ਰਾਚੈਸਟਰ, (ਨਿਊ ਯਾਰਕ): ਇਥੋਂ ਦੀ ਸਮੁੱਚੀ ਸੰਗਤ ਨੇ ਰਲਵੇਂ ਉਦਮ ਨਾਲ ਬੀਤੇ ਐਤਵਾਰ ਮਿਤੀ 10 ਜੂਨ ਨੂੰ ਸਿੱਖਾਂ ਦੇ ਸਿਰਤਾਜ ਤੇ ਸ਼੍ਰੋਮਣੀ ਸ਼ਹੀਦ, ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ । ਸੰਗਤ ਇਹ ਪੁਰਬ ਗੁਰਦੁਆਰਾ ਆਫ਼ ਰਾਚੈਸਟਰ ਵਿਚ ਮਨਾਉਣ ਦੀ ਬਜਾਏ ਵਿਨ ਜੈਫ਼ ਪਲਾਜ਼ੇ ਵਿਚ ਆਰਜ਼ੀ ਤੌਰ ਉਤੇ ਕਿਰਾਏ ਲਈ ਹੋਈ ਥਾਂ ਉਤੇ ਮਨਾਉਣ ਲਈ ਇਸ ਕਰਕੇ ਮਜਬੂਰ ਹੋਈ, ਕਿਉਂਕਿ 6-7 ਟਰਸਟੀਆਂ ਨੇ ਸੰਗਤਾਂ ਕੋਲੋਂ ਲੱਖਾਂ ਡਾਲਰ ਉਗਰਾਹ ਕੇ ਚੁੱਪ ਕੀਤਿਆਂ ਚੋਰ ਦਰਵਾਜ਼ੇ ਰਾਹੀਂ ਉਸ ਗੁਰੂਘਰ ਨੂੰ ਆਪਣੀ ਨਿਜੀ ਕਬਜ਼ੇ ਵਿਚ ਲੈ ਲਿਆ ਹੈ । ਭਾਵੇਂ ਸਥਾਨਕ ਸੰਗਤ ਰੋਸ ਵਜੋਂ ਗੁਰਦੁਆਰਾ ਆਫ਼ ਰਾਚੈਸਟਰ ਵਿਚ ਨਹੀਂ ਜਾਂਦੀ, ਪਰ ਤਾਂ ਵੀ ਉਹ ਆਪਣੇ ਗੁਰੂਆਂ ਦੇ ਗੁਰਪੁਰਬ ਵਿਨ ਜੈਫ ਪਲਾਜ਼ੇ ਵਿਚ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਉਣ ਵਿਚ ਕੋਈ ਕਸਰ ਨਹੀਂ ਰਹਿਣ ਦਿੰਦੀ ।
ਇਸ ਵਾਰ ਸੰਗਤ ਦੇ ਸਦੇ ਉਤੇ ਟਰਾਂਟੋ ਤੋਂ ਭਾਈ ਚਰਨਜੀਤ ਸਿੰਘ ਮੁਲਤਾਨੀ ਦੇ ਜਥੇ ਨੇ ਪੰਚਮ ਪਾਤਸ਼ਾਹ ਦੇ ਜੀਵਨ ਅਤੇ ਸ਼ਹੀਦੀ ਨਾਲ ਸਬੰਧਤ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ । ਉਹ ਕੀਰਤਨ ਦੇ ਨਾਲ ਨਾਲ ਬੜੇ ਬਾਖ਼ੂਬੀ ਢੰਗ ਨਾਲ ਸ਼ਬਦ ਵੀਚਾਰ ਵੀ ਕਰਦੇ ਰਹੇ । ਇਸ ਤੋਂ ਇਲਾਵਾ ਪ੍ਰੋ: ਲਖਵਿੰਦਰ ਸਿੰਘ ਵਿਰਕ, ਜੋ ਇਕ ਬੜੇ ਸੁਲਝੇ ਹੋਏ ਵਿਦਵਾਨ ਅਤੇ ਇਤਿਹਾਸਕਾਰ ਹਨ, ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦਾ ਪਿਛੋਕੜ ਦਸਦਿਆਂ ਉਨ੍ਹਾਂ ਦੀ ਸ਼ਹਾਦਤ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ । ਉਨ੍ਹਾਂ ਨੇ ਪੁਰਾਤਨ ਇਤਿਹਾਸਕਾਰਾਂ ਦੀਆਂ ਪੁਸਤਕਾਂ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਵਾਕਿਆਤ ਤੋਂ ਸੰਗਤ ਨੂੰ ਜਾਣੂ ਕਰਾਇਆ । ਇਸਦੇ ਨਾਲ ਹੀ ਉਨ੍ਹਾਂ ਨੇ ਜਹਾਂਗੀਰ ਦੀ ਸਵੈ-ਜੀਵਨੀ “ਤੁਜ਼ਕ-ਏ-ਜਹਾਂਗੀਰੀ” ਦਾ ਹਵਾਲਾ ਦੇ ਕੇ ਵੀ ਦਸਿਆ ਕਿ ਕਿਵੇਂ ਉਸਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਰਤਜ਼ਾ ਖ਼ਾਂ ਦੇ ਹਵਾਲੇ ਕਰਕੇ ਸਖ਼ਤ ਤੋਂ ਸਖ਼ਤ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦਿਤਾ ਸੀ । ਇਸਦੇ ਨਾਲ ਹੀ ਲਖਵਿੰਦਰ ਸਿੰਘ ਜੀ ਨੇ ਭਾਰਤ ਦੀ ਇੰਦਰਾ ਗਾਂਧੀ ਸਰਕਾਰ ਵਲੋਂ ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਉਤੇ ਤੋਪਾਂ ਅਤੇ ਬਖ਼ਤਰਬੰਦ ਟੈਂਕਾਂ ਨਾਲ ਹਮਲਾ ਕੀਤੇ ਜਾਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ । ਇੰਦਰਾ ਗਾਂਧੀ ਦੇ ਇਸ਼ਾਰੇ ਉਤੇ ਸਾਰੇ ਪੰਜਾਬ ਵਿਚ ਕਰਫ਼ੀਊ ਆਰਡਰ ਲਗਵਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਉਦਾਲੇ ਘੇਰਾ ਪਾ ਲਿਆ ਗਿਆ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਿਹੱਥੇ, ਬੇਦੋਸ਼ੇ ਅਤੇ ਮਾਸੂਮ ਸਿੱਖ ਸ਼ਰਧਾਲੂਆਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿਤਾ ਗਿਆ ਸੀ । ਸ: ਲਖਵਿੰਦਰ ਸਿੰਘ ਜੀ ਨੇ ਉਨ੍ਹਾਂ ਸ਼ਹੀਦਾਂ ਨੂੰ ਆਪਣੇ ਮੁਬਾਰਕ ਬੋਲਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ।
