ਏਥਨਜ਼- ਗਰੀਸ ਦੇ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਅਜੇ ਟਲ ਗਿਆ ਲਗਦਾ ਹੈ। ਗਰੀਸ ਵਿੱਚ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਬੇਲਆਊਟ ਸਮਰਥੱਕ ਨਿਊ ਡੈਮੋਕਰੇਸੀ ਪਾਰਟੀ ਨੇ ਲੈਫ਼ਟ ਸੀਰੀਜਾ ਪਾਰਟੀ ਤੇ ਜਿੱਤ ਪ੍ਰਾਪਤ ਕੀਤੀ ਹੈ।
ਨਿਊ ਡੈਮੋਕਰੇਸੀ ਪਾਰਟੀ ਦੇ ਨੇਤਾ ਐਂਟੋਨਿਸ ਸਾਮਰਾਸ ਨੇ ਕਿਹਾ ਹੈ ਕਿ ਗਰੀਸ ਦੇ ਲੋਕਾਂ ਨੇ ਯੌਰੋਜੋਨ ਵਿੱਚ ਬਣੇ ਰਹਿਣ ਦੇ ਹੱਕ ਵਿੱਚ ਵੋਟ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਬਾਕੀ ਦਲ ਵੀ ਸਥਾਈ ਸਰਕਾਰ ਬਣਾਉਣ ਵਿੱਚ ਸਾਡੀ ਮੱਦਦ ਕਰਨ। ਬੇਲਆਊਟ ਦਾ ਵਿਰੋਧ ਕਰਨ ਵਾਲੀ ਪਾਰਟੀ ਦੂਸਰੇ ਨੰਬਰ ਤੇ ਆਈ ਹੈ। ਅੰਤਰਰਾਸ਼ਟਰੀ ਭਾਈਚਾਰੇ ਨੇ ਗਰੀਸ ਦੇ ਚੋਣ ਨਤੀਜਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਜਲਦੀ ਹੀ ਸਰਕਾਰ ਦਾ ਗਠਨ ਕੀਤਾ ਜਾਵੇ।
ਨਿਊ ਡੈਮੋਕਰੇਸੀ ਪਾਰਟੀ ਯੌਰੋਜੋਨ ਦੁਆਰਾ ਪ੍ਰਸਤਾਵਿਤ ਆਰਥਿਕ ਕਟੌਤੀ ਪੈਕੇਜ਼ ਦਾ ਸਮਰਥੱਣ ਕਰਦੀ ਹੈ, ਜਦ ਕਿ ਸਿਰੀਜਾ ਪਾਰਟੀ ਯੌਰਪ ਦੇ ਬੇਲਆਊਟ ਦਾ ਵਿਰੋਧ ਕਰਦੀ ਹੈ। ਬੇਲਆਊਟ ਸਮਰਥੱਕ ਨਿਊ ਡੈਮੋਕਰੇਸੀ ਪਾਰਟੀ ਨੂੰ 29.5% ਵੋਟ,ਲੈਫ਼ਟ ਸਿਰੀਜਾ ਪਾਰਟੀ ਨੂੰ 27.1% ਅਤੇ ਪਾਸਾਕ ਸੋਸ਼ਲਿਸਟ ਪਾਰਟੀ ਨੂੰ 12.3% ਵੋਟ ਮਿਲਣੇ ਚਾਹੀਦੇ ਹਨ। ਜਿਸ ਪਾਰਟੀ ਨੂੰ ਸੱਭ ਤੋਂ ਜਿਆਦਾ ਵੋਟ ਮਿਲਣਗੇ, ਉਸ ਨੂੰ 50 ਬੋਨਸ ਸੀਟਾਂ ਮਿਲਣਗੀਆਂ। ਇਸ ਤਰ੍ਹਾਂ 300 ਮੈਂਬਰਾਂ ਵਾਲੀ ਗਰੀਸ ਪਾਰਲੀਮੈਂਟ ਵਿੱਚ ਬੇਲਆਊਟ ਸਮਰਥੱਕ ਨਿਊ ਡੈਮੋਕਰੇਸੀ ਪਾਰਟੀ ਅਤੇ ਪਾਸਾਕ ਸੋਸ਼ਲਿਸਟ ਪਾਰਟੀ ਦੀਆਂ 161 ਸੀਟਾਂ ਹੋ ਜਾਣਗੀਆਂ। ਅਜਿਹੀ ਸਥਿਤੀ ਵਿੱਚ ਗਰੀਸ ਵਿੱਚ ਬੇਲਆਊਟ ਦੇ ਹੱਕ ਵਿੱਚ ਸਰਕਾਰ ਬਣਨ ਦੀ ਪੂਰੀ ਸੰਭਾਵਨਾ ਹੈ। ਗਰੀਸ ਵਿੱਚ 6 ਮਈ ਨੂੰ ਵੀ ਚੋਣ ਕਰਵਾਈ ਗਈ ਸੀ ਪਰ ਸਪੱਸ਼ਟ ਨਤੀਜੇ ਨਾਂ ਆਉਣ ਕਰਕੇ ਦੁਬਾਰਾ ਚੋਣ ਕਰਵਾਉਣੀ ਪਈ ਹੈ।