ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਅੱਜ ਯੂਨੀਵਰਸਿਟੀ ਅਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਿਖਲਾਈ ਪ੍ਰੋਗਰਾਮਾਂ ਸੰਬੰਧੀ ਸਹਿਯੋਗ ਬਾਰੇ ਸਮਝੌਤੇ ਤੇ ਹਸਤਾਖਰ ਕੀਤੇ ਗਏ। ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਅਤੇ ਕਾਰਪੋਰੇਸ਼ਨ ਵੱਲੋਂ ਡਿਪਟੀ ਜਨਰਲ ਮੈਨੇਜਰ ਸ਼੍ਰੀ ਏ ਐਸ ਅਰੁਣਾਚਲਮ ਨੇ ਹਸਤਾਖਰ ਕੀਤੇ। ਇਸ ਸਮਝੌਤੇ ਤਹਿਤ ਕਾਰਪੋਰੇਸ਼ਨ ਦੇ ਕੁਆਲਿਟੀ ਕੰਟਰੋਲ ਅਤੇ ਫੀਲਡ ਸਟਾਫ ਦੀ ਪੀ ਏ ਯੂ ਵੱਲੋਂ ਸਿਖਲਾਈ ਦਿੱਤੇ ਜਾਣ ਦਾ ਪ੍ਰੋਗਰਾਮ ਹੈ। ਸਮਝੌਤਾ ਪਹਿਲੀ ਵਾਰੀ ਤਿੰਨ ਸਾਲਾਂ ਲਈ ਲਾਗੂ ਰਹੇਗਾ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਨੇ ਕਣਕ ਦੀ ਰੀਕਾਰਡ ਪੈਦਾਵਾਰ ਕੀਤੀ ਹੈ। ਅਨਾਜ ਦੀ ਸਾਂਭ ਸੰਭਾਲ ਇਕ ਮਘਦਾ ਵਿਸ਼ਾ ਹੈ। ਵਿਗਿਆਨਕ ਲੀਹਾਂ ਤੇ ਅਨਾਜ ਦੇ ਭੰਡਾਰਨ ਬਾਰੇ ਕਾਰਪੋਰੇਸ਼ਨ ਦੇ ਕਾਮਿਆਂ ਨੂੰ ਯੋਗ ਸਿਖਲਾਈ ਦੇਣੀ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਾਰਪੋਰੇਸ਼ਨ ਨੂੰ ਦੇਣ ਦੀ ਗੱਲ ਆਖੀ। ਡਾ: ਗੋਸਲ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਕਣ ਅਨਾਜ ਨਾਲ ਲੱਗੇ ਹੁੰਦੇ ਹਨ ਜਿਸ ਨਾਲ ਅਨਾਜ ਦਾ ਨਿਰਯਾਤ ਪ੍ਰਭਾਵਿਤ ਹੁੰਦਾ ਹੈ। ਸਿਖਲਾਈ ਰਾਹੀਂ ਅਨਾਜ ਦੀ ਕੁਆਲਿਟੀ ਬਾਰੇ ਚੌਕਸੀ ਰੱਖਣ ਵਿੱਚ ਮਦਦ ਮਿਲੇਗੀ।
ਸ਼੍ਰੀ ਅਰੁਣਾਚਲਮ ਨੇ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਕੇ ਰਾਸ਼ਟਰੀ ਭੋਜਨ ਸੁਰੱਖਿਆ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੋਲੋਂ ਕਾਰਪੋਰੇਸ਼ਨ ਬਹੁਤ ਕੁਝ ਸਿੱਖ ਸਕਦਾ ਹੈ। ਖਾਸ ਕਰਕੇ ਅਨਾਜ ਦੇ ਭੰਡਾਰਨ ਬਾਰੇ ਤਕਨੀਕਾਂ ਅਤੇ ਕੁਆਲਿਟੀ ਕੰਟਰੋਲ ਦੀਆਂ ਵਿਧੀਆਂ ਬਾਰੇ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਾਰਪੋਰੇਸ਼ਨ ਪਹਿਲਾਂ ਵੀ ਯੂਨੀਵਰਸਿਟੀ ਅਤੇ ਸਿਫਟ ਨਾਲ ਅਨਾਜ ਨੂੰ ਮੰਡੀਕਰਨ ਤੋਂ ਬਾਅਦ ਸੰਭਾਲਣ ਬਾਰੇ ਵਿਸ਼ਿਆਂ ਤੇ ਸਹਿਯੋਗ ਕਰਦਾ ਆ ਰਿਹਾ ਹੈ। ਉਨ੍ਹਾਂ ਕਣਕ ਦੀ ਕਰਨਾਲ ਬੰਟ ਬੀਮਾਰੀ ਦੇ ਕਣਾਂ ਦਾ ਦਾਣਿਆਂ ਨਾਲ ਲੱਗੇ ਰਹਿਣ ਕਰਕੇ ਇਰਾਨ ਵਰਗੇ ਮੁਲਕਾਂ ਵੱਲੋਂ ਅਯਾਤ ਹੁੰਦੀ ਕਣਕ ਨੂੰ ਪ੍ਰਵਾਨ ਨਾ ਕਰਨਾ ਇਕ ਮਹੱਤਵਪੂਰਨ ਵਿਸ਼ਾ ਹੈ। ਸ਼੍ਰੀ ਅਰੁਣਾਚਲਮ ਨੇ ਕਿਹਾ ਕਿ ਉਹ ਚਾਹੁੰਣਗੇ ਕਿ ਇਸ ਇਕਰਾਰਨਾਮੇ ਰਾਹੀਂ ਸਬੰਧਿਤ ਕਰਮਚਾਰੀਆਂ ਨੂੰ ਸਿਖਲਾਈ ਮਿਲੇ ਕਿ ਕਣਕ ਦੇ ਦਾਣਿਆਂ ਉੱਤੇ ਉੱਲੀ ਦੇ ਕਣਾਂ ਨੂੰ ਕਿਵੇਂ ਪਛਾਨਣਾ ਹੈ ਅਤੇ ਦਾਣਿਆਂ ਦੀ ਗੁਣਵੱਤਾ ਬਾਰੇ ਜਾਣਕਾਰੀ ਕਿਵੇਂ ਲੈਣੀ ਹੈ।
ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਪੀ ਏ ਯੂ ਅਤੇ ਐਫ ਸੀ ਆਈ ਜੋ ਕਿ ਕ੍ਰਮਵਾਰ 1962 ਅਤੇ 1964 ਵਿੱਚ ਹੋਂਦ ਵਿੱਚ ਆਈਆਂ ਹਨ, ਨੇ ਦੇਸ਼ ਵਿੱਚ ਅਨਾਜ ਉਤਪਾਦਨ ਅਤੇ ਭੰਡਾਰਨ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਵੱਲੇ ਸਹਿਯੋਗ ਰਾਹੀਂ ਦੋਨੋਂ ਅਦਾਰੇ ਦੇਸ਼ ਦੀ ਭੋਜਨ ਸੁਰੱਖਿਆ ਵੱਲ ਵੱਡੇ ਕਦਮ ਪੁੱਟ ਸਕਣਗੇ।
ਪੀ ਏ ਯੂ ਵੱਲੋਂ ਰਜਿਸਟਰਾਰ ਡਾ: ਰਾਜ ਕੁਮਾਰ ਮਹੇ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਡੀਨ ਖੇਤੀਬਾੜੀ ਕਾਲਜ ਡਾ: ਦਵਿੰਦਰ ਸਿੰਘ ਚੀਮਾ, ਡੀਨ ਹੋਮ ਸਾਇੰਸ ਕਾਲਜ ਡਾ: ਨੀਲਮ ਗਰੇਵਾਲ, ਡੀਨ ਖੇਤੀ ਇੰਜੀਨੀਅਰਿੰਗ ਕਾਲਜ ਡਾ: ਪਿਰਤਪਾਲ ਸਿੰਘ ਲੁਬਾਣਾ, ਡੀਨ ਬੇਸਿਕ ਸਾਇੰਸਜ਼ ਕਾਲਜ ਡਾ: ਰਾਜਿੰਦਰ ਸਿੰਘ ਸਿੱਧੂ, ਵਾਈਸ ਚਾਂਸਲਰ ਦੇ ਤਕਨੀਕੀ ਸਲਾਹਕਾਰ ਡਾ: ਪੀ ਕੇ ਖੰਨਾ ਤਂੋ ਇਲਾਵਾ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਖੋਜ (ਬਾਗਬਾਨੀ) ਡਾ: ਹਰਵਿੰਦਰ ਸਿੰਘ ਧਾਲੀਵਾਲ ਹਾਜ਼ਰ ਸਨ ਜਦ ਕਿ ਐਫ ਸੀ ਆਈ ਵੱਲੋਂ ਏਰੀਆ ਮੈਨੇਜਰ ਸ਼੍ਰੀ ਅਨੁਜ ਤਿਆਗੀ ਅਤੇ ਅਸਿਸਟੈਂਟ ਮੈਨੇਜਰ ਡਾ: ਨੀਲ ਕਮਲ ਹਾਜ਼ਰ ਸਨ।