ਨਵੀਂ ਦਿੱਲੀ- ਰਾਸ਼ਟਰਪਤੀ ਦੇ ਅਹੁਦੇ ਲਈ ਸੋਨੀਆ ਵੱਲੋਂ ਰੱਖੇ ਗਏ ਕਾਂਗਰਸ ਦੇ ਦੋਵਾਂ ਨਾਵਾਂ ਨੂੰ ਮਮਤਾ ਅਤੇ ਮੁਲਾਇਮ ਸਿੰਘ ਨੇ ਖਾਰਿਜ਼ ਕਰਕੇ ਤਿੰਨ ਨਵੇਂ ਨਾਵਾਂ ਦੇ ਸੁਝਾਅ ਦਿੱਤੇ ਹਨ।।ਇਹ ਨਾਂ ਹਨ, ਸਾਬਕਾ ਰਾਸਲਟਰਪਤੀ ਅਬਦੁਲ ਕਲਾਮ, ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਸੋਮਨਾਥ ਚੈਟਰਜੀ। ਕਾਂਗਰਸ ਵੱਲੋਂ ਪ੍ਰਣਬ ਮੁਕਰਜੀ ਅਤੇ ਹਾਮਿਦ ਅਨਸਾਰੀ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਸੀ।
ਮਮਤਾ ਅਤੇ ਮੁਲਾਇਮ ਸਿੰਘ ਨੇ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਆਪਣੇ ਵੱਲੋਂ ਰਾਸ਼ਟਰਪਤੀ ਲਈ ਤਿੰਨ ਉਮੀਦਵਾਰਾਂ ਦੇ ਨਾਂ ਪੇਸ਼ ਕੀਤੇ ਹਨ। ਇਨ੍ਹਾਂ ਤਿੰਨ ਨਾਵਾਂ ਵਿੱਚ ਸੱਭ ਤੋਂ ਪਹਿਲਾਂ ਅਬਦੁੱਲ ਕਲਾਮ, ਦੂਸਰੇ ਨੰਬਰ ਤੇ ਡਾ: ਮਨਮੋਹਨ ਸਿੰਘ ਅਤੇ ਤੀਸਰੇ ਨੰਬਰ ਤੇ ਸੋਮਨਾਥ ਚੈਟਰਜੀ ਹਨ। ਦੋਵਾਂ ਨੇਤਾਵਾਂ ਨੇ ਬਾਕੀ ਸਾਰੇ ਦਲਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਤਿੰਨ ਨਾਵਾਂ ਵਿੱਚੋਂ ਕਿਸੇ ਇੱਕ ਤੇ ਸਹਿਮਤੀ ਬਣਾਉਣ।
ਮਮਤਾ ਨੇ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕਰਕੇ ਕਿਹਾ ਸੀ ਕਿ ਉਹ ਇਸ ਮੁੱਦੇ ਤੇ ਮੁਲਾਇਮ ਸਿੰਘ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕੋਈ ਵੱਚਨ ਨਹੀਂ ਦੇ ਸਕਦੀ। ਉਸ ਨੇ ਕਿਹਾ ਕਿ ਸੋਨੀਆ ਨੇ ਕਾਂਗਰਸ ਵੱਲੋਂ ਪ੍ਰਣਬ ਮੁਕਰਜੀ ਅਤੇ ਹਾਮਿਦ ਅਨਸਾਰੀ ਨੂੰ ਰਾਸ਼ਟਰਪਤੀ ਉਮੀਦਵਾਰ ਲਈ ਪੇਸ਼ ਕੀਤਾ ਜਾ ਰਿਹਾ ਹੈ। ਹੁਣ ਗੇਂਦ ਕਾਂਗਰਸ ਦੇ ਪਾਲੇ ਵਿੱਚ ਹੈ ਹੁਣ ਕਾਂਗਰਸ ਕਸੂਤੀ ਫਸ ਗਈ ਹੈ। ਵੇਖੋ, ਉਹ ਮਮਤਾ-ਮੁਲਾਇਮ ਦੇ ਸੁਝਾਵਾਂ ਤੇ ਅਮਲ ਕਰਦੀ ਹੈ ਜਾਂ ਫਿਰ ਦੂਸਰੇ ਸਹਿਯੋਗੀ ਦਲਾਂ ਨਾਲ ਇਸ ਸਬੰਧੀ ਚਰਚਾ ਕਰਕੇ ਕੋਈ ਫੈਸਲਾ ਲੈਂਦੀ ਹੈ।