ਲੁਧਿਆਣਾ:ਕੈਨੇਡਾ ਵੱਸਦੇ ਪੰਜਾਬੀ ਵਿਦਵਾਨ ਡਾ: ਰਘੁਬੀਰ ਸਿੰਘ ਬੈਂਸ ਨੂੰ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਪੰਜਾਬੀ ਭਵਨ ਲੁਧਿਆਣਾ ਵਖੇ ਲੇਖਕਾਂ, ਬੁੱਧੀਜੀਵੀਆਂ ਅਤੇ ਪੰਜਾਬੀ ਹਿਤੈਸ਼ੀਆਂ ਨਾਲ ਰੂ-ਬਰੂ ਕਰਕੇ ਸਨਮਾਨਿਤ ਕੀਤਾ ਜਾਵੇਗਾ। ਅਕੈਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਸ: ਬੈਂਸ ਨੇ 20 ਸਾਲ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋ¦ਬੀਆ ਸੂਬੇ ਵਿੱਚ ਡੈਲਟਾ ਤੇ ਸੱਰੀ ਨੂੰ ਮਿਲਾਉਂਦੀ ਸਕਾਟ ਰੋਡ ਤੇ ਪੰਜਾਬੀ ਜ਼ੁਬਾਨ ਵਿੱਚ ਦਿਸ਼ਾ ਨਿਰਦੇਸ਼ਕ ਤਖ਼ਤੀਆਂ ਲਗਵਾਈਆਂ ਸਨ। ਡੈਲਟਾ ਸ਼ਹਿਰ ਦੇ ਮੇਅਰ ਪਾਸੋਂ ਸਰਕਾਰੀ ਪ੍ਰਵਾਨਗੀ ਹਾਸਲਕ ਰਕੇ ਲਗਵਾਈਆਂ ਇਨ੍ਹਾਂ ਤਖ਼ਤੀਆਂ ਦਾ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਹੋਇਆ ਪਰ ਸ: ਰਘੁਵੀਰ ਸਿੰਘ ਬੈਂਸ ਨੇ ਹਿੰਮਤ ਨਾ ਹਾਰੀ। ਸ: ਬੈਂਸ ਨੇ 1992 ’ਚ ਪੰਜਾਬੀ ਭਾਈਚਾਰੇ ਦੀ ਮਦਦ ਨਾਲ ਉਨਾਂ ਨੇ ਸਕਾਟ ਰੋਡ ਤੇ ਪਹਿਲਾਂ ਨਿਰੋਲ ਪੰਜਾਬੀ ਕਮਿਉਨਿਟੀ ਪੁਲਿਸ ਸਟੇਸ਼ਨ ਵੀ ਸਥਾਪਤ ਕਰਵਾਇਆ ਜਿਸ ਨਾਲ ਪੰਜਾਬੀ ਭਾਈਚਾਰੇ ਦਾ ਸਨਮਾਨ ਵਧਣ ਦੇ ਨਾਲ ਨਾਲ ਪੰਜਾਬੀ ਅੱਖਰਾਂ ਅਤੇ ਭਾਸ਼ਾ ਦੀ ਵੀ ਸਰਕਾਰੀ ਕਾਇਮ ਹੋਈ। ਵਰਨਣਯੋਗ ਗੱਲ ਇਹ ਹੈ ਕਿ ਪੰਜਾਬ ਤੋਂ ਬਾਹਰ ਵਿਸ਼ਵ ਭਰ ’ਚ ਇਹ ਪਹਿਲਾ ਪੁਲਿਸ ਸਟੇਸ਼ਨ ਬਣਿਆ ਜਿਥੇ ਸਾਰੇ ਕਰਮਚਾਰੀ ਹੀ ਪੰਜਾਬੀ ਬੋਲਦੇ, ਲਿਖਦੇ ਤੇ ਪੜ੍ਹਦੇ ਹਨ। ਪੰਜਾਬੀ ਭਾਈਚਾਰਾ ਇਸ ਵਰ੍ਹੇ ਸਕਾਟ ਰੋਡ ਪੰਜਾਬੀ ਬਾਜ਼ਾਰ ਐਸੋਸੀਏਸ਼ ਦੀ 20ਵੀਂ ਵਰ੍ਹੇ ਗੰਢ ਵੀ ਮਨਾ ਰਿਹਾ ਹੈ, ਜਿਸ ਦੇ ਡਾ: ਰਘੁਬੀਰ ਸਿੰਘ ਬੈਂਸ ਪਹਿਲੇ ਪ੍ਰਧਾਨ ਸਨ।
ਸ: ਰਘੁਬੀਰ ਸਿੰਘ ਬੈਂਸ ਛੇ ਮਹੀਨੇ ਕੈਨੇਡਾ ਅਤੇ ਛੇ ਮਹੀਨੇ ਪੰਜਾਬ ਵਿੱਚ ਰਹਿੰਦੇ ਹਨ। ਵਿਸ਼ਵ ’ਚ ਏਡਜ਼ ਦੇ ਖ਼ਾਤਮੇ, ਭਰੂਣ ਹੱਤਿਆ ਅਤੇ ਨਸ਼ਾਖੋਰੀ ਦੇ ਖਿਲਾਫ ਉਹ ਅੰਤਰ ਰਾਸ਼ਟਰੀ ਪੱਧਰ ਤੇ ਪ੍ਰਵਾਨਤ ਬੁਲਾਰੇ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨਿਸ਼ਕਾਮ ਤੌਰ ਤੇ ਇਨ੍ਹਾਂ ਬੁਰਾਈਆਂ ਖਿਲਾਫ ਲਗਾਤਾਰ ਜੂਝਣ ਵਾਲੇ ਡਾ: ਰਘੁਬੀਰ ਸਿੰਘ ਬੈਂਸ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸੰਗ ਸਾਥ ਰਹਿ ਕੇ ਨਿਸ਼ਾਨ ਏ ਸਿੱਖੀ ਸੰਸਥਾ ਲਈ ਵੀ ਸੇਵਾਵਾਂ ਦੇ ਰਹੇ ਹਨ। ਇਨਸਾਈਕਲੋਪੀਡੀਆ ਆਫ਼ ਸਿੱਖ ਰੀਲੀਜਨ ਨੂੰ ਕੰਪਿਊਟਰ ਦੀ ਮਦਦ ਨਾਲ ਤਿਆਰ ਕਰਕੇ ਖਡੂਰ ਸਾਹਿਬ ਵਿਖੇ ਸਿੱਖ ਮਿਊਜ਼ੀਅਮ ਸਥਾਪਤ ਕਰਕੇ ਡਾ: ਬੈਂਸ ਇਸ ਵੇਲੇ ਟੋਰਾਂਟੋ ਵਿਖੇ ਅਜਿਹੇ ਹੀ ਮਿਊਜ਼ੀਅਮ ਸਥਾਪਤ ਕਰਨ ਦੇ ਆਹਾਰ ਵਿੱਚ ਹਨ। ਵਰਨਣਯੋਗ ਗੱਲ ਇਹ ਹੈ ਕਿ ਸ: ਰਘੁਬੀਰ ਸਿੰਘ ਬੈਂਸ ਨੂੰ ਸਕਾਟ ਰੋਡ ਪੰਜਾਬੀ ਬਾਜ਼ਾਰ ਐਸੋਸੀਏਸ਼ਨ ਵੱਲੋਂ ਵੀ 20ਵੀਂ ਵਰ੍ਹੇਗੰਢ ਤੇ ਪਿਛਲੇ ਦਿਨੀਂ ਸਨਮਾਨਿਤ ਕੀਤਾ ਗਿਆ ਹੈ।