ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਜ਼ਿਲਾ ਸਿਹਤ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ, ਸ੍ਰੀ ਅਮਨਦੀਪ ਬਾਂਸਲ ਐਸ.ਡੀ.ਐਮ ਮਲੋਟ, ਡਾ. ਸੁਖਪਾਲ ਸਿੰਘ ਜਿਲ੍ਹਾ ਸਿਹਤ ਅਫਸਰ, ਡਾ. ਮਦਨ ਗੋਪਾਲ ਸ਼ਰਮਾ ਜਿਲ੍ਹਾ ਟੀ.ਬੀ. ਕੰਟਰੋਲ ਅਫਸਰ, ਸ੍ਰੀ ਰਾਜਵਿੰਦਰ ਸਿੰਘ ਗਿੱਲ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀਮਤੀ ਗੁਰਵਿੰਦਰਪਾਲ ਕੌਰ ਜਿਲ੍ਹਾ ਸਿੱਖਿਆ ਅਫਸਰ, ਸ੍ਰੀ ਗੁਰਦੀਪ ਸਿੰਘ ਡੀ.ਐਸ.ਪੀ., ਡਾ. ਨਰੇਸ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੇ ਭਾਗ ਲਿਆਂ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਸਖਤ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਗਰਭਵਤੀ ਔਰਤਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਲੜਕੀਆਂ ਦੀ ਘੱਟ ਗਿਣਤੀ ਨੂੰ ਰੋਕਿਆ ਜਾ ਸਕੇ । ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਜਿਲ੍ਹੇ ਵਿੱਚ ਦਿਨੋ ਦਿਨ ਵੱਧ ਰਹੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾਵੇ ਤਾਂ ਜੋ ਕੈਂਸਰ ਮਰੀਜ਼ਾਂ ਦਾ ਇਲਾਜ ਲਈ ਢੁਕਵਾਂ ਪ੍ਰਬੰਧ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਝੁੱਗੀ-ਝੋਪੜੀਆਂ ਅਤੇ ਗਰੀਬ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਪਰਿਵਾਰ ਸੀਮਤ ਰੱਖਣ ਸਬੰਧੀ ਕੈਂਪਾਂ ਲਗਾਂ ਕੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਹ ਲੋਕ ਪਰਿਵਾਰ ਭਲਾਈ ਸਕੀਮਾਂ ਦਾ ਫਾਇਦਾ ਉਠਾ ਸਕਣ। ਉਹਨਾਂ ਸਿਹਤ ਵਿਭਾਗ ਨੂੰ ਇਹ ਵੀ ਹਦਾਇਤ ਕੀਤੇ ਕਿ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦਾ ਮੈਡੀਕਲ ਚੈਕਅਪ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਬਿਮਾਰੀ ਨਾਲ ਸਬੰਧਿਤ ਪੀੜਤ ਬੱਚੇ ਦਾ ਇਲਾਜ਼ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਜਿਲ੍ਹਾ ਸਿਹਤ ਅਫਸਰ ਡਾ. ਸੁਖਪਾਲ ਸਿੰਘ ਨੇ ਦੱਸਿਆਂ ਕਿ ਮਹੀਨਾ ਮਈ-2012 ਦੌਰਾਨ ਜਿਲ੍ਹੇ ਵਿੱਚ 1315 ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਕੀਤੀ ਗਈ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 1486 ਡਿਲਵਰੀ ਦੇ ਕੇਸ ਕੀਤੇ ਗਏ। ਜਨਨੀ ਸੁਰੱਖਿਆ ਸਕੀਮ ਤਹਿਤ 199 ਲਾਭਪਾਤਰੀਆਂ ਨੂੰ 133300 ਰੁਪਏ ਦੀ ਰਕਮ ਮੁਹੱਈਆਂ ਕੀਤੀ ਗਈ , ਜਦ ਕਿ ਪਰਿਵਾਰ ਭਲਾਈ ਸਕੀਮ ਤਹਿਤ 240 ਨਲਬੰਦੀ ਅਤੇ 15 ਨਸਬੰਦੀ ਦੇ ਅਪਰੇਸ਼ਨ ਕੀਤੇ ਗਏ ਅਤੇ ਇਹਨਾਂ ਲਾਭਪਾਤਰੀਆਂ ਨੂੰ 388400 ਰੁਪਏ ਦੇ ਰਕਮ ਜਾਰੀ ਕੀਤੀ ਗਈ । ਮੀਟਿੰਗ ਦੌਰਾਨ ਡਾ. ਮਦਨ ਗੋਪਾਲ ਸ਼ਰਮਾ ਜਿਲ੍ਹਾ ਟੀ.ਬੀ. ਕੰਟਰੋਲ ਅਫਸਰ ਨੇ ਦੱਸਿਆਂ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ 595 ਮਰੀਜ਼ਾਂ ਦੀ ਬਲਗਮ ਦੀ ਜਾਂਚ ਕੀਤੀ ਗਈ, ਜਿਹਨਾਂ ਵਿਚੋਂ 115 ਪੋਜਟਿਵ ਪਾਏ , 109 ਡਾਟ ਤੇ ਪਾਏ ਗਏ ਅਤੇ 144 ਟੀ.ਬੀ. ਦੇ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
ਤੰਬਾਕੂ ਕੰਟਰੋਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ ਤੰਬਾਕਨੋਸ਼ੀ ਨੂੰ ਸਖਤੀ ਨਾਲ ਰੋਕਣ ਲਈ ਤੰਬਾਕੂ ਕੰਟਰੋਲ ਐਕਟ ਤਹਿਤ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਤਾਂ ਜੋ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਨੂੰ ਤੰਬਾਕੂ ਮੁਕਤ ਕੀਤਾ ਜਾ ਸਕੇ।