ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੇ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆ ਵਿੱਚ ਰੋਮਾਨੀਆ ਮੂਲ ਦੇ ਗਰੀਬ ਤਬਕੇ ਦੇ ਲੋਕ ਸੜਕਾਂ ਦੇ ਕੰਢਿਆਂ ਤੇ,ਹਾਈਵੇ ਦੇ ਪੁਲਾਂ ਥੱਲੇ ਜਾਂ ਖਾਲੀ ਜਗ੍ਹਾ ਵਿੱਚ ਲੱਕੜ ਦੇ ਖੋਖਿਆਂ ਦੀਆਂ ਝੁੱਗੀਆ ਝੌਪੜੀਆਂ ਬਣਾ ਕੇ ਰਹਿ ਰਹੇ ਹਨ।ਉਹ ਲੋਕੀ ਕੰਮ ਕਾਰ ਘੱਟ ਚੋਰੀ ਦੀਆਂ ਚੀਜ਼ਾਂ ਵੇਚਣਾ ਜਾਂ ਚੋਰੀ ਕਰਨ ਜਿਹੀਆਂ ਵਾਰਦਾਤਾਂ ਜਿਆਦਾ ਕਰਦੇ ਹਨ।ਇਸ ਮਾਮਲੇ ਵਿੱਚ ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਘੱਟ ਨਹੀ ਹਨ। ਫਰਾਂਸ ਦੇ ਕਈ ਦੁਕਾਨਦਾਰ ਤਾਂ ਉਹਨਾਂ ਨੂੰ ਅੰਦਰ ਆਉਣ ਤੇ ਵੀ ਮਨ੍ਹਾਂ ਕਰ ਦਿੰਦੇ ਹਨ।ਇਸ ਤਰ੍ਹਾਂ ਦੀ ਘਟਨਾ ਫਰਾਂਸ ਦੇ ਸਾਊਥ ਇਲਾਕੇ ਵਿੱਚ ਵੀ ਵਾਪਰੀ ਹੈ।ਜਦੋਂ ਇੱਕ ਬਾਰਾਂ ਸਾਲ ਦਾ ਬੱਚਾ ਤਿੰਨ ਸਾਲਾਂ ਵਿੱਚ ਪੱਚੀ ਵਾਰੀ ਚੋਰੀ ਕਰਦਾ ਫੜਿਆ ਗਿਆ।ਪਹਿਲੀ ਚੋਰੀ ਉਸ ਨੇ 9 ਸਾਲ ਦੀ ਉਮਰ ਵਿੱਚ ਕੀਤੀ ਸੀ।ਹਰ ਵਾਰੀ ਪੁਲਿਸ ਉਸ ਦੇ ਮਾਂ ਬਾਪ ਨੂੰ ਬੁਲਾ ਕੇ ਅੱਗੇ ਲਈ ਖਬਰਦਾਰ ਕਰਨ ਦੀ ਨਸੀਹਤ ਦੇਕੇ ਛੱਡ ਦਿੰਦੀ ਸੀ।ਕਿਉ ਕਿ ਉਹ ਨਬਾਲਗ ਸੀ।ਪਰ ਜਦੋਂ ਉਹ ਪਿਛਲੇ ਮਹੀਨੇ ਪੱਚੀ ਵੀ ਚੋਰੀ ਦੇ ਕੇਸ ਵਿੱਚ ਪਕੜਿਆ ਗਿਆ ਤਾਂ ਪੁਲਿਸ ਨੇ ਉਸ ਦੇ ਮਾਂ ਬਾਪ ਨੂੰ ਬੁਲਾ ਕੇ ਥਾਣੇ ਬੰਦ ਕਰ ਦਿੱਤਾ। ਜਦੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਜੱਜ ਨੇ ਉਸ ਦੇ ਮਾਂ ਬਾਪ ਨੂੰ ਲਾਪਰਵਾਹੀ,ਸਿੱਖਿਆ,ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਦੀ ਅਣ ਗਹਿਲੀ ਵਰਤਣ ਦੇ ਦੋਸ਼ ਤਹਿਤ ਤਿੰਨ ਮਹੀਨੇ ਦੀ ਸਜ਼ਾ ਸੁਣ ਕੇ ਜੇਲ ਵਿੱਚ ਭੇਜ਼ ਦਿੱਤਾ ਹੈ।ਬੱਚੇ ਦੀ 28 ਸਾਲਾਂ ਦੀ ਮਾਂ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਅਸੀ ਤਾਂ ਉਸ ਨੂੰ ਬਾਹਰ ਕੂੜੇ ਕਰਕਟ ਵਿੱਚੋਂ ਸਮਾਨ ਲੱਭਣ ਲਈ ਜਾਂ ਪੈਸੇ ਮੰਗਣ ਲਈ ਭੇਜਦੇ ਹਾਂ।ਕਿਉ ਕਿ ਇਹ ਹੁਣ ਤੋਂ ਹੀ ਆਪਣੇ ਪੈਰਾਂ ਤੇ ਖੜਾ ਹੋਣਾਂ ਸਿੱਖੇ,ਪਰ ਇਹ ਬਾਹਰ ਜਾਕੇ ਕੀ ਕੀ ਕਰਦਾ ਹੈ, ਸਾਨੂੰ ਵਾਰੇ ਕੁਝ ਵੀ ਪਤਾ ਨਹੀ ਹੁੰਦਾ, ਉਸ ਨੇ ਇਹ ਕਹਿ ਕੇ ਪੱਲਾ ਝਾੜਦਿਆਂ ਅਣਜਾਣਤਾ ਜਾਹਰ ਕੀਤੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਵਿੱਚ ਇਹ ਆਪਣੀ ਕਿਸਮ ਪਹਿਲਾ ਅਤੇ ਨਵੇਕਲਾ ਕੇਸ ਹੈ, ਜਦੋਂ ਨਬਾਲਗ ਬੱਚੇ ਦੀ ਗਲਤੀ ਦੀ ਸਜ਼ਾ ਮਾਂ ਬਾਪ ਨੂੰ ਦਿੱਤੀ ਗਈ ਹੋਵੇ।