ਨਵੀਂ ਦਿੱਲੀ- ਦੇਸ਼ ਦੀ ਜਨਤਾ ਨੂੰ ਰਸੋਈ ਗੈਸ ਪ੍ਰਾਪਤ ਕਰਨ ਲਈ ਕਿੰਨੀ ਪਰੇਸ਼ਾਨੀ ਉਠਾਉਣੀ ਪੈਂਦੀ ਹੈ, ਪਰ ਸਾਡੇ ਨੇਤਾ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਦੇ ਖੂਬ ਮਜ਼ੇ ਲੁੱਟ ਰਹੇ ਹਨ। ਪੈਟਰੋਲੀਅਮ ਮੰਤਰੀ ਜੈਪਾਲ ਰੈਡੀ ਨੇ ਖੁਦ ਇੱਕ ਸਾਲ ਵਿੱਚ 26 ਸਿਲੰਡਰ ਲਏ। ਜਦੋਂ ਉਨ੍ਹਾਂ ਕੋਲੋਂ ਇਸ ਸਬੰਧੀ ਪੁਛਿਆ ਗਿਆ ਤਾਂ ਬੜੇ ਆਰਾਮ ਨਾਲ ਜਵਾਬ ਦਿੱਤਾ ਕਿ ਦੇਸ਼ ਵਿੱਚ ਅਜਿਹਾ ਕੋਈ ਕਨੂੰਨ ਨਹੀਂ ਬਣਿਆ ਕਿ ਕੋਈ ਵਿਅਕਤੀ ਕਿੰਨੇ ਸਿਲੰਡਰ ਲੈ ਸਕਦਾ ਹੈ।ਮਜ਼ੇਦਾਰ ਗੱਲ ਤਾਂ ਇਹ ਹੈ ਕਿ ਮੰਤਰੀ ਜੀ ਦੀ ਪੋਲ ਵੀ ਉਨ੍ਹਾਂ ਦੁਆਰਾ ਚਾਲੂ ਕੀਤੀ ਗਈ ਐਲਪੀਜੀ ਟਰਾਂਸਪੇਰੈਂਸੀ ਪੋਰਟਲ ਰਾਹੀਂ ਖੁਲ੍ਹੀ। ਇਹ ਪੋਰਟਲ ਉਨ੍ਹਾਂ ਨੇ ਚੋਰ ਬਾਜ਼ਾਰੀ ਅਤੇ ਕਾਲਾ ਬਜ਼ਾਰੀ ਨੂੰ ਰੋਕਣ ਲਈ ਲਾਂਚ ਕੀਤੀ ਸੀ ਅਤੇ ਖੁਦ ਹੀ ਉਸ ਦੇ ਚੁੰਗਲ ਵਿੱਚ ਫਸ ਗਏ।
ਪੈਟਰੋਲੀਅਮ ਵਿਭਾਗ ਦੁਆਰਾ ਇਸ ਪੋਰਟਲ ਤੇ ਇੱਕ ਕਲਿਕ ਕਰਦਿਆਂ ਹੀ ਦੇਸ਼ ਦੇ ਨੇਤਾਵਾਂ ਦੀ ਅਸਲੀਅਤ ਸਾਹਮਣੇ ਆ ਗਈ।ਟਰਾਂਸਪੇਰੈਂਸੀ ਪੋਰਟਲ ਤੇ ਮੌਜੂਦ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਮੁੱਖਮੰਤਰੀ ਬਹੁਗੁਣਾ ਨੇ ਪਿੱਛਲੇ ਸਾਲ ਵਿੱਚ ਸੱਭ ਤੋਂ ਜਿਆਦਾ ਸਿਲੰਡਰਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਦਿੱਲੀ ਸਥਿਤ ਘਰ ਵਿੱਚ ਪਿੱਛਲੇ ਇੱਕ ਸਾਲ ਵਿੱਚ 83 ਸਿਲੰਡਰ ਵਰਤੇ ਗਏ ਹਨ। ਦੂਸਰੇ ਨੰਬਰ ਤੇ ਭਾਜਪਾ ਦੇ ਆਹਲੂਵਾਲੀਆ ਨੇ ਸਾਲ ਵਿੱਚ 81 ਸਿਲੰਡਰਾਂ ਦਾ ਇਸਤੇਮਾਲ ਕੀਤਾ। ਬੀਜੇਪੀ ਦੇ ਰਾਜਨਾਥ ਸਿੰਘ ਨੇ 80, ਪਰਣੀਤ ਕੌਰ ਨੇ 77, ਮੀਣਾ ਨੇ 69,ਕੇਂਦਰੀ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਨੇ 66, ਸੁਰੇਸ਼ ਕਲਮਾੜੀ ਦੇ ਘਰ 63, ਮਲਾਇਮ ਸਿੰਘ ਯਾਦਵ ਨੇ 58, ਮਾਇਆਵਤੀ ਨੇ 46, ਏ ਰਾਜਾ ਨੇ ਜੇਲ੍ਹ ਵਿੱਚ ਬੈਠੇ ਨੇ ਹੀ 47 ਗੈਸ ਸਿਲੰਡਰ,ਸੰਸਦ ਰਾਜਕੁਮਾਰ ਧੂਤ ਨੇ 71 ਅਤੇ ਬੀਜੇਪੀ ਦੇ ਅਨੁਰਾਗ ਠਾਕੁਰ ਨੇ 37 ਸਿਲੰਡਰ ਬੁਕ ਕਰਵਾਏ। ਇਨ੍ਹਾਂ ਨੇਤਾਵਾਂ ਨੇ ਇਨ੍ਹਾਂ ਗੈਸ ਸਿਲੰਡਰਾਂ ਦੀ ਵਰਤੋਂ ਸਿਰਫ਼ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਹੀ ਕੀਤੀ।
ਵਰਨਣਯੋਗ ਹੈ ਕਿ ਹਰ ਸਿਲੰਡਰ ਤੇ ਸਰਕਾਰ 344 ਰੁਪੈ ਦੀ ਸਬਸਿਡੀ ਦਿੰਦੀ ਹੈ। ਹੁਣ ਸਰਕਾਰ ਇਹ ਯਤਨ ਕਰ ਰਹੀ ਹੈ ਕਿ ਸਬਸਿਡੀ ਨੂੰ ਖ਼ਤਮ ਕੀਤਾ ਜਾਵੇ। ਸਚਾਈ ਇਹ ਹੈ ਕਿ ਆਮ ਲੋਕਾਂ ਨੂੰ ਏਜੰਸੀਆਂ 21 ਦਿਨਾਂ ਤੋਂ ਪਹਿਲਾਂ ਗੈਸ ਸਿਲੰਡਰ ਦੇਣ ਤੇ ਟਾਲਮਟੋਲ ਕਰਦੀਆਂ ਹਨ ਅਤੇ ਨੇਤਾਵਾਂ ਨੂੰ ਬੜੀ ਖੁਲਦਿਲੀ ਨਾਲ ਸਿਲੰਡਰ ਮੁਹਈਆਂ ਕਰਵਾਏ ਜਾ ਰਹੇ ਹਨ।