ਲੁਧਿਆਣਾ ਸ਼ਹਿਰ ਵਿੱਚ ਰਹਿੰਦਿਆਂ ਮੈਨੂੰ ਲਗਪਗ 41 ਵਰ੍ਹੇ ਹੋ ਗਏ ਹਨ। ਏਦੋਂ ਕੁਝ ਮਹੀਨੇ ਘੱਟ ਡਾ: ਸੁਰਜੀਤ ਪਾਤਰ ਦੀ ਰਿਹਾਇਸ਼ ਵੀ ਇਸੇ ਸ਼ਹਿਰ ਵਿੱਚ ਹੀ ਹੈ। ਮੈਂ ਆਪਣੇ ਪਿੰਡ ਬਸੰਤਕੋਟ ਤੋਂ ਲੁਧਿਆਣੇ ਖਾਲਸਾ ਕਾਲਜ ਆਪਣੇ ਵੱਡੇ ਵੀਰ ਕੋਲ ਪੜ੍ਹਨ ਆਇਆਂ ਸਾਂ ਤੇ ਪਾਤਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦੀ ਪ੍ਰੋਫੈਸਰੀ ਛੱਡ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਪ੍ਰੋਫੈਸਰ ਮੋਹਨ ਸਿੰਘ ਦੇ ਬੁਲਾਵੇ ਤੇ ਉਨ੍ਹਾਂ ਦੇ ਖੋਜ ਸਹਾਇਕ ਵਜੋਂ ਆਏ ਸਨ।
ਕਿੰਨੇ ਚੰਗੇ ਦਿਨ ਸਨ ਉਹ । ਸ਼ਹਿਰ ਦਾ ਸ਼ਹਿਨਸ਼ਾਹ ਡਾ: ਮਹਿੰਦਰ ਸਿੰਘ ਰੰਧਾਵਾ ਸੀ। ਉਹ ਖੁਦ ਭਾਵੇਂ ਖਰੜ ਰਹਿੰਦੇ ਸੀ ਪਰ ਜਿਸ ਦਿਨ ਲੁਧਿਆਣੇ ਹੁੰਦੇ ਸਾਰਾ ਸ਼ਹਿਰ ਮਹਿਕ ਉੱਠਦਾ। ਪੰਜਾਬੀ ਭਵਨ ਦੀ ਉਸਾਰੀ ਉਨ੍ਹਾਂ ਨੇ ਸਿਰ ਤੇ ਖੜੇ ਹੋ ਕੇ ਉਦੋਂ ਹੀ ਕਰਵਾਈ। ਕਿਤੇ ਰੋਜ਼ ਗਾਰਡਨ ਉੱਸਰ ਰਿਹਾ ਸੀ। ਉਹੀ ਸਰਪ੍ਰਸਤ ਅਤੇ ਮੁੱਖ ਸਲਾਹਕਾਰ ਸਨ। ਕਿਤੇ ਫਿਰੋਜ਼ਪੁਰ ਰੋਡ ਚੌੜੀ ਹੋ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੂੰ ਮੱਤਾਂ ਦੇਣ ਵਾਲੇ ਵੀ ਉਹੀ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਇਸ ਮੁਖੀਏ ਬਿਨਾਂ ਸ਼ਹਿਰ ਵਿੱਚ ਪੱਤਾ ਨਹੀਂ ਸੀ ਹਿੱਲਦਾ।
