ਸੁਖਦੀਪ ਲਾਇਬਰੇਰੀ ਨੂੰ ਜਾਣ ਲਈ ਗਲੀ ਦਾ ਪਹਿਲਾ ਮੋੜ ਹੀ ਮੁੜਿਆ ਸੀ ਕਿ ਉਸ ਨੂੰ ਲੋਕਾਂ ਦੀਆਂ ਉੱਚੀਆਂ ਨੀਵੀਆਂ ਅਵਾਜ਼ਾਂ ਸੁਣੀਆਂ। ਜਿਧਰੋਂ ਅਵਾਜ਼ਾਂ ਆ ਰਹੀਆਂ ਸਨ, ਉਸ ਨੇ ਉਧਰ ਦੇਖਿਆ ਕਿ ਸੱਜੇ ਕੋਨੇ ਵਾਲੇ ਮੰਦਿਰ ਅੱਗੇ ਲੋਕ ਇਕੱਠੇ ਹੋਏ ਉੱਚੀ ਉੱਚੀ ਬੋਲ ਰਹੇ ਸਨ। ਉਹਨਾਂ ਵਿਚ ਹਿੰਦੂ ਘੱਟ ਅਤੇ ਸਿੱਖ ਜ਼ਿਆਦਾ ਸਨ।ਪਹਿਲਾਂ ਤਾ ਉਸ ਨੂੰ ਖੁੱਸ਼ੀ ਹੋਈ ਚਲੋ ਦੋ ਧਰਮਾਂ ਦੇ ਲੋਕ ਇਕ ਥਾਂ ਇਕੱਠੇ ਤਾਂ ਦੇਖੇ।“ ਵੈਸੇ ਧਰਮ ਤਾਂ ਸਾਰੇ ਹੀ ਪਿਆਰ ਨਾਲ ਮਿਲ ਕੇ ਰਹਿਣਾ ਹੀ ਦੱਸਦੇ ਨੇ।” ਉਸ ਦੇ ਦਿਲ ਵਿਚੋਂ ਅਵਾਜ਼ ਆਈ, “ ਧਰਮਾਂ ਨੂੰ ਪੂਜਣ ਵਾਲੇ ਹੀ ਕੁੱਝ ਕੁ ਲੋਕ ਐਸੇ ਵੀ ਹੁੰਦੇ ਨੇ ਜੋ ਧਰਮਾਂ ਵਿਚ ਹੀ ਲੜਾਈ ਕਰਾਉਣ ਲੱਗ ਜਾਂਦੇ ਨੇ।” ਇਸ ਤਰਾਂ ਦੀਆਂ ਗੱਲਾਂ ਸੋਚਦਾ ਸੁਖਦੀਪ ਲਾਇਬਰੇਰੀ ਦੀ ਥਾਂ ਮੰਦਰ ਵੱਲ ਨੂੰ ਤੁਰ ਪਿਆ।
“ਸਭ ਤੋਂ ਵੱਡੀ ਤਾਂ ਇਸਦੀ ਗੱਲਤੀ ਹੈ, ਜੋ ਇਹ ਸਿੱਖ ਹੋ ਕੇ ਮੰਦਰ ਵਿਚ ਆਇਆ।” ਕਾਲੀ ਜੈਕਟ ਅਤੇ ਕਾਲੀ ਪੱਗ ਵਾਲਾ ਸਰਦਾਰ ਕਹਿ ਰਿਹਾ ਸੀ, “ ਉਸ ਤਰਾਂ ਇਹ ਸਿੱਖ ਧਰਮ ਦਾ ਵੱਡਾ ਪ੍ਰਚਾਰਕ ਆ, ਪਰ ਇਸ ਨੂੰ ਇਹ ਨਹੀ ਪਤਾ ਕਿੱਥੇ ਜਾਣਾ ਚਾਹੀਦਾ ਹੈ ਕਿੱਥੇ ਨਹੀ।”
“ਭਾਈ ਸਾਹਿਬ, ਇਹ ਸਿੱਖ ਕੌਮ ਦੀ ਜਾਣੀ-ਪਹਿਚਾਣੀ ਸਖਸ਼ੀਅਤ ਆ।” ਕੋਲ ਖੜੇ ਬਜ਼ੁਰਗ ਬੰਦੇ ਨੇ ਕਿਹਾ, “ ਤੁਸੀਂ ਘੱਟ ਤੋਂ ਘੱਟ ਰਸਪੈਕਟ ਨਾਲ ਤਾਂ ਬੋਲੋ।”
“ਗੱਲ ਕੀ ਹੋਈ।” ਸੁਖਦੀਪ ਨੇ ਕੋਲ ਖੱੜੇ ਬੰਦੇ ਕੋਲੋ ਪੁੱਛਿਆ, “ਰੌਲ੍ਹਾ ਕਿਸ ਗੱਲ ਦਾ ਪੈ ਰਿਹਾ ਆ।”
“ਗੱਲ ਤਾਂ ਕੋਈ ਵੱਡੀ ਨਹੀਂ ਆ।” ਇਕ ਕਲੀਨ ਸ਼ੇਵ ਅਤੇ ਅੱਧਖੜ ਉਮਰ ਦੇ ਬੰਦੇ ਨੇ ਕਿਹਾ, “ ਤਹਾਨੂੰ ਪਤਾ ਹੀ ਹੋਵੇਗਾ ਕਿ ਇਸ ਸ਼ਹਿਰ ਵਿਚ ਭਾਈ ਦਲਬੀਰ ਸਿੰਘ ਕਥਾ ਵਾਚਕ ਆਏ ਹੋਏ ਨੇ।”
“ਹਾਂ ਹਾਂ।” ਸੁਖਦੀਪ ਨੇ ਚਾਅ ਨਾਲ ਕਿਹਾ, “ ਕੱਲ ਹੀ ਰੇਡੀਉ ਤੋਂ ਉਹਨਾਂ ਦੀ ਕਥਾ ਸੁੱਣੀ ਸੀ, ਕਮਾਲ ਦੀ ਕਥਾ ਕਰਦੇ ਨੇ।”
