ ਦੀ ਕੋਸਿ਼ਸ਼ ਕੀਤੀ ਜਾਵੇਗੀ ਜੋ ਕਿ ਪਰਤਵੇਂ ਰੂਪ ਵਿੱਚ 2013 ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਤੀਕ ਗਦਰ ਲਹਿਰ ਬਾਰੇ ਇੱਕ ਪੁਖਤਾ ਲੋਕ-ਸੂਝ ਅਤੇ ਜਾਣਕਾਰੀ ਮੁਹੱਈਆ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਡੂੰਘੇ ਜਨਤਕ ਉਤਸ਼ਾਹ ਵਾਲਾ ਬਣਾਵੇਗੀ।
ਇਸ ਲੜੀ ਦੀ ਸ਼ੁਰੂਆਤ ਕਰਨ ਲਈ ਡਾ. ਵਰਿਆਮ ਸਿੰਘ ਸੰਧੂ ਨੂੰ ਮੰਚ ਤੇ ਬੁਲਾਇਆ ਗਿਆ, ਜਿਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਅਪਣੇ ਵਿਲੱਖਣ ਅੰਦਾਜ਼ ‘ਚ ਅਪਣੇ ਵਿਚਾਰ ਸਾਂਝੇ ਕੀਤੇ। ਖਚਾਖਚ ਭਰੇ ਸੇਖੋਂ ਹਾਲ ਵਿੱਚ ਇਤਿਹਾਸ ਦੇ ਅਸਲੀ ਅਤੇ ਸਹੀ ਉਸੱਰੀਆਂ ਦੇ ਸੰਦਰਭ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਹਵਾਲੇ ਨਾਲ ਇਹ ਭਾਸ਼ਨ ਏਨੇ ਬੱਝਵੇਂ ਪ੍ਰਭਾਵ ਵਾਲਾ ਸੀ ਕਿ ਸਰੋਤੇ ਅਪਣੇ ਆਪ ਨੂੰ ਉਹਨਾਂ ਇਤਿਹਾਸਕ ਪਲਾਂ ‘ਚ ਵਿਚਰਦੇ ਅਤੇ ਜੀਉਂਦੇ ਮਹਿਸੂਸ ਕਰ ਰਹੇ ਸਨ।
ਡਾ. ਵਰਿਆਮ ਸਿੰਘ ਸੰਧੂ ਹੁਰਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭੇ ਬਾਰੇ ਹੁਣ ਤੀਕ ਜਾਣੇ ਜਾਂਦੇ ਸੀਮਤ ਜਿਹੇ ਇਤਿਹਾਸ ਵਿੱਚ ਅਪਣੀ ਖੋਜ ਅਤੇ ਪ੍ਰਤਿਭਾ ਦੇ ਰਾਹੀਂ ਬਹੁਤ ਸਾਰੇ ਹੋਰ ਵਿਸਥਾਰ ਜੋੜੇ ਅਤੇ ਹੁਣ ਤੀਕ ਲੁਕੇ ਰਹੇ ਕਈ ਪੱਖ ਉਜਾਗਰ ਕਰਕੇ ਅਪਣੇ ਇਸ ਭਾਸ਼ਨ ਨੂੰ ਇਤਿਹਾਸਕ ਮਹੱਤਤਾ ਵਾਲਾ ਬਣਾ ਦਿੱਤਾ। ਉਹਨਾਂ ਨੇ ਸਥਾਪਤ ਤਾਕਤਾਂ ਵੱਲੋਂ ਹਾਸ਼ੀਏ ‘ਤੇ ਧੱਕ ਦਿੱਤੇ ਗਏ ਇਨਕਲਾਬੀ ਇਤਿਹਾਸ ਨੂੰ ਲਿਖਣ, ਸਾਂਭਣ ਤੇ ਪ੍ਰਚਾਰਨ ਦੀਆਂ ਸੀਮਾਵਾਂ, ਸਮੱਸਿਆਵਾਂ ਤੇ ਜ਼ਰੂਰਤਾਂ ਵੱਲ ਧਿਆਨ ਦਿਵਾਉਂਦਿਆਂ ਵਿਸ਼ੇਸ਼ ਤੌਰ ‘ਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਬਹੁਮੁਖੀ ਇਨਕਲਾਬੀ ਪ੍ਰਤਿਭਾ ਤੇ ਉਹਦੀ ਸ਼ਖਸੀਅਤ ਦੇ ਵਿਭਿਨ ਰੰਗਾਂ ਬਾਰੇ ਰੌਸ਼ਨੀ ਪਾਈ ਤੇ ਦੱਸਿਆ ਕਿ ਸਰਾਭਾ ਅਮਰੀਕਾ ਵਿਚ ਗ਼ਦਰ ਪਾਰਟੀ ਦੇ ਫ਼ੌਜੀ ਵਿੰਗ ਦਾ ਕਮਾਂਡਰ ਬਣਕੇ ਹਵਾਈ ਜਹਾਜ਼ ਚਲਾਉਣ ਦੀ ਟਰੇਨਿੰਗ ਲੈਣ ਵਾਲਾ ਪਹਿਲਾ ਭਾਰਤੀ ਹਵਾਈ ਚਾਲਕ ਹੈ। ਉਹਨਾਂ ਉਸਦੀ ਡੂੰਘੀ ਇਤਿਹਾਸਕ ਸੂਝ, ਕੰਮ ਕਰਨ ਦੀ ਲਗਨ ਤੇ ਦ੍ਰਿੜ੍ਹਤਾ ਦਾ ਬਿਆਨ ਕਰਦਿਆਂ ਉਸਦੀ ਕਲਾਕਾਰੀ ਤੇ ਚਿਤਰਕਾਰੀ ਪ੍ਰਤਿਭਾ ਵੱਲ ਧਿਆਨ ਦਿਵਾ ਕੇ ਦੱਸਿਆ ਕਿ ਗ਼ਦਰ ਪਾਰਟੀ ਦਾ, ਗਲੇ ਮਿਲਦੀਆਂ ਦੋ ਤਲਵਾਰਾਂ ਵਾਲਾ, ਝੰਡਾ ਵੀ ਸਰਾਭੇ ਦਾ ਡੀਜ਼ਾਈਨ ਕੀਤਾ ਹੋਇਆ ਸੀ। ਉਹ ‘ਗ਼ਦਰ’ ਅਖ਼ਬਾਰ ਵਿਚ ਸੰਪਾਦਕੀ ਵੀ ਲਿਖਦਾ ਤੇ ਜੋਸ਼ੀਲੀਆਂ ਕਵਿਤਾਵਾਂ ਵੀ। ਹੋਰਨਾਂ ਦੀਆਂ ਲਿਖਤਾਂ ਦਾ ਪੰਜਾਬੀ ਵਿਚ ਉਲਥਾ ਕਰਨ ਤੋਂ ਇਲਾਵਾ ਉਹ ਅਖ਼ਬਾਰ ਛਾਪਣ ਦਾ ਕੰਮ ਵੀ ਹੱਥੀਂ ਕਰਦਾ। ਇਹ ਵੀ ਸਰਾਭਾ ਹੀ ਸੀ ਜਿਹੜਾ ਉਹਨਾਂ ਸਮਿਆਂ ਵਿਚ ਵੀ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਲਈ ਮੀਡੀਆ ਤੇ ਪ੍ਰੈਸ ਦੇ ਮਹੱਤਵ ਤੋਂ ਜਾਣੂ ਸੀ ਤੇ ‘ਗ਼ਦਰ’ ਅਖ਼ਬਾਰ ਸ਼ੁਰੂ ਕਰਨ ਦਾ ਸੁਝਾਅ ਵੀ ਉਸਨੇ ਹੀ ਦਿੱਤਾ ਸੀ। ਉਹ ਪੰਜਾਬੀ ਦਾ ਪਹਿਲਾ ਪਰਵਾਸੀ ਪੱਤਰਕਾਰ ਸੀ ਤੇ ਦੇਸ਼ ਵਿਚ ਸ਼ਹੀਦ ਹੋਣ ਵਾਲਾ ਪਹਿਲਾ ਲੇਖਕ ਤੇ ਪੱਤਰਕਾਰ ਵੀ। ਸਰਾਭਾ ਇਨਕਲਾਬ ਲਈ ਪੰਜਾਬੀ ਤੇ ਹੋਰ ਦੇਸੀ ਭਾਸ਼ਾਵਾਂ ਦੇ ਲੋਕ-ਮਹੱਤਵ ਦਾ ਜਾਣੂ ਸੀ ਤੇ ਉਸਨੇ ਗ਼ਦਰ ਦੇ ਪਹਿਲੇ ਅੰਕ ਵਿਚ ਹੀ ਪਹਿਲੀਆਂ ਸਤਰਾਂ ਵਿਚ ਹੀ ਲਿਖਿਆ ਕਿ ‘ਅੱਜ ਅੰਗਰੇਜ਼ ਰਾਜ ਦੇ ਵਿਰੁਧ ਪਰਦੇਸਾਂ ਵਿਚੋਂ ਦੇਸੀ ਜ਼ਬਾਨਾਂ ਵਿਚ ਜੰਗ ਛਿੜਦੀ ਹੈ।’ ਡਾ ਸੰਧੂ ਦਾ ਮੱਤ ਸੀ ਕਿ ਜੇ ਬਾਬਿਆਂ ਦਾ ਰਾਜ ਆਉਂਦਾ ਤਾਂ ਹੋਰਨਾਂ ਗੱਲਾਂ ਦੇ ਨਾਲ ਨਾਲ ਅੰਗਰੇਜੀ ਦੇ ਪੈਰਾਂ ਵਿਚ ਰੁਲਦੀ ਸਾਡੀ ਜ਼ਬਾਨ ਦਾ ਇਹ ਮਾੜਾ ਹਾਲ ਨਾ ਹੁੰਦਾ। ਇਹ ਵੀ ਸਰਾਭਾ ਹੀ ਸੀ ਜਿਸਨੇ ਅਮਰੀਕਾ ਵਿਚ ਵੱਸਦੇ ਦੂਜੇ ਭਾਰਤੀ ਸੂਬਿਆਂ ਦੇ ਨੌਜਵਾਨਾਂ ਨਾਲ ਰਾਬਤਾ ਬਣਾ ਕੇ ਉਹਨਾਂ ਨੂੰ ਲਹਿਰ ਨਾਲ ਜੋੜਿਆ ਤੇ ਹਿੰਦੁਸਤਾਨ ਵਿਚ ਆ ਕੇ ਬੰਗਾਲੀ ਤੇ ਹੋਰ ਇਨਕਲਾਬੀਆਂ ਨਾਲ ਸੰਪਰਕ ਕਾਇਮ ਕਰਕੇ ਦੇਸ਼-ਵਿਆਪੀ ਗ਼ਦਰ ਕਰਨ ਦੀ ਯੋਜਨਾ ੳਲੀਕੀ ਸੀ। । ਦੇਸ਼ ਵਿਚ ਤਾਂ ਉਹ ਇਕਤਰ੍ਹਾਂ ਨਾਲ ਪਾਰਟੀ ਦਾ ਸਰਵਪ੍ਰਵਾਨਤ ਆਗੂ ਬਣ ਗਿਆ ਸੀ ਜਿਸਦੇ ਹੁਕਮਾਂ ਨੂੰ ਮੰਨਣ ਵਿਚ ਭਾਈ ਰਣਧੀਰ ਸਿੰਘ ਜਿਹੇ ਵਡੇਰੀ ਉਮਰ ਵਾਲੇ ਤੇ ਵੱਧ ਸਿਖਿਅਤ ਇਨਕਲਾਬੀ ਵੀ ਮਾਣ ਸਮਝਦੇ ਸਨ। ਸਰਾਭੇ ਦੀ ਨਿਡਰਤਾ, ਬਹਾਦਰੀ ਤੇ ਕੁਰਬਾਨ ਹੋ ਜਾਣ ਦੇ ਅਨੇਕਾਂ ਇਤਿਹਾਸਕ ਤੇ ਜੀਵੰਤ ਹਵਾਲੇ ਦੇ ਕੇ ਵਰਿਆਮ ਸਿੰਘ ਸੰਧੂ ਹੁਰਾਂ ਸਰਾਭੇ ਦੀ ਸਰਵ-ਪ੍ਰਵਾਨਤ ‘ਜਰਨੈਲੀ ਪ੍ਰਤਿਭਾ’ ਦਾ ਜਲੌਅ ਖੇੜੇ ਵਿਚ ਲੈ ਆਂਦਾ।