ਯੂਨੀਵਰਸਿਟੀ ਕੈਂਪਸ ਪ੍ਰੋਫੈਸਰ ਮੋਹਨ ਸਿੰਘ ਸੀ, ਕੁਲਵੰਤ ਸਿੰਘ ਵਿਰਕ ਸੀ, ਅਜਾਇਬ ਚਿਤਰਕਾਰ ਸੀ, ਕ੍ਰਿਸ਼ਨ ਅਦੀਬ ਸੀ, ਡਾ: ਦੁਸਾਂਝ, ਡਾ: ਦੀਪ, ਡਾ: ਸੇਵਕ, ਡਾ: ਸਾਧੂ ਸਿੰਘ, ਡਾ: ਫਕੀਰ ਚੰਦ ਸ਼ੁਕਲਾ ਵਰਗੇ ਕਲਮਕਾਰਾਂ ਦਾ ਅਨੰਤ ਕਾਫਲਾ। ਗੁਲਜ਼ਾਰ ਸਿੰਘ ਸੰਧੂ ਵੀ ਕੁਝ ਚਿਰ ਇਥੇ ਆਇਆ। ਯੂਨੀਵਰਸਿਟੀ ਦੀਆਂ ਸੜਕਾਂ ਤੇ ਕਦੇ ਮੁਲਕ ਰਾਜ ਆਨੰਦ ਦੇ ਦਰਸ਼ਨ ਹੁੰਦੇ, ਕਦੇ ਚਿਤਰਕਾਰ ਸੋਭਾ ਸਿੰਘ ਜੀ ਦੇ, ਕਦੇ ਸ਼ਿਵ ਕੁਮਾਰ ਬਟਾਲਵੀ ਇਥੇ ਟਹਿਲਦਾ, ਕਦੇ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਨਾਨਕ ਸਿੰਘ ਨਾਵਲਕਾਰ ਤੋਂ ਇਲਾਵਾ ਜਸਵੰਤ ਸਿੰਘ ਕੰਵਲ ਡਾ: ਰੰਧਾਵਾ ਦੇ ਮਹਿਮਾਨ ਬਣਦੇ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਇਥੇ ਹੀ ਵਾਰਿਸ ਸ਼ਾਹ ਦੀ ਹੀਰ ਨੂੰ ਅੰਗਰੇਜ਼ੀ ਅੱਖਰਾਂ ਵਿੱਚ ਸ਼ਿੰਗਾਰਿਆ ਸੀ ਜਿਸ ਨੂੰ ਮਗਰੋਂ ਡਾ: ਅਵਤਾਰ ਸਿੰਘ ਅਟਵਾਲ ਨੇ ਖੇਤੀਬਾੜੀ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਸਭਾ ਵੱਲੋਂ ਪ੍ਰਕਾਸ਼ਤ ਕੀਤਾ।
ਅਦਬ ਤੇ ਅਦੀਬਾਂ ਦੀ ਵਰੋਸਾਈ ਇਸ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਦੀ ਆਮਦ ਨੌਜਵਾਨ ਪੀੜ੍ਹੀ ਲਈ ਇਤਰ ਫੁਲੇਲ ਦੇ ਫੰਬੇ ਵਰਗੀ ਸੀ, ਮਹਿਕਦੇ ਇਨਸਾਨ ਦੁਆਲੇ ਨੌਜਵਾਨ ਲਿਖਾਰੀਆਂ ਦਾ ਝੁਰਮਟ ਹੁੰਦਾ। ਤਿੱਤਲੀਆਂ ਵੀ ਮੰਡਲਾਉਂਦੀਆਂ, ਇਨ੍ਹਾਂ ਵਿਚੋਂ ਅਮਰਜੀਤ ਸਿੰਘ ਗਰੇਵਾਲ, ਡਾ: ਸੁਖਚੈਨ ਮਿਸਤਰੀ, ਡਾ: ਗੁਰਸ਼ਰਨ ਰੰਧਾਵਾ, ਸ਼ਰਨਜੀਤ ਮਣਕੂ, ਜਨਮੇਜਾ ਜੌਹਲ, ਡਾ: ਸੁਖਪਾਲ ਅਤੇ ਅਨੇਕਾਂ ਹੋਰ ਗੱਭਰੂ ਸ਼ਬਦ ਪਾਹੁਲ ਹਾਸਿਲ ਕਰਕੇ ਵੱਡੇ ਸਿਰਜਕ ਬਣੇ। ਵਿਸ਼ਵ ਪ੍ਰਸਿੱਧ ਚਿੱਤਰਕਾਰ ਦੇਵ ਉਦੋਂ ਪੇਂਡੂ ਵਸਤਾਂ ਦੇ ਅਜਾਇਬ ਘਰ ਵਿੱਚ ਕੰਧ ਚਿੱਤਰ ਤਿਆਰ ਕਰ ਰਿਹਾ ਸੀ। ਉਸ ਨੂੰ ਕੰਮ ਕਰਦਿਆਂ ਵੇਖਣਾ ਵੀ ਜ਼ਿਆਰਤ ਵਾਂਗ ਸੀ। ਡਾ: ਸੁਰਜੀਤ ਸਿੰਘ ਦੀ ਪਹਿਲ ਪਲੇਠੀ ਰਿਹਾਇਸ਼ ਡਾ: ਸੂਧਾ ਰੋਡ ਤੇ ਸ: ਪਰਮਾਤਮਾ ਸਿੰਘ ਦੇ ਚੁਬਾਰਿਆਂ ਵਿੱਚ ਡਾ: ਅਰਜਨ ਸਿੰਘ ਜੋਸਨ ਦੇ ਗੁਆਂਢ ਵਿੱਚ ਹੁੰਦੀ ਸੀ। ਸ਼ਾਮ ਵੇਲੇ ਅਸੀਂ ਸਾਰੇ ਅੱਜ ਦੇ ਆਰਤੀ ਚੌਂਕ ਅਤੇ ਉਦੋਂ ਦੇ ਜੌੜ ਸੜਕਾਂ ਵਿਖੇ ਸ਼ਕਤੀ ਹਲਵਾਈ ਦੇ ਚੌਤਰੇ ਤੇ ਦੁੱਧ ’ਚ ਜਲੇਬੀਆਂ ਪਾ ਕੇ ਲਗਪਗ ਰੋਜ਼ ਛਕਦੇ। ਅਸੀਂ ਸਾਰੇ ਇਸ ਨੂੰ ਰਾਈਟਰਜ ਕਾਰਨਰ ਕਹਿੰਦੇ ਸਾਂ। ਸੁਰਜੀਤ ਪਾਤਰ ਦੇ ਕ੍ਰਿਸ਼ਨਾ ਨਗਰ ਵਾਲੇ ਘਰ ਵਿੱਚ ਇਕੋ ਕਮਰੇ ਅੰਦਰ ਭੁੰਜੇ ਵਿਛੇ ਬਿਸਤਰਿਆਂ ’ਚ ਮੈਂ ਡਾ: ਹਰਿਭਜਨ ਸਿੰਘ ਨੂੰ ਵੇਖਿਆ ਹੈ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੂੰ, ਸਤਿੰਦਰ ਸਿੰਘ ਨੂਰ ਵੀ ਤੇ ਪਾਸ਼ ਨੂੰ ਵੀ। ਪ੍ਰਮਿੰਦਰਜੀਤ ਅਤੇ ਦਰਸ਼ਨ ਜੈਕ ਦਾ ਤਾਂ ਪੱਕਾ ਨਿਵਾਸ ਹੈ ਹੀ ਸੀ। ਇਸ ਯੂਨੀਵਰਸਿਟੀ ਦੇ ਗੇਟ ਨੰਬਰ 3 ਨੇੜੇ ਪ੍ਰੋਫੈਸਰ ਮੋਹਨ ਸਿੰਘ ਦੇ ਐਨ ਗੁਆਂਢ ’ਚ ਪਾਤਰ ਦੀ ਰਿਹਾਇਸ਼ ਤਾਂ ਸਮਝੋ ਦੂਜਾ ਪੰਜਾਬੀ ਭਵਨ ਹੀ ਸੀ। ਇਕ ਜਣਾ ਪੌੜੀਆਂ ਚੜ੍ਹਦਾ ਤੇ ਦੂਜਾ ਲਹਿੰਦਾ। ਅੱਜ ਵੀ ਇਸ ਮਕਾਨ ਕੋਲੋਂ ਲੰਘੀਏ ਤਾਂ ਯਾਦਾਂ ਦੇ ਰੰਗ ਬਰੰਗੇ ਪੰਖੇਰੋਂ ਅੱਜ ਵੀ ਪਿੱਛਾ ਕਰਦੇ ਹਨ। ਅੱਜ ਲੁਧਿਆਣਾ ਸ਼ਹਿਰ ਵਿੱਚ ਲੁਧਿਆਣਾ ਸਾਂਸਕ੍ਰਿਤਕ ਸਮਾਗਮ ਵੱਲੋਂ ਗੁਰੂ ਨਾਨਕ ਭਵਨ ਵਿਖੇ ‘‘ਇਕ ਸ਼ਾਮ-ਡਾ: