ਨਵੀਂ ਦਿੱਲੀ- ਭਾਰਤ ਬੇਸ਼ਕ ਲੜਾਕੂ ਜਹਾਜ਼ਾਂ, ਜੰਗੀ ਬੇੜਿਆਂ ਅਤੇ ਐਟਮੀ ਹੱਥਿਆਰਾਂ ਦੀ ਦੌੜ ਵਿੱਚ ਆਪਣੇ ਆਪ ਨੂੰ ਪਾਕਿਸਤਾਨ ਤੋਂ ਅੱਗੇ ਸਮਝਦਾ ਹੈ, ਪਰ ਅਸਲ ਵਿੱਚ ਪਾਕਿਸਤਾਨ ਪਰਮਾਣੂੰ ਹੱਥਿਆਰਾਂ ਦੇ ਮਾਮਲੇ ਵਿੱਚ ਇੰਡੀਆ ਨੂੰ ਪਿੱਛੇ ਛੱਡ ਗਿਆ ਹੈ। ਇਹ ਕਹਿਣਾ ਹੈ ਅੰਤਰਰਾਸ਼ਟਰੀ ਸ਼ਾਂਤੀ ਖੋਜ ਸੰਸਥਾ ਦਾ ਜੋ ਕਿ ਸਵੀਡਨ ਵਿੱਚ ਹੈ।
ਅੰਤਰਰਾਸ਼ਟਰੀ ਸ਼ਾਂਤੀ ਖੋਜ ਸੰਸਥਾ (ਸਿਪਰੀ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਕੋਲ ਇਸ ਸਮੇਂ 80 ਤੋਂ 100 ਦੇ ਦਰਮਿਆਨ ਪਰਮਾਣੂੰ ਹੱਥਿਆਰ ਹੋਣਗੇ, ਜਦ ਕਿ ਪਾਕਿਸਤਾਨ ਕੋਲ 90 ਤੋਂ 110 ਦੇ ਕਰੀਬ ਪਰਮਾਣੂੰ ਹੱਥਿਆਰ ਹਨ। ਸਿਪਰੀ ਅਨੁਸਾਰ ਪਾਕਿਸਤਾਨ ਇਨ੍ਹਾਂ ਪਰਮਾਣੂੰ ਬੰਬਾਂ ਨੂੰ ਘੱਟ ਦੂਰੀ ਵਾਲੀ ਬੈਲਿਸਟਿਕ ਮਿਸਾਈਲਾਂ ਤੇ ਤੈਨਾਤ ਕਰ ਰਿਹਾ ਹੈ ਤਾਂ ਜੋ ਲੜਾਈ ਦੇ ਦੌਰਾਨ ਭਾਰਤ ਦੇ ਸੈਨਿਕ ਟਿਕਾਣਿਆਂ ਨੂੰ ਚੰਗੀ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਜਾ ਸਕੇ। ਘੱਟ ਦੂਰੀ ਵਾਲੇ ਇਨ੍ਹਾਂ ਪਰਮਾਣੂੰ ਵਾਰਹੈਡ ਨੂੰ ਸੈਨਿਕ ਭਾਸ਼ਾ ਵਿੱਚ ਟੈਕਿਟਕਲ ਨਿਊਕਲੀਅਰ ਵੈਪਨਜ਼ ਕਹਿੰਦੇ ਹਨ। ਪਰਮਾਣੂੰ ਹੱਥਿਆਰਾਂ ਨੂੰ ਚਲਾਉਣ ਲਈ ਦੋਵੇਂ ਦੇਸ਼ ਨਵੀਂ ਤਕਨੀਕ ਦੀ ਵਰਤੋਂ ਕਰ ਰਹੇ ਹਨ ਅਤੇ ਆਪਣੀ ਪਰਮਾਣੂੰ ਮਿਸਾਇਲ ਸਮਗਰੀ ਦੇ ਉਤਪਾਦਨ ਵਿੱਚ ਵਾਧਾ ਕਰ ਰਹੇ ਹਨ। ਦੋਵੇਂ ਦੇਸ਼ ਨਵੀਂ ਕਿਸਮ ਦੀਆਂ ਪਰਮਾਣੂੰ ਬੈਲਿਸਟਿਕ ਮਿਸਾਇਲਾਂ ਦਾ ਵਿਕਾਸ ਕਰ ਰਹੇ ਹਨ ਅਤੇ ਕਰੂਜ ਮਿਸਾਇਲਾਂ ਦਾ ਵਿਕਾਸ ਅਤੇ ਉਸ ਦੀ ਤੈਨਾਤੀ ਵੀ ਵੱਧਾ ਰਹੇ ਹਨ।
ਦੁਨੀਆਂ ਦੀਆਂ 8 ਪਰਮਾਣੂੰ ਤਾਕਤਾਂ ਕੋਲ ਇਸ ਸਮੇਂ 19,000 ਹਜ਼ਾਰ ਪਰਮਾਣੂੰ ਹੱਥਿਆਰ ਹਨ। ਦੁਨੀਆਂ ਦੇ ਪਰਮਾਣੂੰ ਭੰਡਾਰ ਵਿੱਚ 2010 ਦੇ ਮੁਕਾਬਲੇ ਕਮੀ ਆਈ ਹੈ। 2010 ਵਿੱਚ ਇਹ ਭੰਡਾਰ 20,530 ਪਰਮਾਣੂੰ ਹੱਥਿਆਰਾਂ ਦਾ ਸੀ। ਇਹ ਕਮੀ ਰੂਸ ਅਤੇ ਅਮਰੀਕਾ ਦੁਆਰਾ ਆਪਣੇ ਪਰਮਾਣੂੰ ਭੰਡਾਰਾਂ ਵਿੱਚ ਕਮੀ ਕਰਨ ਕਰਕੇ ਆਈ ਹੈ। 2011 ਵਿੱਚ ਪੂਰੀ ਦੁਨੀਆਂ ਦਾ ਸੈਨਿਕ ਖਰਚਾ 1.73 ਟ੍ਰਿਲੀਅਨ ਡਾਲਰ ਰਿਹਾ ਜੋ ਕਿ ਦੁਨੀਆਂ ਦੀ ਕੁਲ ਡੀਜੀਪੀ ਦਾ 2.5% ਜਾਣੀ ਕਿ ਪ੍ਰਤੀ ਵਿਅਕਤੀ 249 ਡਾਲਰ ਰਿਹਾ।