ਹਫ਼ਾ- ਸੰਯੁਕਤ ਰਾਸ਼ਟਰ ਦੇ ਸੀਰੀਆ ਵਿੱਚ ਗਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਸੀਰੀਆ ਦੇ ਹਫ਼ਾ ਸ਼ਹਿਰ ਅੰਦਰ ਦਾਖਿਲ ਹੋਏ ਤਾਂ ਭੀੜ ਨੇ ਉਨ੍ਹਾਂ ਉਪਰ ਪੱਥਰ ਸੁੱਟ ਕੇ ਉਨ੍ਹਾਂ ਨੂੰ ਸ਼ਹਿਰ ਵਿੱਚ ਜਾਣ ਤੋਂ ਰੋਕਿਆ ਗਿਆ। ਵਾਪਸੀ ਸਮੇਂ ਉਨ੍ਹਾਂ ਦੀਆਂ ਤਿੰਨ ਕਾਰਾਂ ਤੇ ਗੋਲੀਆਂ ਚਲਾਈਆਂ ਗਈਆਂ।
ਸੰਯੂਕਤ ਰਾਸ਼ਟਰ ਦੇ ਸ਼ਾਂਤੀ ਦਲ ਦੇ ਮੁੱਖੀ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਹੁਣ ਗ੍ਰਹਿ ਯੁੱਧ ਵਰਗੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੀਰੀਆ ਦਾ ਵੱਡਾ ਹਿੱਸਾ ਸਰਕਾਰ ਦੇ ਨਿਯੰਤਰਣ ਤੋਂ ਬਾਹਰ ਹੈ। ਹਫ਼ਾ ਸ਼ਹਿਰ ਤੋਂ ਠੀਕ ਪਹਿਲਾਂ ਮਿਲਣ ਵਾਲੀ ਆਖਰੀ ਚੌਂਕੀ ਤੋਂ ਵਾਪਿਸ ਪਰਤੇ ਅਧਿਕਾਰੀਆਂ ਨੇ ਸਥਿਤੀ ਨੂੰ ਅਸੁਰੱਖਿਅਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਇਹ ਇਲਾਕਾ ਛੱਡ ਰਹੇ ਸਨ ਤਾਂ ਉਸ ਸਮੇਂ ਭੜਕੀ ਹੋਈ ਭੀੜ੍ਹ ਨੇ ਉਨ੍ਹਾਂ ਉਪਰ ਪੱਥਰ ਸੁੱਟੇ ਅਤੇ ਲੋਹੇ ਦੀਆਂ ਛੜਾਂ ਨਾਲ ਹਮਲਾ ਕੀਤਾ ਗਿਆ। ਅਗਿਆਤ ਲੋਕਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ, ਪਰ ਸੰਯੁਕਤ ਰਾਸ਼ਟਰ ਦੀ ਟੀੰਮ ਬਿਨਾਂ ਕਿਸੇ ਸੱਟਪੇਟ ਦੇ ਸੁਰੱਖਿਅਤ ਵਾਪਿਸ ਪਰਤ ਆਈ ਹੈ।ਯੂਐਨ ਨੇ ਹਫ਼ਾ ਸ਼ਹਿਰ ਅੰਦਰ ਹਿੰਸਾ ਵਿੱਚ ਵਾਧਾ ਹੋਣ ਦੀ ਚਿਤਾਵਨੀ ਦਿੱਤੀ ਹੈ।