“ਕਮਾਲ ਦੀ ਕਥਾ ਕਰਦੇ ਕਰਕੇ ਤਾਂ ਇਹ ਰੌਲ੍ਹਾ ਪਿਆ।” ਬੰਦੇ ਨੇ ਦੱਸਿਆ, “ ਉਹ ਹੁਣ ਇਸ ਟਾਈਮ ਮੰਦਰ ਵਿਚ ਕਥਾ ਕਰ ਰਹੇ ਨੇ।”
“ਅੱਛਾ।” ਸੁਖਦੀਪ ਨੇ ਹੈਰਾਨ ਹੁੰਦੇ ਕਿਹਾ, “ ਉਹ ਮੰਦਿਰ ਵਿਚ ਕਥਾ ਕਰ ਲੈਂਦੇ ਨੇ, ਮੈ ਮੰਦਿਰ ਦੇ ਅੰਦਰ ਜਾ ਕੇ ਦੇਖ ਆਉਂਦਾ ਹਾਂ।”
ਸੁਖਦੀਪ ਮੰਦਿਰ ਦੇ ਬੂਹੇ ਕੋਲ ਖੜ੍ਹਾ ਹੀ ਸੀ ਕਿ ਉਸ ਦੇ ਪਿੱਛੇ ਹੀ ਪੰਜ-ਦਸ ਬੰਦੇ ਨਾਅਰੇ ਲਾਉਂਦੇ ਹੋਏ, “ਭਾਈ ਦਲਬੀਰ ਸਿੰਘ ਮੁਰਦਾਬਾਦ।” ਕਰਦੇ ਨਾਲ ਜਾ ਰਲੇ।ਸੁਖਦੀਪ ਨੇ ਉਹਨਾਂ ਅੱਗੇ ਬੇਨਤੀ ਕੀਤੀ, “ਭਰਾਵੋ, ਰੋਲਾ ਪਾਉਣ ਤੋਂ ਪਹਿਲਾਂ ਗੱਲ ਦੀ ਤਹਿ ਤੱਕ ਜਾਈਦਾ, ਸ਼ਾਂਤ ਹੋ ਜਾਵੋ ਪਹਿਲਾਂ ਦੇਖਦੇ ਹਾਂ ਕਿ ਅੰਦਰ ਹੋ ਕੀ ਰਿਹਾ ਹੈ।”
ਸਾਰਿਆ ਨੂੰ ਸੁਖਦੀਪ ਸਿੰਘ ਦੀ ਗੱਲ ਚੰਗੀ ਲੱਗੀ ਲੱਗਦੀ ਸੀ, ਕਿਉਂਕਿ ਉਹ ਸਾਰੇ ਹੀ ਚੁੱਪ ਹੋ ਗਏ ਅਤੇ ਥੋੜਾ ਜਿਹਾ ਅੱਗੇ ਹੋ ਕੇ ਮੰਦਿਰ ਦੀ ਸਟੇਜ ਵੱਲ ਦੇਖਣ ਲੱਗੇ। ਭਾਈ ਦਲਬੀਰ ਸਿੰਘ ਹੋਰੀ ਕਹਿ ਰਹੇ ਸਨ, “ਆਪ ਜੀ ਦੇ ਧਰਮ ਵਿਚ ਮੰਤਰਾਂ ਨੂੰ ਬੜ੍ਹੀ ਮਹੱਤਤਾ ਦਿੱਤੀ ਜਾਂਦੀ ਹੈ ਜੋ ਆਪ ਜੀ ਦੇ ਧਰਮ ਦੇ ਅਨੁਸਾਰ ਠੀਕ ਵੀ ਹੋਵੇਗੀ, ਪਰ ਗੁਰੂ ਗੋਬਿੰਦ ਸਿੰਘ ਇਹਨਾਂ ਮੰਤਰਾਂ ਬਾਰੇ ਕਹਿੰਦੇ ਨੇ,
‘ਨਮੋ ਮੰਤ੍ਰ ਮੰਤੰ੍॥ਨਮੋ ਜੰਤ੍ਰ ਜੰਤੰ੍॥
ਪਾਣੀ ਤੇ ਚੱਲਣਾ, ਅੱਗ ਖਾ ਲੈਣੀ, ਉਮਰ ਵੱਡੀ ਕਰ ਲੈਣੀ ਤੇ ਗਗਨ ਮੰਡਲ ਵਿਚ ਸੂਖਮ ਬਣ ਉਡਣਾ, ਇਹ ਆਮ ਪ੍ਰਚਲਿਤ ਸਿੱਧੀਆਂ ਸਨ।ਗੁਰੂ ਜੀ ਪਾਣੀ ਤੇ ਚੱਲਣ ਵਾਲੇ ਨੂੰ ਜਲ ਜੁਲਾਹਾ ਆਖਦੇ ਨੇ,ਇੱਕ ਤਰ੍ਹਾਂ ਦਾ ਪਾਣੀ ‘ਤੇ ਚੱਲਣ ਵਾਲਾ ਛੋਟਾ ਜਾਨਵਰ।ਜ਼ਿੰਦਗੀ ਦਾ ਅੱਧਾ ਭਾਗ ਇਹਨਾਂ ਫੋਕੀਆਂ ਸਿਧੀਆਂ ਹਾਸਲ ਕਰਨ ਵਿਚ ਗਵਾਉਣਾ ਸਿਆਣਪ ਨਹੀਂ-
ਜਲ ਕੇ ਤਰੱਈਆ ਕੋ ਰੰਗੇਰੀ ਸੀ ਕਹਿਤ ਜੱਗ, ਆਗ ਕੇ ਭਛਯਾ ਸੋ ਚਕੋਰ ਸਮ ਜਾਨੀਐ॥