ਸੁਰਜੀਤ ਪਾਤਰ ਦੇ ਨਾਮ’’ ਹੋਣ ਦਾ ਕਾਰਡ ਵੇਖ ਕੇ ਮਹਿਸੂਸ ਹੋਇਆ ਕਿ ਸ਼ਹਿਰ ਦੇ ਸਮਰੱਥ ਉਦਯੋਗਪਤੀਆਂ ਦੀ ਇਹ ਸੰਸਥਾ ਆਪਣੀ ਧਰਤੀ ਦੇ ਪੁੱਤਰਾਂ ਨੂੰ ਸਨੇਹ ਕਰਨਾ ਜਾਣਦੀ ਹੈ। ਪਦਮਸ਼੍ਰੀ ਪੁਰਸਕਾਰ ਮਿਲਣ ਤੋਂ ਬਾਅਦ ਇਸ ਤਰ੍ਹਾਂ ਦਾ ਨਾਗਰਿਕ ਅਭਿਨੰਦਨ ਪੰਜਾਬੀ ਜ਼ੁਬਾਨ ਦਾ ਮਾਣ ਹੈ। ਡਾ: ਸੁਰਜੀਤ ਪਾਤਰ ਛੇ ਸਾਲ ਲਗਾਤਾਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਨੂੰ ਸਰਸਵਤੀ ਸਨਮਾਨ ਵੀ ਮਿਲ ਚੁੱਕਾ ਹੈ। ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਉਨ੍ਹਾਂ ਨੂੰ ਡੀ ਲਿਟ ਦੀ ਉਪਾਧੀ ਵੀ ਦੇ ਚੁੱਕੀਆਂ ਹਨ ਪਰ ਆਪਣੇ ਸ਼ਹਿਰ ਦੇ ਲੋਕਾਂ ਵੱਲੋਂ ਇਹ ਆਦਰ ਮਾਣ ਯਕੀਨਨ ਸਰਵੋਤਮ ਹੈ।
ਬਹੁਤ ਸਾਰੇ ਸੱਜਣ ਪਿਆਰਿਆਂ ਨੂੰ ਡਾ: ਸੁਰਜੀਤ ਪਾਤਰ ਦੀ ਅਜ਼ਮਤ ਬਾਰੇ ਦੱਸਣਾ ਮੈਂ ਆਪਣਾ ਧਰਮ ਸਮਝਦਾ ਹਾਂ।
ਪਾਤਰ ਦੀ ਸ਼ਾਇਰੀ ਨੇ ਸਮੁੱਚੇ ਗਲੋਬ ਤੇ ਆਪਣੀਆਂ ਪੈੜਾਂ ਇੰਨੀਆਂ ਗੂੜ੍ਹੀਆਂ ਕੀਤੀਆਂ ਹਨ ਕਿ ਵਿਸ਼ਵ ਵਿੱਚ ਵਸਦਾ ਹਰ ਪੰਜਾਬੀ ਉਨ੍ਹਾਂ ਦੇ ਬੋਲਾਂ ਨੂੰ ਆਪਣੇ ਬੋਲਾਂ ਤੇ ਮਿਸ਼ਰੀ ਵਾਂਗ ਧਰਨਾ ਲੋਚਦਾ ਹੈ। ਜ¦ਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਪੈਦਾ ਹੋਏ ਵੱਡੀਆਂ ਭੈਣਾਂ ਦੇ ਨਿੱਕੇ ਵੀਰ ਸੁਰਜੀਤ ਨੂੰ ਰਣਧੀਰ ਕਾਲਜ ਕਪੂਰਥਲਾ ਵਿੱਚ ਪੜ੍ਹਦਿਆਂ ਹੀ ਉਸ ਦੀ ਅਧਿਆਪਕਾ ਪ੍ਰੋਫੈਸਰ ਮਨੋਹਰ ਕੌਰ ਅਰਪਣ ਨੇ ਪਛਾਣ ਲਿਆ ਸੀ। ਪੱਤੜ ਤੋਂ ਪਾਤਰ ਬਣਨ ਦਾ ਸੁਭਾਗ ਵੀ ਇਸੇ ਸਮੇਂ ਵਿੱਚ ਹੀ ਸੁਰਜੀਤ ਨੂੰ ਮਿਲਿਆ। ਅਮਿਤੋਜ ਅਤੇ ਸੁਰਜੀਤ ਪਾਤਰ ਦੀ ਸਾਹਿਤਕ ਜੋੜੀ ਨੇ ਛੇਵੇਂ ਦਹਾਕੇ ਦੇ ਆਰੰਭ ਵਿੱਚ ਹੀ ਆਪਣੀ ਹਸਤੀ ਦਾ ਲੋਹਾ ਮੰਨਵਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲਜ ਕਾਲ ਦੌਰਾਨ ਹੀ ਪ੍ਰੀਤਲੜੀ, ਨਾਗਮਣੀ ਅਤੇ ਆਰਸ਼ੀ ਮੈਗਜ਼ੀਨਾਂ ਵਿੱਚ ਪ੍ਰਮੁਖਤਾ ਨਾਲ ਛਪਣਾ ਉਨ੍ਹਾਂ ਦੀ ਪ੍ਰਤਿਭਾ ਦਾ ਹੀ ਕਮਾਲ ਸੀ।
ਕੁਝ ਸਮਾਂ ਇਸੇ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਵਜੋਂ ਕੰਮ ਕਰਦਿਆਂ ਜਦ ਵੇਲੇ ਦੀ ਯੂਨੀਵਰਸਿਟੀ ਹਕੂਮਤ ਨੂੰ ਇਨ੍ਹਾਂ ਦੀ ਨਾਬਰੀ ਰਾਸ ਨਾ ਆਈ ਤਾਂ ਪਟਿਆਲਾ ਛੱਡਣਾ ਪਿਆ। ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿੱਚ ਡਾ: ਜੋਗਿੰਦਰ ਕੈਰੋਂ ਨੇ ਆਪਣੇ ਕੋਲ ਬੁਲਾ ਲਿਆ। ਉਸ ਕਾਲਜ ਵਿੱਚ ਕੁਝ ਸਮਾਂ ਪੜ੍ਹਾਇਆ ਹੀ ਸੀ ਕਿ ਪ੍ਰੋਫੈਸਰ ਮੋਹਨ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੁਲਾ ਲਿਆ। ਇਥੇ ਵੀ ਰਿਸਰਚ ਸਕਾਲਰ ਦੀ ਨੌਕਰੀ ਸੀ। ਰਿਸਰਚ ਸਕਾਲਰ ਤੋਂ ਅੱਗੇ ਤੁਰਨ ਦੇ ਮੌਕੇ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਸੁਰਜੀਤ ਪਾਤਰ ਦੇ ਆਉਣ ਨਾਲ ਲੁਧਿਆਣਾ ਦੇ ਅਦਬੀ ਅੰਬਰ ਵਿੱਚ ਰੌਣਕਾਂ ਆਈਆਂ। ਯੂਨੀਵਰਸਿਟੀ ਵਿੱਚ ਉਦੋਂ ਪ੍ਰੋਫੈਸਰ ਮੋਹਨ ਸਿੰਘ ਵੀ ਕੰਮ ਕਰਦੇ ਸਨ, ਕੁਲਵੰਤ ਸਿੰਘ ਵਿਰਕ ਵੀ, ਅਜਾਇਬ ਚਿਤਰਕਾਰ ਵੀ ਅਤੇ ਕ੍ਰਿਸ਼ਨ ਅਦੀਬ ਵੀ। ਡਾ: ਸਾਧੂ ਸਿੰਘ, ਡਾ: ਐਸ ਐਸ ਦੁਸਾਂਝ, ਡਾ: ਸ ਨ ਸੇਵਕ ਅਤੇ ਕਈ ਹੋਰ ਅਦਬੀ ਚਿਹਰੇ ਖੇਤੀ ਯੂਨੀਵਰਸਿਟੀ ਦੀ ਸ਼ਾਨ ਸਨ। ਉਦੋਂ ਹੀ ਡਾ: ਮਹਿੰਦਰ ਸਿੰਘ ਰੰਧਾਵਾ ਇਥੇ ਦੇ ਵਾਈਸ ਚਾਂਸਲਰ ਸਨ। ਪਾਤਰ ਦੀ ਸ਼ਾਇਰੀ ਵਿੱਚੋਂ ਉਦੋਂ ਅਜੇ
