ਡਾ: ਇੰਦਰਜੀਤ ਕੌਰ
ਫੈਸ਼ਨ ਦੇ ਦੌਰ ਵਿੱਚ ਆਪਣੇ ਵਿਅਕਤੀਤਵ ਨੂੰ ਨਿਖਾਰਨ ਲਈ ਹਰ ਇੱਕ ਨੂੰ ਸਮੇਂ ਅਨੁਕੂਲ ਵਸਤਰ ਪਹਿਨਣੇ ਜਰੁਰੀ ਹਨ। ਪਿਛਲੀਆਂ ਕਈ ਸਦੀਆਂ ਤੋਂ ਪੈਰਿਸ ਸਹਿਰ ਫੈਸਨੇਬਲ ਕੱਪੜਿਆਂ ਲਈ ਪ੍ਰਸਿੱਧ ਸੀ। ਪਰ ਹੁਣ ਨਵੀਂ ਤਕਨਾਲੌਜੀ ਦੇ ਆਉਣ ਕਰਕੇ ਫੈਸਨ ਦਾ ਵਾਧਾ ਹਰ ਮੁਲਕ ਵਿੱਚ ਹੋਇਆ ਹੈ। ਭਾਰਤ ਵਿੱਚ ਵੀ ਪਿਛਲੇ ਤਿੰਨ ਦਹਾਕਿਆਂ ਦੌਰਾਨ ਬਹੁਤ ਸਾਰੇ ਫੈਸਨ ਡਿਜਾਇਨਿੰਗ ਦੇ ਅਦਾਰੇ ਖੁੱਲੇ ਹਨ। ਇਹ ਕੋਰਸ ਲੜਕੇ ਅਤੇ ਲੜਕੀਆਂ ਦੋਨੋਂ ਕਰ ਸਕਦੇ ਹਨ। ਪੰਜਾਬ ਵਿੱਚ ਜਿਆਦਾਤਰ 10+2 ਦੀ ਪੜ੍ਹਾਈ ਉਪਰੰਤ ਲੜਕੀਆਂ ਇਸ ਕਿੱਤਾ ਮੁਖੀ ਕੋਰਸ ਨਾਲ ਵਧੇਰੇ ਜੁੜਦੀਆਂ ਹਨ, ਕਿਉਂਕਿ ਉਨ੍ਹਾਂ ਦਾ ਰੁਝਾਨ ਫੈਸਨੇਬਲ ਕੱਪੜੇ ਪਾਉਣ / ਬਣਾਉਣ ਵਿੱਚ ਜਿਆਦਾ ਹੁੰਦਾ ਹੈ।
ਕਈ ਕਾਲਜਾਂ ਵਿੱਚ ਬੀ. ਏ. ਦੀ ਡਿਗਰੀ ਨਾਲ ਫੈਸਨ ਡਿਜਾਇਨਿੰਗ ਦਾ ਕੇਵਲ ਇੱਕ ਹੀ ਵਿਸਾ ਹੁੰਦਾ ਹੈ ਜਾਂ ਡਿਪਲੋਮਾ ਕੋਰਸ ਕਰਵਾਇਆ ਜਾਂਦਾ ਹੈ ਪਰ ਇਸ ਨਾਲ ਬੱਚਿਆਂ ਨੂੰ ਵਿਸੇ ਦੀ ਪੂਰੀ ਲਿਖਤੀ ਅਤੇ ਪ੍ਰੈਕਟੀਕਲ ਜਾਣਕਾਰੀ ਨਹੀਂ ਮਿਲਦੀ। ਇਸ ਕਮੀ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹੋਮ ਸਾਇੰਸ ਕਾਲਜ ਵਿੱਚ ਬੀ. ਐਸ. ਸੀ. (ਫੈਸਨ ਡਿਜਾਇਨਿੰਗ (ਆਨਰਜ) ਦੀ ਡਿਗਰੀ 2008 ਵਿੱਚ ਸੁਰੂ ਕੀਤੀ ਗਈ ਸੀ, ਪਹਿਲਾਂ ਇਸ ਵਿੱਚ 20 ਸੀਟਾਂ ਹੁੰਦੀਆਂ ਸਨ ਪਰ ਲੜਕੀਆਂ ਦੀ ਵਧ ਰਹੀ ਰੁਚੀ ਦੇਖਕੇ ਪਿਛਲੇ ਸਾਲ ਤੋਂ ਸੀਟਾਂ ਦੀ ਗਿਣਤੀ 30 ਕਰ ਦਿੱਤੀ ਗਈ ਹੈ। ਬੀ. ਐਸ. ਸੀ. ਫੈਸਨ ਡਿਜਾਇਨਿੰਗ ਦੀ ਅੰਡਰ ਗਰੈਜੂਏਸਨ ਕਰਨ ਉਪਰੰਤ ਲੜਕੀਆਂ ਆਪਣਾ ਧੰਦਾ ਜਿਵੇਂ ਕਿ ਬੁਟੀਕ ਖੋਲ ਸਕਦੀਆਂ ਹਨ ਜਾਂ ਫਿਰ ਰੈਡੀਮੇਡ ਕੱਪੜੇ ਦੀ ਇੰਡਸਟਰੀ ਵਿੱਚ ਫੈਸਨ ਇਲਸਟਰੇਟਰ, ਫੈਸਨ ਸਟਾਈਲਿਸਟ, ਟੈਕਨੀਕਲ ਡਿਜਾਇਨਰ, ਪੈਟਰਨ ਮੇਕਰ, ਫੈਸਨ ਕੰਨਸਲਟੇਂਟ, ਫੈਸਨ ਕੋਆਰਡੀਨੇਟਰ, ਫਰੀ ਲੈਨਸ ਡਿਜਾਇਨਰ, ਕੌਸਚੂਇਮ ਡਿਜਾਇਨਰ, ਕਟਿੰਗ ਮੈਨੇਜਰ, ਅਪੈਰਲ ਪ੍ਰੋਡਕਸਨ ਮੈਨੇਜਰ, ਕੱਪੜਾ ਖਰੀਦਦਾਰ, ਮਰਕਨਡਾਈਜਰ, ਕੰਪਨੀ ਸੁਪਰਵਾਈਜਰ ਆਦਿ ਦੀਆਂ ਅਸਾਮੀਆਂ ਤੇ ਆਪਣੀ ਮਿਹਨਤ ਸਦਕਾ ਕੰਮ ਕਰ ਸਕਦੀਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਹੋਮ ਸਾਇੰਸ ਕਾਲਜ ਵਿੱਚ ਬੀ.ਐਸ. ਸੀ. ਫੈਸਨ ਡਿਜਾਇਨਿੰਗ (ਆਨਰਜ) ਵਿੱਚ ਦਾਖਲਾ ਲੈਣ ਲਈ 10+2 ਵਿੱਚ 45 ਫੀ ਸਦੀ ਨੰਬਰ ਹੋਣੇ ਲਾਜਮੀ ਹਨ। ਦਾਖਲਾ ਮੈਰਿਟ ਦੇ ਆਧਾਰ ਤੇ ਹੁੰਦਾ ਹੈ। ਪਹਿਲਾਂ ਬੀ. ਐਸ. ਸੀ. (ਆਨਰਜ) ਫੈਸਨ ਡਿਜਾਇਨਿੰਗ ਤਿੰਨ ਸਾਲ ਵਿੱਚ ਪੂਰਾ ਹੋ ਜਾਂਦਾ ਸੀ ਪਰ ਹੁਣ ਕੋਰਸ ਦੀ ਲੋੜ ਨੂੰ ਦੇਖਦੇ ਹੋਏ ਇਸ ਸਾਲ ਤੋਂ ਇਹ ਡਿਗਰੀ ਚਾਰ ਸਾਲ ਦੀ ਹੋ ਗਈ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਕੱਪੜੇ ਦੇ ਰੇਸੇ ਤੋਂ ਲੈ ਕੇ ਧਾਗਾ ਬਣਾਉਣ, ਕੱਪੜੇ ਦਾ ਉਤਪਾਦਨ, ਉਸਦੀ ਟਿਪਟਾਪ, ਰੰਗਾਈ, ਪ੍ਰਿੰਟਿੰਗ ਅਤੇ ਸਜਾਵਟ, ਕੱਪੜੇ ਦੀ ਪਹਿਚਾਣ ਲਈ ਕੀਤੇ ਜਾਣ ਵਾਲੇ ਟੈਸਟ ਅਤੇ ਉਸਦੀ ਖਰੀਦਦਾਰੀ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਕੱਪੜਿਆਂ ਦੀ ਸਿਲਾਈ ਤੋਂ ਪਹਿਲਾਂ ਪੋਸਾਕ ਦੇ ਡਿਜਾਇਨ ਦਾ ਸਕੈਚ, ਡਰਾਫਟ, ਲੇਅ ਆਊਟ (ਹੱਥ ਅਤੇ ਕੰਪਿਊਟਰ ਨਾਲ) ਬਣਾਉਣੇ ਸਿਖਾਏ ਜਾਂਦੇ ਹਨ। ਕੱਪੜੇ ਦੀ ਕਟਾਈ, ਸਿਲਾਈ ਅਤੇ ਫਿਨਿਸਿੰਗ ਕਰਵਾਈ ਜਾਂਦੀ ਹੈ। ਪੋਸਾਕਾਂ ਦਾ ਵੱਡੇ ਸਕੇਲ ਤੇ ਉਤਪਾਦਨ, ਪੈਕਿੰਗ, ਮਾਰਕੀਟਿੰਗ, ਵਪਾਰ ਬਾਰੇ ਲਿਖਤੀ ਅਤੇ ਪ੍ਰੈਕਟੀਕਲ ਗਿਆਨ ਦਿੱਤਾ ਜਾਂਦਾ ਹੈ। ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਕੱਪੜਾ ਉਦਯੋਗ ਦੀਆਂ ਫੈਕਟਰੀਆਂ ਵਿੱਚ ਟਰੇਨਿੰਗ ਦਿਵਾਈ ਜਾਂਦੀ ਹੈ ਤਾਂ ਕਿ ਡਿਗਰੀ ਉਪਰੰਤ ਉਹ ਕਿਸੇ ਵੀ ਕੱਪੜਾ ਉਦਯੋਗ ਵਿੱਚ ਨੌਕਰੀ ਕਰ ਸਕਣ।
ਪਿਛਲੇ ਵਰ੍ਹੇ ਤੋਂ ਇਸ ਕੋਰਸ ਵਿੱਚ ਐਮ. ਐਸ. ਸੀ. ਸੁਰੂ ਹੋ ਗਈ ਹੈ ਤਾਂ ਕਿ ਬੱਚਿਆਂ ਨੂੰ ਉਚ ਵਿੱਦਿਆ ਹਾਸਿਲ ਹੋ ਸਕੇ। ਪੀ. ਏ ਯੂ ਵਿਖੇ ਫੀਸ ਆਮ ਪ੍ਰਾਈਵੇਟ ਅਦਾਰਿਆਂ ਨਾਲੋਂ ਘ¤ਟ ਹੈ। ਫੀਸ ਛਿਮਾਹੀ (ਸਾਲ ਵਿੱਚ ਦੋ ਵਾਰੀ ਲਈ ਜਾਂਦੀ ਹੈ)। ਫੈਸਨ ਡਿਜਾਇਨਿੰਗ ਦੇ ਕੋਰਸ ਦੀ ਫੀਸ ਇਸ ਸਾਲ ਪਹਿਲੀ ਛਿਮਾਹੀ ਲਈ ਤਕਰੀਬਨ 33,000/- ਰੁਪਏ ਹੈ। ਦੂਜੀ ਛਿਮਾਹੀ ਦੀ ਫੀਸ ਇਸ ਤੋਂ ਘੱਟ ਹੁੰਦੀ ਹੈ। ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਦੀ ਫੀਸ (33000+2500)=35500/- ਰੁਪਏ ਹੈ। ਦਾਖਲੇ ਦੀ ਵਧੇਰੇ ਜਾਣਕਾਰੀ ਲਈ ਡੀਨ, ਹੋਮ ਸਾਇੰਸ ਕਾਲਜ ਨੂੰ ਇਨ੍ਹਾਂ ਟੈਲੀਫੋਨ ਨੰਬਰਾਂ 0161-2403179, 0161-2401960 ਤੋਂ 79 ਐਕਸਟੈਨਸ਼ਨ 351, 209 ਤੇ ਸੰਪਰਕ ਕਰੋ। ਫਾਰਮ ਭਰਨ ਦੀ ਆਖਰੀ ਤਾਰੀਕ 18 ਜੂਨ, 2012 ਅਤੇ ਲੇਟ ਫੀਸ ਨਾਲ 25 ਜੂਨ 2012 ਹੈ।