ਪਿਛਲੀ ਤੁਕ ਅਜੇ ਭਾਈ ਜੀ ਹੋਰਾਂ ਦੇ ਮੂੰਹ ਵਿਚ ਹੀ ਸੀ ਕਿ ਸਾਹਮਣੇ ਬੈਠੇ ਸਤਸੰਗੀਆਂ ਵਿਚੋਂ ਇਕ ਬੰਦਾ ਉੱਠ ਕੇ ਬੋਲਣ ਲੱਗ ਪਿਆ, “ ਆਪ ਹਮਾਰੇ ਦਰਮ (ਧਰਮ) ਕੀ ਬੇਇਜ਼ੱਤੀ ਨਹੀ ਕਰ ਸਕਤੇ।” ਉਸ ਦੀ ਗੱਲ ਸੁਣ ਕੇ ਦੋ ਹੋਰ ਬੰਦੇ ਜੋ ਸ਼ਾਂਤੀ ਨਾਲ ਕਥਾ ਸੁੱਣ ਰਹੇ ਸਨ ਉਹ ਵੀ ਖੱੜੇ ਹੋ ਕੇ ਬੋਲਣ ਵਾਲੇ ਬੰਦੇ ਦੀ ਹਾਂ ਵਿਚ ਹਾਂ ਮਿਲਾਉਣ ਲੱਗ ਪਏ, ਪਰ ਛੇਤੀ ਹੀ ਇਕ ਹੋਰ ਬੰਦਾ ਜੋ ਸਟੇਜ ਦੇ ਅੱਗੇ ਹੀ ਬੈਠਾ ਸੀ ਉੱਠ ਕੇ ਕਹਿਣ ਲੱਗਾ, “ ਭਾਈ ਜਾਣ ਦਿਓ ਬਾਤ ਕਾ ਬਤੰਗੜ ਬਣਾ ਰਹੇ ਹੋ, ਭਾਈ ਸਾਹਿਬ ਨੇ ਹਮਾਰੇ ਦਰਮ (ਧਰਮ) ਕੋ ਕੋਈ ਗਾਲੀ ਤੋ ਨਹੀਂ ਨਿਕਾਲਾ ਜਿਸ ਸੇ ਦਰਮ (ਧਰਮ) ਕੀ ਬੇਇੱਜ਼ਤੀ ਹੋ ਗਿਆ।ਵੁਹ ਤੋ ਜਿਹ ਹੀ ਬਤਾ ਰਹੇ ਥੇ ਕਿ ਆਪ ਐਸੇ ਸੋਚਤੇ ਹੋ, ਹਮ ਐਸੇ ਸੋਚਤੇ ਹਾਂ।”
“ਹਾ ਇਹ ਹੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।” ਦਲਬੀਰ ਸਿੰਘ ਨੇ ਕਿਹਾ, “ ਹਰ ਧਰਮ ਵਿਚ ਵਿਸ਼ੇਸ਼ਤਾ ਹੈ, ਵਿਸ਼ੇਸ਼ਤਾ ਨੂੰ ਗ੍ਰਹਿਣ ਕਰਨ ਵਾਲਾ ਹੀ ਅਸਲੀ ਧਰਮੀ ਹੈ।”
“ਇਹ ਹੀ ਬੰਦਾ ਆ।” ਸੁਖਦੀਪ ਦੇ ਕੋਲ ਖੜ੍ਹਿਆਂ ਵਿਚੋਂ ਇਕ ਨੇ ਕਿਹਾ, “ ਜਿਹੜਾ ਭਾਈ ਜੀ ਨੂੰ ਮੰਦਰ ਵਿਚ ਲੈ ਕੇ ਗਿਆ।”
ਬਾਕੀ ਸੁੱਣਨ ਵਾਲਿਆਂ ਨੇ ਕਹਿ ਕਹਾ ਕੇ ਚਲਦੀ ਕਥਾ ਵਿਚ ਵਿਘਨ ਪਾਉਣ ਵਾਲੇ ਨੂੰ ਬੈਠਾ ਦਿੱਤਾ ਅਤੇ ਕਥਾ ਦੁਆਰਾ ਚੱਲ ਪਈ। ਭਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਤੱਕ ਲੈ ਗਏ ਕਿਵੇਂ ਉਹਨਾਂ ਆਪਣਾ ਸੀਸ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ।
“ਹਮੇ ਤੋਂ ਪਤਾ ਹੀ ਨਹੀਂ ਥਾ ਕਿ ਗਰੂ ਤੇਗ ਬਹਾਦਰ ਜੀ ਨੇ ਹਮੇ ਬਚਾਇਆ ਥਾ।” ਦਰਵਾਜ਼ੇ ਦੇ ਕੋਲ ਹੀ ਬੈਠੀ ਇਕ ਕਿਛੋਰ ਜਿਹੀ ਉਮਰ ਦੀ ਲੜਕੀ ਆਪਣੀ ਕੋਲ ਬੈਠੀ ਸਹੇਲੀ ਨੂੰ ਕਹਿ ਰਹੀ ਸੀ, “ ਇਸ ਬਾਤ ਕਾ ਤੋ ਹਮੇ ਆਜ ਹੀ ਪਤਾ ਚਲਾ।”
ਇਸ ਬਾਰੇ ਅਜੇ ਗੱਲ ਚੱਲ ਹੀ ਰਹੀ ਸੀ ਕਿ ਮੰਦਿਰ ਦੇ ਬਾਹਰ ਫਿਰ ਰੋਲ੍ਹਾ ਪੈਣਾ ਸ਼ੁਰੂ ਹੋ ਗਿਆ। ਕਾਲੀ ਜੈਕਟ ਵਾਲਾ ਬੰਦਾ ਬਾਹਾਂ ਉੱਚੀਆ ਕਰ ਕਹਿ ਰਿਹਾ ਸੀ, “ ਮੁੰਡਿਉ ਇੱਥੇ ਖੱੜੇ ਕੀ ਕਰਦੇ ਹੋ, ਮੰਦਰ ਵਿਚ ਜਾ ਕੇ ਜਬਰਦਸਤੀ ਦਲਬੀਰ ਸਿੰਘ ਨੂੰ ਬਾਹਰ ਲੈ ਕੇ ਆਉ।”
