ਅੰਮ੍ਰਿਤਸਰ:- ਭਗਤ ਕਬੀਰ ਜੀ ਅਦੁੱਤੀ ਸਖਸ਼ੀਅਤ ਦੇ ਮਾਲਕ, ਕ੍ਰਾਂਤੀਕਾਰੀ ਸੁਭਾਅ ਦੇ ਸਿਰਮੌਰ ਰੂਹਾਨੀ ਆਗੂ ਸਨ। ਉਨ੍ਹਾਂ ਦੀ ਬਾਣੀ ਬਾਹਰੀ ਕਰਮਕਾਡਾਂ ਤੋਂ ਮੁਕਤ ਕਰਕੇ ਜਗਿਆਸੂ ਦਾ ਅੰਦਰ ਰੌਸ਼ਨ ਕਰਨ ਵੱਲ ਰੁਚਿਤ ਹੈ। ਉਨ੍ਹਾਂ ਦੀ ਬਾਣੀ ਵਿੱਚ ਸਮੋਇਆ ਸੰਦੇਸ਼ ਅੱਜ ਵੀ ਦੁਨੀਆਂ ਨੂੰ ਸਦੀਵੀਂ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ। ਇਹ ਵਿਚਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਭਗਤ ਕਬੀਰ ਜੀ ਦੇ 614 ਵੇਂ ਜਨਮ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦੇਂਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਭਗਤ ਕਬੀਰ ਜੀ ਦਾ 614ਵਾਂ ਜਨਮ ਦਿਹਾੜਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਸਮੂਹ ਗੁਰੂ ਸਾਹਿਬਾਨ ਤੇ ਭਗਤਾਂ ਦੇ ਪ੍ਰਕਾਸ਼ ਗੁਰਪੁਰਬ ਤੇ ਜਨਮ ਦਿਹਾੜੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀ ਆ ਰਹੀ ਹੈ। ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਰਾਜਦੀਪ ਸਿੰਘ ਵਲੋਂ ਅਰਦਾਸ ਕੀਤੀ ਤੇ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ‘ਸਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੇ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸਿੰਘ ਸਾਹਿਬ ਗਿਆਨੀ ਮਾਨ ਸਿੰਘ ਗ੍ਰੰਥੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਭਗਤ ਕਬੀਰ ਜੀ ਦੇ ਜੀਵਨ ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਕਿਹਾ ਕਿ 1398 ਈ. ਨੂੰ ਬਨਾਰਸ ਦੀ ਧਰਤੀ ਤੇ ਜੁਲਾਹਾ ਬਰਾਦਰੀ ਵਿਚ ਭਗਤ ਕਬੀਰ ਜੀ ਦਾ ਜਨਮ ਹੋਇਆ ਤੇ ਜ਼ਿੰਦਗੀ ਦਾ ਲੰਮਾ ਹਿੱਸਾ ਭਗਤ ਜੀ ਨੇ ਬਨਾਰਸ ਦੀ ਧਰਤੀ ਤੇ ਹੀ ਗੁਜ਼ਾਰਿਆ। ਬਚਪਨ ਤੋਂ ਹੀ ਪ੍ਰਭੂ ਭਗਤੀ ਵਿਚ ਲੀਨ ਰਹਿਣ ਵਾਲੇ ਭਗਤ ਕਬੀਰ ਜੀ ਨੇ ਜਾਤ-ਪਾਤ ਦਾ ਭੇਦ-ਭਾਵ ਤੇ ਵਹਿਮਾਂ ਭਰਮਾਂ ਚ ਪਾਉਣ ਵਾਲੇ ਕਰਮਕਾਂਡੀ ਲੋਕਾਂ ਦਾ ਵਿਰੋਧ ਕਰਦਿਆਂ ਸੰਸਾਰ ਨੂੰ ਸੱਚੇ ਗੁਰੂ ਦੇ ਲੜ ਲੱਗਣ ਦੀ ਪ੍ਰੇਰਣਾ ਦੇਂਦਿਆਂ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਵਿਚੋਂ ਸਭ ਤੋਂ ਵੱਧ 541 ਸ਼ਬਦ ਤੇ ਸਲੋਕ ਭਗਤ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਦੇ ਸਿਧਾਂਤ ਤੇ ਗੁਰਮਤਿ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਭਗਤ ਜੀ ਨੇ ਗੁਰੂ ਨਾਨਕ ਫਲਸਫੇ ਦਾ ਜੋਰਦਾਰ ਢੰਗ ਨਾਲ ਪ੍ਰਚਾਰ ਕੀਤਾ।
ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਜਥੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਵਲੋਂ ਭਗਤਾਂ ਦੇ ਜਨਮ ਦਿਹਾੜੇ ਮਨਾਉਂਣਾ ਸ਼ਲਾਘਾਯੋਗ ਉਪਰਾਲਾ ਹੈ।
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਜੁੜੇ ਗੁਰਮਤਿ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਐਡੀ: ਸਕੱਤਰ ਸ. ਹਰਭਜਨ ਸਿੰਘ, ਮੀਤ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਰਣਜੀਤ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ ਮੱਲੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਜਸਵਿੰਦਰ ਸਿੰਘ ਦੀਪ ਤੇ ਨਿਸ਼ਾਨ ਸਿੰਘ, ਐਡੀ: ਚੀਫ ਗੁਰਦੁਆਰਾ ਇੰਸਪੈਕਟਰ ਸ. ਜੱਸਾ ਸਿੰਘ ਤੇ ਸ. ਹਰਪਾਲ ਸਿੰਘ, ਸ. ਪ੍ਰੀਤਪਾਲ ਸਿੰਘ ਲੀਗਲ ਐਡਵਾਈਜ਼ਰ, ਸ. ਬੇਅੰਤ ਸਿੰਘ ਤੇ ਸ. ਸਤਨਾਮ ਸਿੰਘ, ਐਡੀ: ਮੈਨੇਜਰ, ਸ. ਮੰਗਲ ਸਿੰਘ ਮੀਤ ਮੈਨੇਜਰ, ਸ. ਪਰਉਪਕਾਰ ਸਿੰਘ ਅਕਾਊਂਟੈਂਟ (ਪ੍ਰ), ਸ. ਅਜਰਨ ਸਿੰਘ, ਸ. ਸੁਖਬੀਰ ਸਿੰਘ, ਸ. ਲਖਬੀਰ ਸਿੰਘ ਤੇ ਸ. ਕਾਬਲ ਸਿੰਘ ਸੁਪਰਵਾਈਜ਼ਰ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਮੌਜੂਦ ਸਨ।