ਨਿਊਯਾਰਕ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਸੰਸਥਾ ਫਿਚ ਨੇ ਭਾਰਤ ਦੀ ਕਰੈਡਿਟ ਰੇਟਿੰਗ ਆਊਟਲੁਕ ਵਿੱਚ ਕਟੌਤੀ ਕਰਦੇ ਹੋਏ ਇਸ ਨੂੰ ਸਥਿਰ ਤੋਂ ਨੈਗੇਟਿਵ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸਟੈਂਡਰਡ ਐਂਡ ਪੂਅਰਜ਼ ਵੀ ਕਰੈਡਿਟ ਰੇਟਿੰਗ ਘੱਟ ਕਰਨ ਦੀ ਚਿਤਾਵਨੀ ਦੇ ਚੁੱਕੀ ਹੈ।
ਵਿੱਤਮੰਤਰੀ ਪ੍ਰਣਬ ਮੁਕਰਜੀ ਨੇ ਫਿਚ ਦੇ ਇਸ ਫੈਸਲੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਰੇਟਿੰਗ ਘੱਟ ਕਰਨ ਤੋਂ ਪਹਿਲਾਂ ਫਿਚ ਨੇ ਹਾਲ ਹੀ ਵਿੱਚ ਸ਼ੁਰੂ ਕੀਤੀਆਂ ਗਈਆਂ ਆਰਥਿਕ ਸੁਧਾਰ ਯੋਜਨਾਵਾਂ ਤੇ ਗੌਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਫਿਚ ਨੇ ਜਿਹੜੀਆਂ ਸਮਸਿਆਵਾਂ ਤੇ ਚਿੰਤਾ ਜਾਹਿਰ ਕੀਤੀ ਹੈ, ਭਾਰਤ ਸਰਕਾਰ ਉਸ ਸਬੰਧੀ ਜਾਣਦੀ ਹੈ ਤੇ ਸੁਧਾਰ ਲਈ ਕਦਮ ਉਠਾ ਚੁੱਕੀ ਹੈ।
ਫਿਚ ਨੇ ਭਾਰਤ ਦੀ ਅਰਥਵਿਵਸਥਾ ਨੂੰ ਬਹੁਤ ਹੀ ਖਰਾਬ ਦਸਦੇ ਹੋਏ ਕਿਹਾ ਹੈ ਕਿ ਭਾਰਤ ਦੀ ਜੀਡੀਪੀ ਦਾ 66% ਹਿੱਸਾ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਫਿਚ ਨੇ ਭਾਰਤ ਦੀ ਕਰੈਡਿਟ ਰੇਟਿੰਗ ਬਾਰੇ ਕਿਹਾ ਸੀ ਕਿ ਭਾਰਤ ਦੀ ਅਰਥਵਿਵਸਥਾ ਸਥਿਰ ਨਹੀਂ ਰਹੀ, ਇਹ ਲਗਾਤਾਰ ਡਿੱਗ ਰਹੀ ਹੈ। ਫਿਚ ਅਨੁਸਾਰ ਭਾਰਤ ਦੀ ਅਰਥਵਿਵਸਥਾ ਇਸ ਸਾਲ 6.5% ਦੀ ਦਰ ਨਾਲ ਵਧੇਗੀ ਜੋ ਪਿੱਛਲੇ ਟੀਚੇ 7.5% ਤੋਂ ਘੱਟ ਹੈ।