ਜੈਕਟ ਵਾਲੇ ਦੇ ਮਗਰ ਖਲੋਤੇ ਬੰਦੇ ਜੋ ਹੁਣੇ ਹੀ ਆਏ ਸਨ ਬੋਲੇ, “ ਆਹੋ ਆਹੋ ਲੈ ਕੇ ਆਉ ਬਾਹਰ।” ਇਹ ਰੌਲ੍ਹਾ ਇੰਨਾ ਮੱਘ ਗਿਆ ਕਿ ਦਸ ਪੰਦਰਾਂ ਬੰਦੇ ਧੱਕੇ ਨਾਲ ਮੰਦਰ ਦੇ ਅੰਦਰ ਜਾ ਵੜੇ। ਭਾਈ ਦਲਬੀਰ ਸਿੰਘ ਜੀ ਹੋਰਾਂ ਜਦੋਂ ਉਹਨਾਂ ਨੂੰ ਦੇਖਿਆ ਤਾਂ ਕਥਾ ਕਰਨੀ ਬੰਦ ਕਰ ਦਿੱਤੀ, ਤਾਂ ਜੋ ਮਾਮਲਾ ਵਿਗੜ ਨਾ ਜਾਵੇ ਅਤੇ ਉਹਨਾਂ ਨਿਮਰਤਾ ਸਾਹਿਤ ਸਾਰਿਆਂ ਨੂੰ ਬਨੇਤੀ ਕੀਤੀ, “ ਕਿਰਪਾ ਕਰਕੇ ਸਾਰੇ ਸੱਜਣ ਬੈਠ ਜਾਣ ਜੋ ਵੀ ਗੱਲ ਹੈ ਆਪਾਂ ਸਭ ਰੱਲ -ਮਿਲ ਕੇ ਦਲੀਲ ਨਾਲ ਕਰ ਲੈਂਦੇ ਹਾਂ। ਨਾਲ ਹੀ ਉਹਨਾਂ ਸਲੋਕ ਪੜ੍ਹਿਆ,
“ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ॥
ਹਰਿ ਨਾਮੇ ਕੇ ਹੋਵਹੁ ਜੋੜੀ ਗੁਰਮੁੱਖ ਬੈਸਹੁ ਸਫਾ ਵਿਛਾਇ॥”
ਉਹਨਾਂ ਦੀ ਨਿਮਰਤਾ ਅਤੇ ਸਲੋਕ ਨੂੰ ਅਣਗੌਲ੍ਹਦਾ ਹੋਇਆ ਕਾਲੀ ਜੈਕਟ ਵਾਲਾ ਕਹਿਣ ਲੱਗਾ, “ ਬਾਹਰ ਆ, ਅਸੀਂ ਇੱਥੇ ਨਹੀਂ ਗੱਲ ਕਰਨੀ।” ਜੈਕਟ ਵਾਲੇ ਨਾਲ ਦੇ ਵੀ ਭੇਡਾਂ ਵਾਂਗ ਉਸ ਪਿੱਛੇ ਹੀ ਕਹਿਣ ਲੱਗੇ, “ਹਾਂ ਹਾਂ ਬਾਹਰ ਆ।”
“ਤੁਸੀਂ ਇੱਥੇ ਵੀ ਬੈਠ ਕੇ ਗੱਲ ਕਰ ਸਕਦੇ।” ਮੰਦਿਰ ਵਿਚ ਬੈਠੇ ਇਕ ਸਿਆਣੇ ਬੰਦੇ ਨੇ ਕਿਹਾ, “ ਇਹ ਜਗ੍ਹਾ ਸਾਰਿਆਂ ਦੀ ਸਾਂਝੀ ਹੀ ਹੈ।”
“ਤਾਊ ਜੀ, ਬਾਹਰ ਹੀ ਜਾਣ ਦਿਓ।” ਉਸ ਦੇ ਕੋਲ ਬੈਠੇ ਜਵਾਨ ਜਿਹੇ ਮੁੰਡੇ ਨੇ ਕਿਹਾ, “ ਨਹੀਂ ਤਾਂ ਆਪਣੇ ਵਿਚੋਂ ਹੀ ਕਿਸ ਨੇ ਰੌਲ੍ਹਾ ਪਾ ਦੇਣਾ ਕਿ ਸਿੱਖ ਹਿੰਦੂਆਂ ਦੇ ਮੰਦਰ ਵਿਚ ਬੈਠ ਨਹੀਂ ਸਕਦੇ।”
ਸੁਖਦੀਪ ਸਿੰਘ ਨੇ ਮੁੰਡੇ ਦੀ ਗੱਲ ਸੁਣੀ ਤਾਂ ਮੁਸਕ੍ਰਾ ਕੇ ਕਿਹਾ, “ ਠੀਕ ਕਹਿੰਦੇ ਹੋ, ਰੌਲ੍ਹਾ ਪਾਉਣ ਵਾਲੇ ਤਾਂ ਦੋਨੋ ਪਾਸਿਉ ਘੱਟ ਨਹੀ।”
ਭਾਈ ਦਲਬੀਰ ਸਿੰਘ ਜੀ ਚੁੱਪ-ਚਾਪ ਬਾਹਰ ਵੱਲ ਨੂੰ ਤੁਰ ਪਏ ਅਤੇ ਪਿੱਛੇ ਬਾਕੀ ਸਭ ਜਨਤਾ ਆ ਗਈ। ਬਾਹਰ ਜਾਂਦਿਆ ਹੀ ਹੋਰ ਲੋਕਾਂ ਨੇ ਵੀ ਭਾਈ ਜੀ ਨੂੰ ਘੇਰ ਲਿਆ ਅਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ।
“ਤੁਸੀਂ ਮੰਦਿਰ ਕਿਉ ਗਏ ਸੀ?”