‘‘ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣ ਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਅ ਬਣ ਕੇ।,’
ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ,
ਤੂੰ ਤੇ ਲੰਘ ਜਾਂਨੈ ਪਾਣੀ ਕਦੇ ਵਾਅ ਬਣ ਕੇ।
ਸੁਰਜੀਤ ਪਾਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸੇਵਾ ਵਿੱਚ ਪਹੁੰਚ ਕੇ ਬਹੁਤ ਯਾਦਗਾਰੀ ਕਵਿਤਾਵਾਂ ਲਿਖੀਆਂ। ਇਸ ਦਾ ਸਬੰਧ ਭਾਵੇਂ ਥਾਂ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਪਰ ਪ੍ਰਤਿਭਾ ਦੇ ਮੌਲਣ ਲਈ ਇਹ ਧਰਤੀ ਬਹੁਤ ਭਾਗਾਂ ਵਾਲੀ ਗਿਣੀ ਜਾਣੀ ਚਾਹੀਦੀ ਹੈ। ਇਥੇ ਰਹਿੰਦਿਆਂ ਹੀ ਪਾਤਰ ਨੇ ਆਪਣੀ ਪਹਿਲੀ ਕਿਤਾਬ ਪ੍ਰਮਿੰਦਰਜੀਤ ਅਤੇ ਜੋਗਿੰਦਰ ਕੈਰੋਂ ਨਾਲ ਮਿਲ ਕੇ ਕੋਲਾਜ਼ ਕਿਤਾਬ ਨਾਮ ਹੇਠ ਛਪਵਾਈ। ਇਥੇ ਰਹਿੰਦਿਆਂ ਹੀ ਉਸ ਦੀਆਂ ਬਾਕੀ ਕਿਤਾਬਾਂ ਛਪੀਆਂ। ਇਥੇ ਰਹਿੰਦਿਆਂ ਹੀ ਉਨ੍ਹਾਂ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ। ਇਥੇ ਹੀ ਸਰਸਵਤੀ ਸਨਮਾਨ ਤੇ ਹੁਣ ਪਦਮਸ਼੍ਰੀ ਉਪਾਧੀ ਵੀ ਇਥੇ ਹੀ । ਸਭ ਤੋਂ ਵੱਡੀ ਉਪਾਧੀ ਉਨ੍ਹਾਂ ਦੀ ਜੀਵਨ ਸਾਥਣ ਭੁਪਿੰਦਰ ਕੌਰ ਵੀ ਉਨ੍ਹਾਂ ਦੀ ਇਸੇ ਸ਼ਹਿਰ ਵਿੱਚ ਹੀ ਜੀਵਨ ਸਾਥਣ ਬਣ ਕੇ ਆਈ। ਦੋਵੇਂ ਪੁੱਤਰ ਅੰਕੁਰ ਅਤੇ ਮਨਰਾਜ ਵੀ ਇਸੇ ਸ਼ਹਿਰ ਵਿੱਚ ਹੀ ਜਨਮੇ ਅਤੇ ਪ੍ਰਵਾਨ ਚੜ੍ਹੇ।
