ਵਾਸ਼ਿੰਗਟਨ- ਸੋਮਾਲੀਆ ਦੇ ਇੱਕ ਅੱਤਵਾਦੀ ਸੰਗਠਨ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਦੇ ਟਿਕਾਣਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਤੌਰ ਤੇ ਊਠ ਅਤੇ ਮੁਰਗੇ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਅਲਕਾਇਦਾ ਦੇ ਸਾਥੀ ਸ਼ਹਾਬ ਅਲ-ਮੁਜਾਹਿਦੀਨ ਮੂਵਮੈਂਟ ਦੇ ਨੇਤਾਵਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਲੱਖਾਂ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਅੱਤਵਾਦੀ ਗਰੁੱਪਾਂ ਤੇ ਨਜ਼ਰ ਰੱਖਣ ਵਾਲੇ ਸਾਈਟ ਇੰਟਲੈਜੈਂਸ ਗਰੁੱਪ ਅਨੁਸਾਰ ਸ਼ਹਾਬ ਅਲ- ਮੁਜਾਹਿਦੀਨ ਮੂਵਮੈਂਟ ਨਾਲ ਜੁੜੇ ਫੁਆਦ ਮੁਹੰਮਦ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਇਹ ਪੇਸ਼ਕਸ਼ ਕੀਤੀ। ਸਾਈਟ ਵੱਲੋਂ ਫੂਆਦ ਮੁਹੰਮਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇ ਕੋਈ ਬੇਵਕੂਫ਼ ਓਬਾਮਾ ਦੇ ਟਿਕਾਣੇ ਦੀ ਜਾਣਕਾਰੀ ਦੇਵੇਗਾ ਤਾਂ ਉਸ ਨੂੰ 10 ਊਠ ਦਿੱਤੇ ਜਾਣਗੇ ਅਤੇ ਜੇ ਕੋਈ ਬੁੱਢੀ ਔਰਤ ਹਿਲਰੀ ਕਲਿੰਟਨ ਦੇ ਟਿਕਾਣੇ ਸਬੰਧੀ ਦਸੇਗਾ ਤਾਂ ਉਸ ਨੂੰ 10 ਮੁਰਗੇ ਦਿੱਤੇ ਜਾਣਗੇ।