“ਕਥਾ ਕਰਨ ਲਈ।”
“ਤਹਾਨੂੰ ਕਿਸ ਨੇ ਕਿਹਾ ਸੀ ਉੱਥੇ ਜਾਣ ਲਈ?”
“ਜਿਹੜੇ ਸੰਗਤ ਵਿਚ ਕਥਾ ਸੁਣਨ ਗੁਰੂ ਘਰ ਆਉਂਦੇ ਨੇ, ਉਹ ਜਾਣਦੇ ਹੋਣਗੇ ਕੁੱਝ ਦਿਨਾਂ ਤੋਂ ਉਹਨਾਂ ਨਾਲ ਕੁਝ ਕੁ ਹਿੰਦੂ ਸੱਜਣ ਵੀ ਆਉਂਦੇ ਸੀ।”
“ਇਹਦਾ ਮਤਲਬ ਇਹ ਨਹੀਂ ਕਿ ਜੇ ਉਹ ਗੁਰੂ ਘਰ ਕਥਾ ਸੁਣਨ ਆਉਂਦੇ ਨੇ ਤਾਂ ਤੁਸੀਂ ਉੱਠ ਕੇ ਮੰਦਿਰ ਵਿਚ ਕਥਾ ਕਰਨ ਚਲੇ ਜਾਉ।” ਕਾਲੀ ਜੈਕਟ ਵਾਲੇ ਵਰਗਾ ਇਕ ਹੋਰ ਬੰਦਾ ਬੋਲਿਆ, “ ਇਸ ਤਰਾਂ ਸਾਰੇ ਹੀ ਤੁਹਾਡੇ ਵਾਂਗ ਕਰਨ ਲੱਗ ਪਏ ਤਾਂ ਸਿੱਖ ਕੌਮ ਦਾ ਕੀ ਬਣੇਗਾ?”
“ਵੀਰ ਮੇਰਿਆ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁੱਣ ਲੈ।” ਭਾਈ ਸਾਹਿਬ ਨੇ ਉਸ ਦੇ ਅੱਗੇ ਹੱਥ ਜੋੜਦੇ ਕਿਹਾ, “ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੀ ਹੈ ਅਤੇ ਚੜ੍ਹਦੀ ਕਲਾ ਵਿਚ ਹੀ ਰਹਿਣਾ ਹੈ ਤੂੰ ਇਸ ਗੱਲ ਦਾ ਫਿਕਰ ਨਾ ਕਰ, ਬਾਕੀ ਦੂਜੀ ਗੱਲ ਸੰਗਤ ਵਿਚ ਆਉਣ ਵਾਲੇ ਹਿੰਦੂ ਵੀਰਾਂ ਨੇ ਮੈਨੂੰ ਬੇਨਤੀ ਕੀਤੀ ਸੀ ਕਿ ਮੈ ਉਹਨਾਂ ਦੇ ਮੰਦਿਰ ਜਾ ਕੇ ਉਹਨਾਂ ਦੀ ਸੰਗਤ ਦੇ ਸਾਹਮਣੇ ਕਥਾ ਕਰਾਂ।”
“ਤੁਸੀ ਉਹਨਾ ਦੇ ਕਹਿਣ ਤੇ ਉੱਠ ਤੁਰੇ।” ਇੱਕ ਹੋਰ ਨੇ ਪੁੱਛਿਆ, “ ਇਹ ਕਦਮ ਪੁੱਟਣ ਤੋਂ ਪਹਿਲਾਂ ਤਹਾਨੂੰ ਘੱਟੋ ਘੱਟ ਗੁਰੂ -ਘਰ ਦੀ ਕੇਮਟੀ ਤੋਂ ਤਾਂ ਡਰਨਾ ਚਾਹੀਦਾ ਸੀ।”
“ਹਾਂ ਕੁੱਝ ਕੁ ਤਾਂ ਸੋਚਣਾ ਚਾਹੀਦਾ ਸੀ।” ਜੈਕਟ ਵਾਲਾ ਫਿਰ ਬੋਲਿਆ, “ ਸਾਨੂੰ ਜਵਾਬ ਦੇਹ।”
“ਭਰਾਵੋ ਜਵਾਬ ਤਾਂ ਤੁਸੀਂ ਦੇਣ ਹੀ ਨਹੀਂ ਦੇਂਦੇ ਵਿਚ ਹੀ ਬੋਲੀ ਜਾ ਰਹੇ ਹੋ।” ਭਾਈ ਸਾਹਿਬ ਨੇ ਫਿਰ ਅਰਜ਼ ਕੀਤੀ, “ ਈਸ਼ਵਰ ਤੋਂ ਬਗੈਰ ਮੈ ਕਿਸੇ ਕੜੀ-ਕਮੇਟੀ ਤੋਂ ਨਹੀ ਡਰਦਾ, ਦੂਜੀ ਬਾਤ ਤੁਹਾਡੇ ਵਰਗਿਆਂ ਦਾ ਖਿਆਲ ਜ਼ਰੂਰ ਆਇਆ ਸੀ ਮੇਰੇ ਮੰਦਰ ਜਾਣ ਤੇ ਰੋਲਾ ਪਾ ਕੇ ਬੈਠ ਜਾਣਗੇ। ਮੈ ਲੈਣ ਆਏ ਹਿੰਦੂ ਵੀਰਾਂ ਨੂੰ ਇਹ ਗੱਲ ਕਹੀ ਵੀ ਸੀ।”