ਸ਼ਹਿਰਾਂ ਦੇ ਆਪੋ ਆਪਣੇ ਨਿਸ਼ਾਨ ਹੁੰਦੇ ਨੇ। ਕਿਤੇ ਅੰਬਰਸਰ ਖਾਲਸਾ ਕਾਲਜ ਦੀ ਇਮਾਰਤ ਤੋਂ ਪਛਾਣਿਆ ਜਾਂਦਾ ਹੈ। ਪਟਿਆਲੇ ਦਾ ਮੋਤੀ ਮਹਿਲ ਬਾਕੀ ਸ਼ਹਿਰਾਂ ਦੇ ਵੀ ਆਪੋ ਆਪਣੇ ਨਿਸ਼ਾਨ ਨੇ। ਲੁਧਿਆਣੇ ਦਾ ਅਦਬੀ ਨਿਸ਼ਾਨ ਇਸ ਵੇਲੇ ਸੁਰਜੀਤ ਪਾਤਰ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਪ੍ਰਧਾਨ ਵੀ ਛੇ ਸਾਲ ਰਿਹਾ। ਕੋਈ ਅਦਬੀ ਮਹਿਫ਼ਲ ਅਜਿਹੀ ਨਹੀਂ ਜਿਥੇ ਉਸ ਦੀ ਦੇਸ਼ ਪ੍ਰਦੇਸ਼ ਵਿੱਚ ਉਡੀਕ ਨਾ ਹੋਵੇ। ਕੋਈ ਵਿਸ਼ਾ ਅਜਿਹਾ ਨਹੀਂ ਜਿਸ ਬਾਰੇ ਉਸ ਦੀ ਕਲਮ ਨੇ ਆਪਣੇ ਵਿਚਾਰ ਨਾ ਪ੍ਰਗਟਾਏ ਹੋਣ। ਨਿਜ਼ਾਮ ਬਾਰੇ ਉਸ ਦੀਆਂ ਇਹ ਸਤਰਾਂ ਅਕਸਰ ਸੁਣਾਈਆਂ ਜਾਂਦੀਆਂ ਨੇ।
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ
ਜਿਸ ’ਚ ਸੂਲੀ ਦਾ ਇੰਤਜ਼ਾਮ ਨਹੀਂ।
ਮੈਂ ਤਾਂ ਸੂਰਜ ਹਾਂ, ਛੁਪ ਕੇ ਵੀ ਬਲਦਾਂ,
ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ।
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ।
ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ,
ਮਤਲਬ ਨਾ ਲੈ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।
ਸੁਰਜੀਤ ਪਾਤਰ ਬਹੁਤ ਖੂਬਸੂਰਤ ਸ਼ਬਦ ਸ਼ਿਲਪੀ ਹੈ। ਉਸ ਦੇ ਹੱਥਾਂ ਦੇ ਛੋਹ ਪ੍ਰਾਪਤ ਕਰਨ ਸਾਰ ਗੂੰਗੇ ਸ਼ਬਦ ਬੋਲਣ ਲੱਗ ਪੈਂਦੇ ਹਨ। ਆਪਣੇ ਬਾਪ ਦੇ ਪ੍ਰਦੇਸ਼ ਗਮਨ ਅਤੇ ਮਾਂ ਦੀਆਂ ਅੱਖਾਂ ਵਿੱਚ ਤੋਰਨ ਲੱਗਿਆਂ ਆਈ ਉਦਾਸੀ ਦਾ ਜਿਕਰ ਇਸ ਤੋਂ ਸੋਹਣਾ ਹੋਰ ਉਹ ਕੀ ਕਰਦਾ।
