ਇਸਲਾਮਾਬਾਦ- ਰਾਜਾ ਪਰਵੇਜ ਅਸ਼ਰਫ਼ ਨੇ ਪਾਕਿਸਤਾਨ ਦੇ 25ਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਈਵਾਨੇ-ਏ-ਸਦਰ ਵਿੱਚ ਇੱਕ ਸਮਾਗਮ ਦੌਰਾਨ ਰਾਜਾ ਪਰਵੇਜ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ।
ਪਾਕਿਸਤਾਨੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਬਕਾ ਪ੍ਰਧਾਨਮੰਤਰੀ ਗਿਲਾਨੀ ਦੇ ਅਸਤੀਫ਼ੇ ਦੇ ਤਿੰਨ ਦਿਨ ਦੇ ਵਿੱਚ ਹੀ ਰਾਜਾ ਪਰਵੇਜ਼ ਅਸ਼ਰਫ਼ ਦੀ ਦੇਸ਼ ਦੇ ਨਵੇਂ ਪ੍ਰਧਾਨਮੰਤਰੀ ਦੇ ਤੌਰ ਤੇ ਚੋਣ ਕਰ ਲਈ ਹੈ। ਸੱਤਾਧਾਰੀ ਪੀਪਲਜ਼ ਪਾਰਟੀ ਵਿੱਚ ਰਾਜਾ ਨੇ ਬਹੁਮੱਤ ਪ੍ਰਾਪਤ ਕੀਤਾ ਹੈ।ਪਰਵੇਜ਼ ਅਸ਼ਰਫ਼ ਨੂੰ ਨੈਸ਼ਨਲ ਅਸੈਂਬਲੀ ਵਿੱਚ ਹੋਈ ਚੋਣ ਦੌਰਾਨ 211 ਵੋਟ ਮਿਲੇ ਹਨ ਅਤੇ ਦੂਸਰੇ ਨੰਬਰ ਤੇ ਪੀਮਐਮਐਲ (ਐਨ ) ਦੇ ਸਰਦਾਰ ਮਹਿਤਾਬ ਅਬਾਸੀ ਨੂੰ 89 ਵੋਟ ਮਿਲੇ ਹਨ।ਤੀਸਰੇ ਉਮੀਦਵਾਰ ਜੇਯੂਆਈ-ਐਫ ਦੇ ਮੌਲਾਨਾ ਫਜ਼ਲ-ਉਰ-ਰਹਿਮਾਨ ਨੇ ਆਖਰੀ ਸਮੇਂ ਆਪਣਾ ਨਾਂ ਵਾਪਿਸ ਲੈ ਲਿਆ ਪਰ ਮੱਤਦਾਨ ਵਿੱਚ ਹਿੱਸਾ ਨਹੀਂ ਲਿਆ।
ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਰਾਜਾ ਅਸ਼ਰਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪ੍ਰਧਾਨਮੰਤਰੀ ਚੁਣੇ ਜਾਣਾ ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ਲੋਕਤੰਤਰ ਵਿੱਚ ਕਿੰਨਾ ਭਰੋਸਾ ਰੱਖਦਾ ਹੈ।ਮਖਦੂਮ ਸ਼ਹਾਬੂਦੀਨ ਦਾ ਨਾਂ ਪ੍ਰਧਾਨਮੰਤਰੀ ਪਦ ਤੋਂ ਨਕਾਰੇ ਜਾਣ ਤੋਂ ਬਾਅਦ ਹੀ ਅਸ਼ਰਫ਼ ਦਾ ਨਾਂ ਲਿਆ ਗਿਆ। ਮਖਦੂਮ ਦੇ ਖਿਲਾਫ਼ ਇੱਕ ਅਦਾਲਤ ਨੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਅਸ਼ਰੱਫ਼ ਤੇ ਵੀ ਭ੍ਰਿਸ਼ਟਾਚਾਰ ਦੇ ਅਰੋਪ ਲਗੇ ਹੋਏ ਹਨ। ਇਨ੍ਹਾਂ ਅਰੋਪਾਂ ਕਰਕੇ ਹੀ ਅਸ਼ਰਫ਼ ਨੂੰ ਗਿਲਾਨੀ ਕੈਬਨਿਟ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਹ ਜਲ ਅਤੇ ਊਰਜਾ ਮੰਤਰੀ ਸਨ।ਕਈ ਰਾਜਨੀਤਕ ਦਲ ਉਨ੍ਹਾਂ ਦਾ ਵਿਰੋਧ ਕਰਦੇ ਸਨ।
ਰਾਜਾ ਪਰਵੇਜ਼ ਅਸ਼ਰਫ਼ ਰਾਵਲਪਿੰਡੀ ਦੇ ਸ਼ਾਹੀ ਪਰੀਵਾਰ ਨਾਲ ਸਬੰਧ ਰੱਖਦੇ ਹਨ।ਉਹ ਭੁੱਟੋ ਪਰੀਵਾਰ ਦੇ ਬਹੁਤ ਹੀ ਨਿਕਟਵਰਤੀ ਹਨ। 61 ਸਾਲ ਦੇ ਰਾਜਾ ਨੈਸ਼ਨਲ ਅਕਾਊਂਟੀਬਿਲਟੀ ਅਦਾਲਤ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਹਨ। ਮੰਤਰੀ ਹੁੰਦਿਆਂ ਹੋਇਆਂ ਉਨ੍ਹਾਂ ਤੇ ਬਿਜਲੀ ਯੋਜਨਾਵਾਂ ਵਿੱਚ ਘੋਟਾਲੇ ਦੇ ਅਰੋਪ ਲਗੇ ਸਨ। ਉਹ ਪੀਪੀਪੀ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ। ਉਹ ਰਾਵਲਪਿੰਡੀ ਦੀ ਗੁਜਰ ਖਾਨ ਸੀਟ ਤੋਂ ਨੈਸ਼ਨਲ ਅਸੈਂਬਲੀ ਲਈ ਚੁਣੇ ਗਏ ਸਨ।ਉਹ ਗਿਲਾਨੀ ਸਰਕਾਰ ਵਿੱਚ ਦੋ ਵਾਰ ਮੰਤਰੀ ਰਹਿ ਚੁੱਕੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਸ਼ਰਫ਼ ਦੀ ਨਾਮਜ਼ਦਗੀ ਵੀ ਸੁਪਰੀਮ ਕੋਰਟ ਨੂੰ ਰਾਸ ਨਹੀਂ ਆਵੇਗੀ ਕਿਉਂਕਿ ਇਸੇ ਅਦਾਲਤ ਨੇ ਹੀ ਅਸ਼ਰਫ਼ ਦੇ ਖਿਲਾਫ਼ ਭ੍ਰਿਸ਼ਟਾਚਾਰ ਦੇ ਅਰੋਪਾਂ ਦੇ ਮੱਦੇਨਜ਼ਰ ਕਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।