“ਹਾਂ ਜੀ ਇਹ ਠੀਕ ਆਹਦੇ ਪਏ ਜੇ।” ਮੰਦਿਰ ਦੇ ਇਕ ਸੇਵਾਦਾਰ ਨੇ ਕਿਹਾ ਜਿਸ ਨੇ ਕਮੀਜ਼ ਉੱਪਰ ਨੇਮ ਟੈਗ ਲਾਇਆ ਹੋਇਆ ਸੀ ‘ਹਰੀਸ਼ ਚੋਪੜਾ’ ਨੇ ਦੱਸਿਆ, “ ਇਹਨਾ ਸਾਨੁੰ ਨਾਂਹ ਕੀਤੀ ਸੀ,ਪਰ ਅਸਾਂ ਹੀ ਇਹਨਾਂ ਨੂੰ ਸਵਾਲ ਪਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਸਿਧਾਂ, ਜੋਗੀਆਂ ਅਤੇ ਕਾਜ਼ੀਆਂ ਨਾਲ ਉਹਨਾਂ ਦੇ ਟਿਕਾਣਿਆ ਤੇ ਜਾ ਕੇ ਪਰਮਾਤਮਾ ਦੀ ਗੱਲ ਕੀਤੀ ਸੀ, ਤੁਸੀ ਸਾਡੇ ਮੰਦਿਰ ਵਿਚ ਕਿਉਂ ਨਹੀਂ ਆ ਸਕਦੇ। ਇਹਨਾ ਨੇ ਇਸ ਗੱਲ ਦਾ ਕੋਈ ਜਵਾਬ ਨਹੀ ਦਿੱਤਾ ਤਾ ਸਾਡੇ ਨਾਲ ਚੁੱਪ-ਚਾਪ ਆ ਗਏ।”
ਇਹ ਗੱਲਾਂ ਹੋ ਹੀ ਰਹੀਆਂ ਸਨ ਕੁੱਝ ਹੋਰ ਲੋਕ ਵੀ ਉੱਥੇ ਆ ਗਏ। ਜਿਹਨਾਂ ਵਿਚ ਕਿ ਸੁਖਦੀਪ ਸਿੰਘ ਦਾ ਦੌਸਤ ਗੁਰਪ੍ਰੀਤ ਵੀ ਸੀ।ਜੋ ਸਿੱਧੀ ਅਤੇ ਸਪੱਸ਼ਟ ਗੱਲ ਕਰਨ ਦਾ ਆਦੀ ਸੀ। ਉਸ ਨੇ ਆਉਂਦੇ ਹੀ ਸੁਖਦੀਪ ਦੇ ਮੋਢੇ ਤੇ ਥੱਫਾ ਜਿਹੇ ਮਾਰਦੇ ਕਿਹਾ, “ ਯਾਰ ਗੱਲ ਕੀ ਆ, ਬੜਾ ਗਰਮ ਮਹੌਲ ਲਗ ਰਿਹਾ ਆ।” ਸੁਖਦੀਪ ਸਿੰਘ ਨੇ ਉਸ ਨੂੰ ਮੋਟੀ ਮੋਟੀ ਗੱਲ ਦੱਸੀ ਤੇ ਬਾਕੀ ਹੋ ਰਹੀ ਗੱਲ-ਬਾਤ ਨੂੰ ਧਿਆਨ ਨਾਲ ਸੁੱਣਨ ਲਈ ਕਿਹਾ। ਭਾਈ ਦਲਬੀਰ ਸਿੰਘ ਜੀ ਕਹਿ ਰਹੇ ਸਨ,
“ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥
ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿਚ ਉਸ ਨੂੰ ਲੱਭਣਾ ਹੀ ਧਰਮ ਹੈ।ਜਗਤ ਦੇ ਤਲ ਉੱਪਰ ਏਕਤਾ ਕਰਨੀ ਬਹੁਤ ਕਠਿਨ ਹੈ,ਪਰ ਉਸ ਇਕ ਨਾਲ ਜੁੜ ਜਾਈਏ ਤਾ ਅਨੇਕਤਾ ਉਸ ਦਾ ਰੂਪ ਪ੍ਰਤੀਤ ਹੋ ਪਿਆਰੀ ਲੱਗਦੀ ਹੈ, “ਅਨੇਕ ਹੈਂ॥ਫਿਰ ਏਕ ਹੈਂ॥”
ਭਾਈ ਸਾਹਿਬ ਇੰਨੇ ਪਿਆਰ ਵਿੱਚ ਗੱਲਾਂ ਕਰਨ ਲੱਗੇ ਕਿ ਸਾਰੇ ਪਾਸੇ ਖਾਮੋਸ਼ੀ ਛਾ ਗਈ। ਕੋਲ ਖਲੋਤੇ ਹੋਏ ਲੋਕ ਉਹਨਾਂ ਦੇ ਬੋਲੀ ਵਿਚਲੇ ਬਾਣੀ ਦੇ ਸਲੋਕਾਂ ਨਾਲ ਜੁੜ ਗਏ। ਕਾਲੀ ਜੈਕਟ ਵਾਲੇ ਬੰਦੇ ਨੇ ਇਕ ਦੋ ਵਾਰੀ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਹੀ ਨਾਲ ਆਏ ਬੰਦਿਆ ਨੇ ਉਸ ਨੂੰ ਚੁੱਪ ਕਰਾ ਦਿੱਤਾ।