ਸੁੰਨੇ ਸੁੰਨੇ ਰਾਹਾਂ ਉੱਤੇ,ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖੈਰ ਏ।
ਸੁਰਜੀਤ ਪਾਤਰ ਨਾਲ ਪਿਛਲੇ 40 ਸਾਲਾਂ ਦੀ ਸਹਿ ਯਾਤਰਾ ਕਾਰਨ ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਸ ਦੇ ਲਿਖੇ, ਬੋਲੇ ਅਤੇ ਗਾਏ ਸ਼ਬਦਾਂ ਵਿੱਚ ਵੱਖਰੀ ਮਹਿਕ ਹੁੰਦੀ ਹੈ। ਸ਼ਬਦਾਂ ਨੂੰ ਇੰਝ ਸ਼ਿੰਗਾਰਦਾ ਹੈ ਜਿਵੇਂ ਪਹਿਲ ਪਲੇਠੀ ਨਾਰ ਪਹਿਲੀ ਵਾਰ ਹਾਰ ਸ਼ਿੰਗਾਰ ਕਰਦੀ ਹੈ। ਕੰਜ ਕੁਆਰੇ ਸ਼ਬਦਾਂ ਨੂੰ ਆਪਣੀ ਗ਼ਜ਼ਲ, ਨਜ਼ਮ ਅਤੇ ਗੀਤ ਵਿੱਚ ਸਦੀਵੀ ਅਮਰਤਾ ਬਖ਼ਸ਼ਦਾ ਹੈ। ਉਸ ਦੀ ਵਾਰਤਕ ਦਾ ਰੰਗ ਜਾਨਣਾ ਹੋਵੇ ਤਾਂ ਉਸ ਦੀ ਸੱਜਰੀ ਕਿਤਾਬ ‘ਸੂਰਜ ਮੰਦਰ ਦੀਆਂ ਪੌੜੀਆਂ’ ਵਿਚੋਂ ਲੰਘੋ। ਉਸ ਦੀ ਸ਼ਕਤੀ ਜਾਣ ਜਾਵੋਗੇ। ਉਸ ਦੀ ਨਾਟਕੀ ਰੁਪਾਂਤਰਣ ਸ਼ਕਤੀ ਜਾਨਣ ਲਈ ਤੁਸੀਂ ਨੀਲਮ ਮਾਨ ਸਿੰਘ ਦੇ ਖੇਡੇ ਨਾਟਕਾਂ ਨੂੰ ਵੇਖ ਸਕਦੇ ਹੋ।
ਸੁਰਜੀਤ ਪਾਤਰ ਦੀ ਸਖਸ਼ੀਅਤ ਨੂੰ ਜਾਨਣ ਅਤੇ ਮਾਨਣ ਲਈ ਉਸ ਦੀ ਹੀ ਇਕ ਨਜ਼ਮ ਪੁਲ ਰਾਹੀਂ ਮੈਂ ਆਪਣੀ ਗੱਲ ਸਿਰੇ ਲਾਉਂਦਾ ਹਾਂ
ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ ਸਾਂ
ਮੇਰੇ ਉਪਰੋਂ ਦੀ ਜਦ ਲੰਘ ਰਹੇ ਸੀ
ਸ਼ਾਇਦ ਕਹਿ ਰਹੇ ਸੀ,
ਕਿਥੇ ਰਹਿ ਗਿਆ ਉਹ ਚੁਪ ਜਿਹਾ ਬੰਦਾ
ਸ਼ਾਇਦ ਪਿੱਛੇ ਮੁੜ ਗਿਆ ਹੈ
ਸਾਨੂੰ ਪਹਿਲਾਂ ਹੀ ਪਤਾ ਸੀ
ਉਸ ਵਿਚ ਦਮ ਨਹੀਂ ਹੈ।