ਡਾ. ਸੰਧੂ ਹੁਰਾਂ ਦੇ ਸੰਬੋਧਨ ਤੋਂ ਬਾਅਦ ਕੈਲੇਫੋਰਨੀਆਂ ਤੋਂ ਪੁੱਜੇ ਸ:ਗੁਰਦੀਪ ਸਿੰਘ ਅਣਖੀ ਨੇ ਅਪਣੇ ਵਿਚਾਰ ਰੱਖੇ। ਉਹਨਾਂ ਨੇ ਜਿੱਥੇ ਗਦਰ ਸ਼ਤਾਬਦੀ ਕਮੇਟੀ ਟਰਾਂਟੋ ਦੇ 2013 ਸਬੰਧੀ ਸਮਾਗਮਾਂ ਲਈ ਆਰੰਭੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਅਤੇ ਪ੍ਰੋੜਤਾ ਕੀਤੀ ਓਥੇ ਅਪਣੇ ਵਲੋਂ ਅਤੇ ਉਹਨਾਂ ਦੀ ਅਗਵਾਈ ‘ਚ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਗਦਰੀ ਮੇਲੇ ਦੀ ਕਮੇਟੀ ਵਲੋਂ ਹਰ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ। ਅਣਖੀ ਹੁਰਾਂ ਨੇ ਹਾਜ਼ਰ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਗਦਰ ਲਹਿਰ ਦੇ ਮੱਕੇ ਯੁਗਾਂਤਰ ਆਸ਼ਰਮ (ਕੈਲੇਫੋਰਨੀਆਂ) ਨੂੰ ਭਾਰਤੀ ਸਰਕਾਰ ਵਲੋਂ ਲਾ ਦਿੱਤੇ ਗਏ ਜਿੰਦਰੇ ਨੂੰ ਖੁਲਵਾਉਣ ਅਤੇ ਗਦਰੀ ਯੋਧਿਆਂ ਦੇ ਇਸ ਮਹਾਨ ਅਸਥਾਨ ਨੂੰ ਜਨਤਕ ਬਣਾਉਣ ਅਤੇ ਇਸਦਾ ਕੰਟਰੋਲ ਲੋਕ-ਪੱਖੀ ਸਫ਼ਾਂ ਦੇ ਹੱਥ ‘ਚ ਲਿਆਉਣ ਲਈ ਉਹਨਾਂ ਵਲੋਂ ਕੀਤੇ ਜਾ ਰਹੇ ਯਤਨਾਂ ‘ਚ ਭਰਪੂਰ ਯੋਗਦਾਨ ਪਾਉਣ।ਇਸ ਮੌਕੇ ਐਨ.ਡੀ.ਪੀ. ਮੈਂਬਰ ਪਾਰਲੀਮੈਂਟ ਸ੍ਰੀ ਜਸਬੀਰ ਸਿੰਘ ਸੰਧੂ ਹੁਰਾ ਵਲੋਂ ਕੈਨੇਡੀਅਨ ਪਾਰਲੀਮੈਂਟ ‘ਚ ਰੱਖੀ ਗਈ ਪਟੀਸ਼ਨ ਤੇ ਸਾਈਨ ਵੀ ਕੀਤੇ ਗਏ।
ਸਾਕਾ ਕਾਮਾਗਾਟਾਮਾਰੂ ਰੂਪ ‘ਚ ਸਮੁੱਚੀ ਭਾਰਤੀ ਕਮਿਊਨਟੀ ਨਾਲ ਕੀਤੀ ਗਈ ਵਧੀਕੀ ਅਤੇ ਬੇਪਤੀ ਲਈ ਕੈਨੇਡਅਨ ਪਾਰਲੀਮੈਂਟ ਵਲੋਂ ਸਰਕਾਰੀ ਤੌਰ ਤੇ ਮੁਆਫ਼ੀ ਮੰਗਣ ਹਿੱਤ ਲਿਆਂਦੀ ਗਈ ਇਸ ਪਟੀਸ਼ਨ ਨੂੰ ਪੇਸ਼ ਕਰਨ ਲਈ ਗਦਰ ਸ਼ਤਾਬਦੀ ਕਮੇਟੀ ਜਿੱਥੇ ਸ੍ਰੀ ਜਸਬੀਰ ਸੰਧੂ ਦੀ ਸ਼ਲਾਘਾ ਕਰਦੀ ਹੈ ਓਥੇ ਸਤਾਧਾਰੀ ਪਾਰਟੀ ਮੈਂਬਰਾਂ ਸ੍ਰੀ ਟਿਮ ਉੱਪਲ,ਬਲ ਗੋਸਲ,ਦੇਵਿੰਦਰ ਸ਼ੋਰੀ,ਦੀਪਕ ਉਬਰਾਏ ਅਤੇ ਪਰਮ ਗਿੱਲ ਵਲੋਂ ਇਸਦਾ ਵਿਰੋਧ ਕੀਤੇ ਜਾਣ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਸ਼ਤਾਬਦੀ ਕਮੇਟੀ ਵਲੋਂ ਇਹ ਗੱਲ ਜ਼ੋਰ ਨਾਲ ਕਹੀ ਜਾਂਦੀ ਹੈ ਕਿ ਭਾਰਤੀ ਭਾਈਚਾਰੇ ਦੇ ਸਮੂਹ ਮੈਂਬਰ ਜਿਸ ਵੀ ਕਿਸੇ ਪੱਧਰ ਤੇ ਕੈਨੇਡਾ ਦੀ ਧਰਤੀ ਤੇ ਮਾਣ ਨਾਲ ਵਿਚਰ ਰਹੇ ਹਨ ਉਹ ਸਿਰਫ਼ ਤੇ ਸਿਰਫ਼ ਗਦਰੀ ਬਾਬਿਆਂ ਦੀ ਅਣਥੱਕ ਅਤੇ ਲਹੂ-ਪਸੀਨੇ ਭਰੀ ਜੱਦੋ-ਜਹਿਦ ਦਾ ਫ਼ਲ ਹੈ। ਅੱਜ ਉਹਨਾ ਦੇ ਪੁੱਤ-ਧੀਆਂ ਤਦ ਹੀ ਸਪੁੱਤਰ ਅਖਵਾ ਸਕਦੇ ਹਨ ਜੇਕਰ ਉਹ ਬਾਬਿਆਂ ਦੀ ਕੀਤੀ ਘਾਲਣਾ ਨੂੰ ਦਿਲੋਂ ਯਾਦ ਰੱਖਦੇ ਹਨ ਨਹੀਂ ਤਾ ਅਜਿਹੇ ਲੋਕਾਂ ਦਾ ਨਾਮ ਇਤਿਹਾਸ ‘ਚ ਬੇਲਾ ਸਿੰਘ ਅਤੇ ਕਿਰਪਾਲ ਸਿੰਘ ਵਰਗੇ ਗਦਾਰਾਂ ਅਤੇ ਅਕ੍ਰਿਤਘਣਾ ਦੀ ਸੂਚੀ ਵਿੱਚ ਹੀ ਦਰਜ ਹੋਵੇਗਾ। ਸਮੂਹ ਹਾਜ਼ਰ ਮੈਂਬਰਾਂ ਵਲੋਂ ਇਸ ਪਟੀਸ਼ਨ ਤੇ ਦਸਤਖਤ ਕਰਨ ਦੇ ਨਾਲ ਨਾਲ ਸ਼ਤਾਬਦੀ ਕਮੇਟੀ ਸਮੂਹ ਭਾਰਤੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਪਟੀਸ਼ਨ ਨੂੰ ਸਾਈਨ ਕਰਕੇ ਗਦਰੀ ਬਾਬਿਆਂ ਦੇ ਸਪੁੱਤਰ ਹੋਣ ਦਾ ਪਤਾ ਦੇਣ।
ਤਕਰੀਬਨ ਤਿੰਨ ਘੰਟੇ ਚੱਲੇ ਇਸ ਇਤਿਹਾਸਕ ਸਮਾਗਮ ਦੀ ਸਮਾਪਤੀ ਤੇ ਦੱਸਿਆ ਗਿਆ ਕਿ ਸ਼ਤਾਬਦੀ ਕਮੇਟੀ ਵਲੋਂ ਅਗਲਾ ਜਨਤਕ ਸਮਾਗਮ 24 ਜੂਨ 2012 ਨੂੰ ਸੇਖੋਂ ਹਾਲ ਵਿਖੇ ਹੀ ਸ਼ਾਮੀਂ 3 ਵਜੇ ਆਰੰਭ ਹੋਵੇਗਾ ਅਤੇ ਇਸ ਵਿੱਚ 2013 ਦੇ ਪ੍ਰੋਗਰਾਮਾਂ ਸਬੰਧੀ ਵਿਚਾਰਾਂ ਤੋਂ ਇਲਾਵਾ ਸ੍ਰੀ ਕੁਲਵਿੰਦਰ ਖਹਿਰਾ, ਗਦਰ ਲਹਿਰ ਦੇ ਅਣਖੀ ਯੋਧੇ ਸ਼ਹੀਦ ਮੇਵਾ ਸਿੰਘ ਹੁਰਾਂ ਬਾਰੇ ਅਪਣੀ ਖਾਸ ਪੇਸ਼ਕਾਰੀ ਕਰਨਗੇ।