ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੋਧਾਂ ਵਿਖੇ ‘‘ਜੋਧਾਂ ਫੂਡ ਪ੍ਰਾਡਕਟਸ’’ ਨਾਂ ਹੇਠ ਸ਼ੁਰੂ ਕੀਤੇ ਹਲਦੀ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਕਣਕ ਝੋਨਾ ਫ਼ਸਲ ਚੱਕਰ ਹੇਠੋਂ ਕੁਝ ਰਕਬਾ ਕੱਢਣ ਵਿੱਚ ਹਲਦੀ ਵਰਗੀਆਂ ਨਵੀਆਂ ਫ਼ਸਲਾਂ ਮਹੱਤਵਪੂਰਨ ਹਿੱਸਾ ਪਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਭੁੱਖਮਰੀ ਦੂਰ ਕਰਨ ਵਾਲੇ ਸੂਬੇ ਪੰਜਾਬ ਨੂੰ ਹੁਣ ਘੱਟੋ ਘੱਟ ਸਮਰਥਨ ਮੁੱਲ ਦੇ ਭਰਮਜਾਲ ਹੇਠੋਂ ਨਿਕਲਣਾ ਪਵੇਗਾ ਕਿਉਂਕਿ ਇਸ ਨੇ ਹੀ ਸਾਡੇ ਜਲ ਅਤੇ ਹੋਰ ਖੇਤੀ ਸੋਮਿਆਂ ਦਾ ਘਾਣ ਕੀਤਾ ਹੈ।
ਡਾ: ਢਿੱਲੋਂ ਨੇ ਜੋਧਾਂ ਪਿੰਡ ਦੇ ਹਿੰਮਤੀ ਅਤੇ ਉਤਸ਼ਾਹੀ ਨੌਜਵਾਨਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਵਿਦੇਸ਼ਾਂ ਵਿਚੋਂ ਪਰਤ ਕੇ ਆਪਣੀ ਜਨਮ ਭੂਮੀ ਤੇ ਪਰਤ ਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਮਦਦ ਨਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਹਲਦੀ ਦੀ ਪ੍ਰੋਸੈਸਿੰਗ ਪਲਾਂਟ ਸ਼ੁਰੂ ਕੀਤਾ ਹੈ। 50 ਹਜ਼ਾਰ ਕੁਇੰਟਲ ਸਾਲਾਨਾ ਹਲਦੀ ਪ੍ਰੋਸੈਸਿੰਗ ਸਮਰੱਥਾ ਵਾਲੇ ਇਸ ਪਲਾਂਟ ਦੇ ਲੱਗਣ ਨਾਲ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਵਧੇਰੇ ਲਾਭ ਮਿਲੇਗਾ ਅਤੇ ਰਵਾਇਤੀ ਕਣਕ-ਝੋਨਾ ਫ਼ਸਲ ਚੱਕਰ ਹੇਠੋਂ ਵੀ ਰਕਬਾ ਨਿਕਲ ਕੇ ਹਲਦੀ ਵਰਗੀਆਂ ਨਵੀਆਂ ਫ਼ਸਲਾਂ ਅਧੀਨ ਆਵੇਗਾ। ਡਾ: ਢਿੱਲੋਂ ਨੇ ਕਿਹਾ ਕਿ ਬਦੇਸ਼ੀ ਮੰਡੀਆਂ ਵਿੱਚ ਹਲਦੀ ਦੀ ਖਪਤ ਦੇ ਟਿਕਾਣੇ ਪਛਾਣ ਕੇ ਮੰਡੀਕਰਨ ਯੋਜਨਾ ਉਲੀਕਣ ਦੀ ਲੋੜ ਪਵੇਗੀ। ਇਵੇਂ ਹੀ ਵੱਡੇ ਵਪਾਰਕ ਘਰਾਣਿਆਂ ਨਾਲ ਤਾਲਮੇਲ ਕਰਕੇ ਵੀ ਇਸ ਹਲਦੀ ਦੀ ਖਪਤ ਸਹੀ ਮੁੱਲ ਤੇ ਕੀਤੀ ਜਾਣੀ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਹਲਦੀ ਦੀ ਪੌਸ਼ਟਿਕਤਾ ਬਾਰੇ ਵੀ ਚੇਤਨਾ ਮੁਹਿੰਮ ਯੂਨੀਵਰਸਿਟੀ ਵੱਲੋਂ ਚਲਾਈ ਜਾਵੇਗੀ। ਹਲਕਾ ਦਾਖਾ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ: ਮਨਪ੍ਰੀਤ ਸਿੰਘ ਅਯਾਲੀ ਅਤੇ ਇਲਾਕੇ ਦੇ ਉੱਘੇ ਵਿਅਕਤੀਆਂ ਸ: ਕੰਵਲਜੀਤ ਸਿੰਘ ਮੱਲ੍ਹਾ ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ, ਸ: ਜਗਦੇਵ ਸਿੰਘ ਗਰੇਵਾਲ ਸਰਪੰਚ ਜੋਧਾਂ ਡਾ: ਜਰਨੈਲ ਸਿੰਘ ਨਾਰੰਗਵਾਲ, ਸ: ਅਵਤਾਰ ਸਿੰਘ ਉੱਭੀ, ਮੈਨੇਜਿੰਗ ਡਾਇਰੈਕਟਰ ਸ: ਅਵਤਾਰ ਸਿੰਘ ਚੇਅਰਮੈਨ, ਸ: ਜੁਝਾਰ ਸਿੰਘ ਵਾਈਸ ਚੇਅਰਮੈਨ ਅਤੇ ਡਾਇਰੈਕਟਰ ਵਿਕਰਮਜੀਤ ਸਿੰਘ ਨੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ। ਇਹ ਪਲਾਂਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੀ ਤਕਨੀਕੀ ਦੇਖਰੇਖ ਹੇਠ ਲਗਾਇਆ ਗਿਆ ਹੈ।