ਭਾਈ ਜੀ ਨੇ ਸਮਾਂ ਭਾਪਦੇ ਸੱਚ ਕਹਿ ਦਿੱਤਾ, “ ਜਦੋਂ ਵੀ ਮੈ ਖੁਦਾ ਦੇ ਘਰ ਅੱਗੋਂ ਦੀ ਗੁਜ਼ਰਦਾ ਹਾਂ ਮੇਰਾ ਸਿਰ ਆਪਣੇ ਆਪ ਹੀ ਹੀ ਝੁੱਕ ਜਾਂਦਾ ਹੈ, ਚਾਹੇ ਉਹ ਗੁਰਦੁਆਰਾ, ਚਰਚ, ਮੰਦਰ ਜਾਂ ਮਸਜ਼ਿਦ ਹੋਵੇ।” ਫਿਰ ਮੁਸਕ੍ਰਾ ਕੇ ਕਹਿਣ ਲੱਗੇ, “ ਖੁਦਾ ਦੀ ਮਉਜੂਦਗੀ ਤਾਂ ਕਣ ਕਣ ਵਿਚ ਹੈ,
‘ਤੂੰ ਸਭਨੀ ਥਾਈ ਜਿਥੇ ਹਉ ਜਾਈ, ਸਾਚਾ ਸਿਰਜਣਹਾਰੁ ਜੀਉ ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ॥੧॥
ਪਰ ਇਹਨਾਂ ਥਾਂਵਾਂ ਤੇ ਮੇਰਾ ਸਿਰ ਤਾਂ ਹੀ ਝੁੱਕਦਾ ਹੈ ਕਿ ਇੱਥੇ ਮੇਰੇ ਖੁਦਾ ਦੀ ਬਾਤ ਪੈਂਦੀ ਹੈ।”
ਭਾਈ ਸਾਹਿਬ ਦੀਆਂ ਗੱਲਾਂ ਸੁਣ ਕੋਲ ਖਲੋਤੀ ਭੀੜ, ਜੈਕਟ ਵਾਲੇ ਬੰਦੇ ਨੂੰ ਪੁੱਛਣ ਲੱਗੀ , “ ਭਾਈ, ਤੂੰ ਦੱਸ ਕਾਹਤੋਂ ਬੰਦੇ ਇਕੱਠੇ ਕਰਕੇ ਲੈ ਆਇਆ।”
“ਮੈਨੂੰ ਤਾਂ ਇਕ ਬੰਦੇ ਦਾ ਸਵੇਰੇ ਫੋਨ ਆਇਆ ਸੀ।” ਉਹ ਕੰਬਦੀ ਜਿਹੀ ਜ਼ਬਾਨ ਵਿਚ ਕਹਿਣ ਲੱਗਾ, “ ਤੂੰ ਬੰਦਿਆ ਵਿਚ ਪ੍ਰਚਾਰ ਕਰ ਕਿ ਦਲਬੀਰ ਸਿੰਘ ਹਿੰਦੂ ਬਣ ਗਿਆ।”
“ਉਹ ਬੰਦਾ ਕੋਣ ਆ?”
“ਉਹ ਡੇਰੇ ਵਾਲਾ ਝੀਰਾ ਸੰਤ?”
“ਉਸ ਨੇ ਕਿਉਂ ਇਸ ਤਰਾਂ ਕੀਤਾ।” ਸੁਖਦੀਪ ਸਿੰਘ ਨੇ ਪੁੱਛਿਆ, “ ਤੂੰ ਉਹਨੂੰ ਕਿਵਂੇ ਜਾਣਦਾ ਆ।”
“ਮੈ ਉਹਦਾ ਚੇਲਾ ਹਾਂ।” ਜੈਕਟ ਵਾਲੇ ਬੰਦੇ ਨੇ ਸਾਫ ਦੱਸਿਆ, “ ਉਹ ਕਹਿੰਦਾ ਜਿਸ ਦਿਨ ਦਾ ਇਹ ਪ੍ਰਚਾਰਿਕ ਆਇਆ ਮੇਰੇ ਤਾਂ ਡੇਰੇ ਕੋਈ ਵੀ ਨਹੀਂ ਆਉਂਦਾ ਸਭ ਇਸ ਨੂੰ ਸੁਣਨ ਲਈ ਦੌੜ ਜਾਂਦੇ ਨੇ।”
“ਇਸ ਨੂੰ ਤਾਂ ਡੇਰੇ ਵਾਲੇ ਨੇ ਕਿਹਾ ਤਾਂ ਆਇਆ।” ਸੁਖਦੀਪ ਸਿੰਘ ਨੇ ਉਸ ਨਾਲ ਆਏ ਬੰਦਿਆ ਨੂੰ ਕਿਹਾ, “ ਤੁਸੀਂ ਕਿਉਂ ਆਏ।”
“ਇਸ ਨੇ ਹੀ ਸਾਨੂੰ ਦੱਸਿਆ ਕਿ ਭਾਈ ਦਲਬੀਰ ਸਿੰਘ ਮੰਦਰ ਵਿਚ ਹਵਨ ਕਰ ਰਿਹਾ।” ਵਿਚੋਂ ਇਕ ਨੇ ਕਿਹਾ, “ ਅਸੀ ਸੋਚਿਆ ਜੇ ਸਾਡੇ ਪ੍ਰਚਾਰਿਕ ਹੀ ਹਵਨ ਕਰਨ ਲੱਗ ਪਏ ਤਾਂ ਬਾਕੀ ਸਿਖਾਂ ਦਾ ਕੀ ਬਣੂ ਜਦੋਂ ਕਿ ਗੁਰੂ ਸਾਹਿਬਾ ਨੇ ਸਾਨੂੰ ਹਵਨਾ,ਵਰਤਾਂ, ਮੜ੍ਹੀਆਂ ਨੂੰ ਪੂਜਣਾ ਮਨ੍ਹਾ ਕੀਤਾ ਹੋਇਆ ਹੈ।”
“ਤੁਹਾਨੂੰ ਭਾਈ ਸਾਹਿਬ ਨੇ ਦੱਸ ਵੀ ਦਿੱਤਾ ਹੈ ਕਿ ਉਹ ਮੰਦਰ ਵਿਚ ਕੀ ਕਰ ਰਹੇ ਸੀ।” ਸੁਖਦੀਪ ਸਿੰਘ ਨੇ ਕਿਹਾ, “ ਅਸੀਂ ਅੱਖਾਂ ਨਾਲ ਵੀ ਦੇਖਿਆ ਭਾਈ ਸਾਹਿਬ ਕਿੰਨੇ ਸਹੋਣੇ ਤਾਰੀਕੇ ਨਾਲ ਉਹਨਾਂ ਨੂੰ ਦੱਸ ਰਹੇ ਸਨ ਕਿ ਸਿੱਖ ਰਹਿਬਰਾਂ ਦੀ ਫਿਲਾਸਫੀ ਧਰਮ ਨੂੰ ਕਿਵੇਂ ਲੈਂਦੀ ਹੈ।”
“ਪਤਾ ਨਹੀਂ ਜੀ,ਅਸੀਂ ਤਾਂ ਇਸ ਦੇ ਆਖੇ ਹੀ ਆ ਗਏ।”
“ਇਸ ਦੇ ਆਖੇ ਲੱਗ, ਤੁਸੀਂ ਇਕ ਉੱਚ ਸਖਸ਼ੀਅਤ ਨੂੰ ਨੁਕਸਾਨ ਪਹੁੰਚਾਉਣ ਆ ਗਏ, ਹਵਨ ਦੀ ਝੂੱਠੀ ਗੱਲ ਲੈ ਤੁਰੇ।”
ਗੁਰਪ੍ਰੀਤ ਨੇ ਗੁੱਸੇ ਜਿਹੇ ਵਿਚ ਕਿਹਾ, “ ਤੁਹਾਡੇ ਰਾਜਨਿਤਕ ਲੀਡਰ ਜਿਹੜੇ ਸੱਚ- ਮੁੱਚ ਹੀ ਹਵਨ ਕਰਦੇ ਤਾਂ ਤੁਹਾਡੇ ਵਰਗੇ ਉਹਨਾਂ ਨਾਲ ਫੋਟੋ ਖਿਚਾਉਂਦੇ ਸਾਹ ਨਹੀ ਲੈਂਦੇ ਰੋਕਣਾ ਤਾਂ ਇਕ ਪਾਸੇ।”
“ਛੱਡ ਤੂੰ ਉਹਨਾਂ ਬੇਗੈਰਤ ਲੀਡਰਾਂ ਨੂੰ।” ਸੁਖਦੀਪ ਸਿੰਘ ਨੇ ਕਿਹਾ, “ ਉਹ ਤਾਂ ਆਪਣੀ ਕੁਰਸੀ ਕਾਇਮ ਰੱਖਣ ਲਈ ਹਰ ਇਕ ਦੀ ਮਾਂ ਨੂੰ ਮਾਸੀ ਬਣਾ ਲੈਂਦੇ ਨੇ।”
“ਚਲੋ ਕੋਈ ਬਾਤ ਨਹੀ।” ਭਾਈ ਸਾਹਿਬ ਜੀ ਕਹਿਣ ਲੱਗੇ, “ ਇਹ ਵੀ ਜੋ ਹੋਇਆ, ਉਹ ਵੀ ਇੱਕ ਈਸ਼ਵਰ ਦਾ ਹੀ ਹੁਕਮ ਸੀ ਸੋ ਵਰਤ ਗਿਆ, ਪਰ ਰਾਮ ਪਿਆਰਿਉ ਇਕ ਗੱਲ ਜ਼ਰੂਰ ਚੇਤੇ ਰੱਖਿਉ, ਸਭੇ ਸਾਝੀਵਾਲ ਸਦਾਇਨਿ…..।”
“ਇਥੇ ਭਾਈ ਸਾਹਿਬ ਨੇ ਰਾਮ ਪ੍ਰਮਾਤਮਾ ਨੂੰ ਕਿਹਾ।” ਗੁਰਪ੍ਰੀਤ ਹੱਸਦਾ ਹੋਇਆ ਕਹਿਣ ਲੱਗਾ, “ ਇੰਝ ਨਾ ਸਮਝ ਲਇਉ ਰਾਮ ਚੰਦਰ ਜੀ ਨੂੰ ਰਾਮ ਕਿਹਾ।”
ਭਾਈ ਸਾਹਿਬ ਮੁਸਕ੍ਰਾ ਪਏ ਤੇ ਬੋਲੇ,
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ॥
ਇਹ ਕਹਿ ਉਹ ਮੰਦਰ ਵਿਚ ਦੁਬਾਰਾ ਕਥਾ ਕਰਨ ਚਲੇ ਗਏ ਬਾਕੀ ਸਭ ਲੋਕੀ ਵੀ ਮਗਰ ਹੀ ਚਲ ਪਏ। ਸਿਰਫ ਇਕ ਸਿੱਧਾ ਜਿਹਾ ਬੰਦਾ ਸੀ, ਉਹ ਹੀ ਰਹਿ ਗਿਆ ਪਹਿਲਾ ਉਸ ਨੇ ਕਿਹਾ, “ ਮੈ ਪਤਾ ਨਹੀ ਇੱਥੇ ਕਿਉਂ ਆਇਆ, ਫਿਰ ਭਾਈ ਜੀ ਵਾਲੀ ਤੁਕ ਦੁਹਰਾਉਂਦਾ ਹੋਇਆ
“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀੳ॥”
ਮੰਦਰ ਵਿਚ ਉਹਨਾਂ ਦੇ ਪਿੱਛੇ ਹੀ ਚਲਾ ਗਿਆ।