ਦੀਵਾਨ ਅਸਥਾਨ ਖਚਾ ਖਚ ਭਰਿਆ ਹੋਇਆ ਸੀ । ਪ੍ਰੰਪਰਾਗਤ, ਦੀਵਾਨ ਅਸਥਾਨ ਦੇ ਸਟੋਰ ਦੇ ਬਾਹਰਵਾਰ ਠੰਢੇ ਅਤੇ ਮਿਠੇ ਜਲ ਦੀ ਛਬੀਲ ਵੀ ਲਗੀ ਹੋਈ ਸੀ । ਭੋਗ ਤੋਂ ਉਪ੍ਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ।
ਅੰਤ ਵਿਚ ਦੇਸ ਪ੍ਰਦੇਸ ਦੀਆਂ ਸਮੁਚੀਆਂ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਇਹ ਦਸਣਾ ਵੀ ਜ਼ਰੂਰੀ ਹੈ ਕਿ ਗੁਰਦੁਆਰਾ ਆਫ਼ ਰਾਚੈਸਟਰ ਦੇ ਜਿਨ੍ਹਾਂ ਡੇਰੇਦਾਰਾਂ ਨੇ ਚੋਰ ਦਰਵਾਜ਼ੇ ਰਾਹੀਂ ਬਿਨਾਂ ਸੰਗਤ ਨੂੰ ਭਰੋਸੇ ਵਿਚ ਲਿਆਂ ਸੰਗਤ ਦੀ ਹੱਕ ਹਲਾਲ ਵਾਲੀ ਕਮਾਈ ਦੇ ਲਖਾਂ ਡਾਲਰਾਂ ਨੂੰ ਹੜੱਪ ਕਰ ਲਿਆ, ਗੁਰੂਘਰ ਨੂੰ ਨਿਜੀ ਜਾਇਦਾਦ ਬਣਾ ਲਿਆ, ਸਥਾਨਕ ਸੰਗਤ ਉਤੇ ਮੁਕਦਮਾ ਕੀਤਾ, ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਪਵਿਤ੍ਰ ਕਿਰਪਾਨ ਉਤੇ ਗੁਰੂਘਰ ਵਿਚ ਅਦਾਲਤੀ ਪਾਬੰਦੀ ਲਗਵਾਈ, ਅਤੇ ਮਾਣਯੋਗ ਜੱਜ ਸਾਹਿਬ ਦੀ ਅਦਾਲਤ ਵਿਚ ਸਮਰੀ ਜਜਮੈਂਟ ਲਈ ਮੋਸ਼ਨ ਦਾਇਰ ਕੀਤੀ ਕਿ ਜੱਜ ਸਾਹਿਬ ਉਨ੍ਹਾਂ ਦੀਆਂ ਗ਼ੈਰ ਲੋਕ ਰਾਜੀ ਮੰਗਾਂ ਨੂੰ ਆਪਣੀ ਪ੍ਰਵਾਨਗੀ ਦੇ ਦੇਣ । ਮਾਣਯੋਗ ਜੱਜ ਸਾਹਿਬ ਨੇ ਕੇਸ ਦਾ ਜਾਇਜ਼ਾ ਲੈਣ ਪਿਛੋਂ ਡੇਰੇਦਾਰਾਂ ਦੀ ਮੰਗ ਨੂੰ ਪਹਿਲੀ ਤਾਰੀਖ ਵਿਚ ਹੀ ਠੁਕਰਾ ਦਿਤਾ, ਕਿਉਂਕਿ ਉਹ ਇਸ ਕੇਸ ਦੀ ਤਹਿ ਤਕ ਜਾਣਾ ਚਾਹੁੰਦੇ ਹਨ । ਅਜੀਬ ਗਲ ਇਹ ਹੈ ਕਿ ਟਰਸਟੀਆਂ ਨੇ ਸੰਗਤ ਉਤੇ ਆਪ ਹੀ ਕੇਸ ਕੀਤਾ, ਆਪ ਹੀ ਸਮਰੀ ਜਜਮੈਂਟ ਲਈ ਮੋਸ਼ਨ ਦਾਇਰ ਕੀਤਾ ਅਤੇ ਮਾਣਯੋਗ ਜੱਜ ਸਾਹਿਬ ਵਲੋਂ ਮੋਸ਼ਨ ਨੂੰ ਠੁਕਰਾਏ ਜਾਣ ਉਤੇ ਆਪ ਹੀ ਉਸ ਫੈਸਲੇ ਵਿਰੁਧ ਅਪੀਲ ਕਰ ਰਹੇ ਹਨ । ਇਹ ਤਾਂ ਉਹ ਗਲ ਹੈ “ਆਪੇ ਫਾਥੜੀਏ, ਤੈਨੂੰ ਕੌਣ ਛੁਡਾਏ”।