ਅੰਮ੍ਰਿਤਸਰ:- ਪੰਜਾਬ ਅੰਦਰ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉਦੋਂ ਹੀ ਕਾਂਗਰਸ ਪਾਰਟੀ ਤੇ ਕੇਂਦਰੀ ਕਾਂਗਰਸ ਸਰਕਾਰ ਨੇ ਲੁਕਵੇਂ ਢੰਗ ਨਾਲ ਪੰਜਾਬ ਅੰਦਰ ਅਸ਼ਾਂਤੀ ਫੈਲਾਉਣ ਦਾ ਕੋਝਾ ਯਤਨ ਕੀਤਾ ਹੈ। ਪੰਜਾਬ ਵਿਚ ਜਦੋਂ ਵੀ ਬਦ ਅਮਨੀ ਤੇ ਬੇਚੈਨੀ ਪੈਦਾ ਹੋਈ ਉਹ ਕਾਂਗਰਸ ਦੀ ਹੀ ਦੇਣ ਹੈ। ਇਹ ਵਿਚਾਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਇਕ ਜਾਰੀ ਬਿਆਨ ਵਿਚ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉਪ ਮੁਖ ਮੰਤਰੀ ਦੀ ਅਗਵਾਈ ਵਿਚ ਪੰਜਾਬ ਵਿਚ ਪੂਰਨ ਅਮਨ ਸ਼ਾਂਤੀ ਹੈ ਤੇ ਇਸ ਸ਼ਾਂਤੀ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਤੇ ਫੌਜੀ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਤੇ ਗੋਲਿਆਂ ਨਾਲ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਘੱਲੂਘਾਰੇ ਸਾਕੇ ਦੀ ਯਾਦਗਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਉਸਾਰੇਗੀ ਤਾਂ ਫਿਰ ਕੌਣ ਬਣਾਵੇਗਾ? ਉਨ੍ਹਾਂ ਕਿਹਾ ਕਿ ਕਾਂਗਰਸ ਜਾਣ ਬੁੱਝ ਕੇ ਅਜਿਹਾ ਵਾ-ਵੇਲਾ ਖੜਾ ਕਰ ਰਹੀ ਹੈ। ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਹੁਣ ਤੀਕ ਵਾਪਰੇ ਘੱਲੂਘਾਰਿਆਂ, ਸਾਕਿਆਂ ਦੀਆਂ ਯਾਦਗਾਰਾਂ ਸਿੱਖ ਪੰਥ ਨੇ ਆਪਣੀ ਵਿਰਾਸਤ ਸਮਝ ਕੇ ਉਸਾਰੀਆਂ ਹਨ। ਇਸ ਤੇ ਕਿਸੇ ਨੂੰ ਆਪਤੀ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਯਾਦਗਾਰਾਂ ਬਣਾਉਣ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਹੁੰਦਾ ਹੈ ਕਿ ਇਹ ਯਾਦਗਾਰ ਕਿਸ ਘੱਲੂਘਾਰੇ (ਘਟਨਾ) ਦੇ ਸੰਦਰਭ ਵਿਚ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸਮੇਤ 37 ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਹਮਲਾ ਕੀਤਾ ਗਿਆ। ਨਿਰਦੋਸ਼ੇ ਲੋਕਾਂ ਨੂੰ ਮਾਰ ਮੁਕਾਇਆ ਗਿਆ। ਕੌਮ ਦੇ ਅਣਮੁੱਲੇ ਸਾਹਿਤ ਦਾ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵੀ ਲੁੱਟ ਲਿਆ ਗਿਆ। ਉਨ੍ਹਾਂ ਕਾਂਗਰਸ ਤੇ ਯਾਦਗਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਸ ਸੱਚਾਈ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦਾ ਮਕਸਦ ਕੇਵਲ ਉਸ ਸਮੇਂ ਹੋਏ ਦਮਨ ਨੂੰ ਹੀ ਪ੍ਰਗਟ ਕਰਨਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਘੱਲੂਘਾਰੇ ਦੇ ਰੋਸ ਵਜੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਵਿਰੁੱਧ ਅਸਤੀਫਾ ਦਿੱਤਾ ਸੀ ਕੀ ਉਹ ਰਾਜਸੀ ਨਾਟਕ ਸੀ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਔਰੰਗਜੇਬ ਵੇਲੇ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ੁਲਮ ਦੀ ਇੰਤਹਾ ਪਾਰ ਕਰਦਿਆਂ ਨੀਂਹਾਂ ਵਿਚ ਚਿਣਿਆ ਗਿਆ ਸੀ। ਅੱਜ ਉਥੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਸੁਭਾਏ ਮਾਨ ਹੈ। ਭਾਈ ਮੋਤੀ ਲਾਲ ਮੈਹਿਰੇ ਦੀ ਯਾਦ ਵੀ ਗੁਰਦੁਆਰਾ ਸਾਹਿਬ ਵਜੋਂ ਹੀ ਸਥਾਪਤ ਹੈ। ਸ੍ਰੀ ਹਰਿਮੰਦਰ ਸਾਹਿਬ ਤੇ ਜਿੰਨੇ ਵੀ ਹਮਲੇ ਹੋਏ ਉਹ ਇਤਿਹਾਸ ਦਾ ਅੰਗ ਤੇ ਗਵਾਹੀ ਹਨ। 1984 ਦੇ ਹਮਲੇ ਨੂੰ ਸਿੱਖ ਪੰਥ ਕਿਵੇਂ ਅੱਖੋਂ ਪਰੋਖੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬ ਅੰਦਰ ਪੂਰਨ ਸਦਭਾਵਨਾ ਤੇ ਸ਼ਾਂਤੀ ਹੈ। ਜੇਕਰ ਕੋਈ ਗੜਬੜੀ ਹੁੰਦੀ ਹੈ ਤਾਂ ਇਸ ਪਿੱਛੇ ਸਿੱਧੇ ਤੌਰ ਤੇ ਕਾਂਗਰਸ ਦਾ ਹੱਥ ਹੋਵੇਗਾ। ਉਨ੍ਹਾਂ ਕਿਹਾ ਕਿ ਯਾਦਗਾਰਾਂ ਉਸਾਰਨ ਦਾ ਫੈਸਲਾ ਕਿਸੇ ਸਰਕਾਰ ਦਾ ਫੈਸਲਾ ਨਹੀਂ ਸਮੁੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧਾਂ ਕਾਰਨ ਹੀ ਨਾਮ ਨਿਹਾਦ ਜਥੇਬੰਦੀਆਂ ਮੁੱਦਾ ਹੀਣ ਹੋਈਆਂ ਹਨ। ਇਨ੍ਹਾਂ ਦਾ ਗਰਾਫ ਹੇਠਾਂ ਡਿੱਗਿਆ ਹੈ।