ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪਿੰਡ ਕੋਟਲੀ ਦੇਵਨ ਦੇ ਮਜ਼ਦੂਰਾਂ ਨੇ ਕੀਤੇ ਕੰਮ ਦੀ ਅਦਾਇਗੀ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਬੀ.ਡੀ.ਪੀ.ਓ.ਦਫ਼ਤਰ ਦੇ ਮੂਹਰੇ ਧਰਨ ਲਾਇਆ ਤੇ ਜੰਮ ਕੇ ਰੋਸ ਵਿਖਾਵਾ ਕੀਤਾ। ਪਿੰਡ ਦੇ ਸੁਖਮੰਦਰ ਸਿੰਘ, ਜੰਗ ਸਿੰਘ ਤੇ ਛਿੰਦਰਪਾਲ ਕੌਰ ਆਦਿ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮਜ਼ਦੂਰਾਂ ਨੇ 8 ਮਹੀਨੇ ਪਹਿਲਾਂ ਨਰੇਗਾ ਸਕੀਮ ਤਹਿਤ 1 ਮਹੀਨਾਂ ਤੇ 6 ਦਿਨ ਕੰਮ ਕੀਤਾ ਸੀ ਜਿਸ ਦੀ ਅਜੇ ਤੱਕ ਅਦਾਇਗੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ 2008 ਵਿਚ ਵੀ ਕੱਸੀ ਦੀ ਸਫ਼ਾਈ ਦਾ ਕੰਮ ਕੀਤਾ ਗਿਆ ਸੀ ਜਿਸ ਦੀ ਅਦਾਇਗੀ ਵੀ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਮਜ਼ਦੂਰ ਅਦਾਇਗੀ ਲੈਣ ਸੰਬੰਧੀ ਬੀ.ਡੀ.ਪੀ.ਓ.ਦਫ਼ਤਰ ਵਿਖੇ ਅਧਿਕਾਰੀ ਨੂੰ ਮਿਲੇ ਤਾਂ ਉਨ੍ਹਾਂ ਨੇ ਕਥਿਤ ਤੌਰ ਤੇ ਸਾਫ਼ ਕਹਿ ਦਿੱਤਾ ਕਿ ਪਿਛਲੇ ਪੈਸਿਆਂ ਤੇ ਮਿੱਟੀ ਪਾਓ ਅਤੇ ਜੇਕਰ ਜਲਦੀ ਪੈਸੇ ਚਾਹੀਦੇ ਹਨ ਤਾਂ ਡੀ.ਸੀ.ਦਫ਼ਤਰ ਨੂੰ ਜਾਓ। ਦੂਜੇ ਪਾਸੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਅਦਾਇਗੀ ਹਿਸਾਬ ਕਰਕੇ ਹੀ ਦਿੱਤੀ ਜਾਵੇਗੀ ਇਸ ਲਈ ਮਜ਼ਦੂਰਾਂ ਨੂੰ 11 ਜੂਨ (ਸੋਮਵਾਰ) ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ ਪ੍ਰੰਤੂ ਉਨ੍ਹਾਂ ਨੇ ਆਪਣੀ ਮਰਜੀ ਨਾਲ ਧਰਨਾ ਲਾ ਲਿਆ। ਉਨ੍ਹਾਂ ਕਿਹਾ ਕਿ ਨਰੇਗਾ ਤਹਿਤ ਅਗਲਾ ਕੰਮ ਕਰਨ ਲਈ ਵੀ ਮਜ਼ਦੂਰਾਂ ਨੇ ਲਿਖਤੀ ਅਰਜ਼ੀਆਂ ਨਹੀਂ ਦਿੱਤੀਆਂ ਹਨ ਜਿਸ ਤਹਿਤ ਉਨ੍ਹਾਂ ਨੂੰ ਬਿਨਾਂ ਅਰਜ਼ੀ ਕੰਮ ਨਹੀਂ ਦਿੱਤਾ ਜਾ ਸਕਦਾ। ਇਸ ਮੌਕੇ ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਚਿਰ ਪਿਛਲੀਆਂ ਅਦਾਇਗੀਆਂ ਨਹੀਂ ਦਿੱਤੀਆਂ ਜਾਂਦੀਆਂ ਉਨ੍ਹਾਂ ਚਿਰ ਸੰਘਰਸ਼ ਜਾਰੀ ਰੱ੍ਯਖਿਆ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ, ਜਸਕਰਨ ਸਿੰਘ, ਹਰਨੀਫ ਸਿੰਘ, ਸਤਪਾਲ ਸਿੰਘ, ਤੇ ਜਗਰੂਪ ਸਿੰਘ ਆਦਿ ਸ਼ਾਮਲ ਸਨ।