ਨਵੀਂ ਦਿੱਲੀ- ਪ੍ਰਣਬ ਮੁੱਖਰਜੀ ਦੇ ਰਾਸ਼ਟਰਪਤੀ ਪਦ ਲਈ ਸਮਰਥਣ ਜਾਂ ਚੁਣੌਤੀ ਦੇਣ ਦੇ ਮੁੱਦੇ ਤੇ ਐਨਡੀਏ ਹੀ ਨਹੀਂ ਸਗੋਂ ਭਾਜਪਾ ਨੇਤਾਵਾਂ ਵਿੱਚ ਵੀ ਮੱਤਭੇਦ ਚੱਲ ਰਹੇ ਹਨ। ਇਸ ਲਈ ਪਾਰਟੀ ਅਜੇ ਤੱਕ ਕੋਈ ਵੀ ਠੋਸ ਸਟੈਂਡ ਨਹੀਂ ਲੈ ਸਕੀ। ਐਨਡੀਏ ਅਤੇ ਭਾਜਪਾ ਦੀ ਨਜ਼ਰ ਪੀ.ਏ. ਸੰਗਮਾ ਤੇ ਵੀ ਹੈ ਕਿ ਉਹ ਆਪਣੀ ਉਮੀਦਵਾਰੀ ਤੇ ਅਡਿੱਗ ਰਹਿਣ ਬਾਰੇ ਵਿਰੋਧੀ ਧਿਰ ਨੂੰ ਕਿਸ ਹੱਦ ਤੱਕ ਭਰੋਸਾ ਦਿਵਾ ਸਕਦਾ ਹੈ।
ਭਾਜਪਾ ਵਿੱਚ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਤੱਬਕਾ ਪ੍ਰਣਬ ਦੇ ਖਿਲਾਫ਼ ਊਮੀਦਵਾਰ ਖੜ੍ਹਾ ਕਰਨ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਵਾਇਦ ਵਿੱਚ ਅਸਫਲਤਾ ਹੀ ਹੱਥ ਲਗਣੀ ਹੈ। ਇਸ ਦੇ ਪੱਖ ਵਿੱਚ ਪਾਰਟੀ ਪ੍ਰਧਾਨ ਨਿਤਿਨ ਗੜਕਰੀ, ਅਰਣ ਜੇਟਲੀ ਅਤੇ ਰਾਜਨਾਥ ਸਿੰਘ ਹਨ ਅਤੇ ਦੂਸਰੇ ਪਾਸੇ ਲਾਲਕ੍ਰਿਸ਼ਨ ਅਡਵਾਨੀ ਅਤੇ ਸੁਸ਼ਮਾ ਚਾਹੁੰਦੇ ਹਨ ਕਿ ਹਾਰ-ਜਿੱਤ ਦੀ ਪ੍ਰਵਾਹ ਨਾਂ ਕਰਦੇ ਹੋਏ ਯੂਪੀਏ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਉਹ ਚਾਹੁੰਦੇ ਹਨ ਕਿ ਜਨਤਾ ਵਿੱਚ ਇਹ ਸੰਦੇਸ਼ ਦਿੱਤਾ ਜਾਵੇ ਕਿ ਯੂਪੀਏ ਦੇ ਖਿਲਾਫ਼ ਵਿਰੋਧੀ ਧਿਰ ਇੱਕਮੁੱਠ ਹੈ। ਉਨ੍ਹਾਂ ਅਨੁਸਾਰ ਜੇ ਲੈਫ਼ਟ ਅਤੇ ਹੋਰ ਪਾਰਟੀਆਂ ਵੀ ਬੀਜੇਪੀ ਦੇ ਨਾਲ ਆ ਖੜ੍ਹਦੀਆਂ ਹਨ ਤਾਂ ਪ੍ਰਣਬ ਨੂੰ ਸਖਤ ਟੱਕਰ ਦਿੱਤੀ ਜਾ ਸਕਦੀ ਹੈ।
ਰਾਸ਼ਟਰਪਤੀ ਉਮੀਦਵਾਰ ਲਈ ਪ੍ਰਣਬ ਦੇ ਮੁਕਾਬਲੇ ਵਿੱਚ ਵਿਰੋਧੀ ਖੇਮਿਆਂ ਵਿੱਚ ਏ.ਪੀ.ਜੇ. ਅਬਦੁੱਲ ਕਲਾਮ ਦਾ ਨਾਂ ਹੈ ਜੋ ਕਿ ਮਮਤਾ ਵੱਲੋਂ ਉਛਾਲਿਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਪੀ.ਏ. ਸੰਗਮਾ ਨੂੰ ਬੀਜੂ ਜਦ ਅਤੇ ਜੈਲਲਿਤਾ ਦਾ ਸਮਰਥਣ ਹਾਸਿਲ ਹੈ। ਸਾਬਕਾ ਰਾਸ਼ਟਰਪਤੀ ਕਲਾਮ ਤਾਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਤਾਂ ਹੀ ਇਹ ਅਹੁਦਾ ਸਵੀਕਾਰ ਕਰਨਗੇ ਜੇ ਊਨ੍ਹਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇਗੀ। ਸੰਗਮਾ ਤੇ ਬੀਜੇਪੀ ਨੂੰ ਭਰੋਸਾ ਨਹੀਂ ਹੈ ਕਿ ਉਹ ਆਖਿਰ ਤੱਕ ਉਮੀਦਵਾਰ ਰਹਿਣਗੇ ਵੀ ਜਾਂ ਨਹੀਂ ਕਿਉਂਕਿ ਉਨ੍ਹਾਂ ਦੀ ਪਾਰਟੀ ਪ੍ਰਣਬ ਨੂੰ ਸਮਰਥਣ ਦੇਣ ਦਾ ਐਲਾਨ ਕਰ ਚੁੱਕੀ ਹੈ। ਇਸ ਲਈ ਬੀਜੇਪੀ ਨੇਤਾ ਅਜੇ ਤੱਕ ਰਾਸ਼ਟਰਪਤੀ ਦੀ ਚੋਣ ਸਬੰਧੀ ਕੋਈ ਵੀ ਨਿਰਣਾਇਕ ਫੈਸਲਾ ਨਹੀਂ ਲੈ ਸਕੇ।