ਹਲਕਾ ਵਿਧਾਇਕ ਸ: ਮਨਪ੍ਰੀਤ ਸਿੰਘ ਅਯਾਲੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪਲਾਂਟ ਦੇ ਲੱਗਣ ਨਾਲ ਹਲਕਾ ਦਾਖਾ ਪੇਂਡੂ ਉਦਯੋਗ ਕਰਾਂਤੀ ਵਿੱਚ ਪੈਰ ਧਰ ਰਿਹਾ ਹੈ। ਲਗਪਗ 6.50 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪਲਾਂਟ ਰਾਹੀਂ ਜਿਥੇ ਸੈਂਕੜੇ ਨੌਜਵਾਨਾਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਰੁਜ਼ਗਾਰ ਮਿਲੇਗਾ ਉਥੇ ਫ਼ਸਲਾਂ ਦੀ ਕਾਸ਼ਤ ਵਿੱਚ ਵੀ ਵੰਨ ਸੁਵੰਨਤਾ ਆਵੇਗੀ। ਪਹਿਲਾਂ ਜੋਧਾਂ ਇਲਾਕਾ ਸਬਜ਼ੀਆਂ ਵਿਸ਼ੇਸ਼ ਕਰਕੇ ਭਿੰਡੀ ਦੀ ਕਾਸ਼ਤ ਕਰਕੇ ਜਾਣਿਆ ਜਾਂਦਾ ਸੀ ਪਰ ਹੁਣ ਹਲਕੀ ਦੇ ਪ੍ਰੋਸੈਸਿੰਗ ਪਲਾਂਟ ਲੱਗਣ ਨਾਲ ਹਲਦੀ ਦੀ ਕਾਸ਼ਤ ਵਿੱਚ ਵੀ ਅੱਗੇ ਆਵੇਗਾ । ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ: ਅਸ਼ੋਕ ਕੁਮਾਰ ਦੇਵਗਣ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਪਲਾਂਟ ਦੀ ਸਮਰੱਥਾ ਹੁਣ ਤੀਕ ਪੰਜਾਬ ਵਿੱਚ ਲੱਗੇ ਸਾਰੇ ਪ੍ਰੋਸੈਸਿੰਗ ਪਲਾਂਟਾਂ ਤੋਂ ਵੱਧ ਹੈ। ਹੁਣ ਤੀਕ ਪੰਜਾਬ ਵਿੱਚ ਭੋਜਨ ਪ੍ਰੋਸੈਸਿੰਗ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੇਖ ਰੇਖ ਹੇਠ ਲਗਪਗ 150 ਛੋਟੇ ਵੱਡੇ ਪਲਾਂਟ ਸਥਾਪਿਤ ਕੀਤੇ ਜਾ ਚੁੱਕੇ ਹਨ।
ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਕੰਵਲਜੀਤ ਸਿੰਘ ਮੱਲ੍ਹਾ ਅਤੇ ਸੀਨੀਅਰ ਅਕਾਲੀ ਆਗੂ ਡਾ: ਜਰਨੈਲ ਸਿੰਘ ਨਾਰੰਗਵਾਲ ਨੇ ਵੀ ਮਾਨਯੋਗ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਇਕ ਸਾਲ ਵਿੱਚ ਪੰਜਾਬ ਦੇ ਖੇਤੀਬਾੜੀ ਅਰਥਚਾਰੇ ਦੀ ਨੁਹਾਰ ਤਬਦੀਲ ਕਰਨ ਵਿੱਚ ਮਹੱਤਵਪੂਰਨ ਅਗਵਾਈ ਦਿੱਤੀ ਹੈ। ਦੋਹਾਂ ਆਗੂਆਂ ਨੇ ਆਖਿਆ ਕਿ ਇਹ ਐਗਰੋ ਪ੍ਰੋਸੈਸਿੰਗ ਇਕਾਈ ਦੇ ਸਥਾਪਿਤ ਹੋਣ ਨਾਲ ਇਸ ਇਲਾਕੇ ਦਾ ਖੇਤੀ ਮੁਹਾਂਦਰਾ ਲਾਜ਼ਮੀ ਤਬਦੀਲ ਹੋਵੇਗਾ। ਜੋਧਾਂ ਫੂਡ ਪ੍ਰਾਡਕਟਸ ਕੰਪਨੀ ਵੱਲੋਂ ਇਸ ਮੌਕੇ ਸਹਿਯੋਗੀ ਵਿਗਿਆਨੀਆਂ ਖੇਤੀਬਾੜੀ ਇੰਜੀਨੀਅਰਾਂ ਅਤੇ ਇਸ ਪਲਾਂਟ ਦੀ ਉਸਾਰੀ ਦੇ ਸਹਿਯੋਗੀ ਰਹੇ ਸਭ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਜੋਧਾਂ ਦੇ ਸਰਪੰਚ ਸ: ਜਗਦੇਵ ਸਿੰਘ ਗਰੇਵਾਲ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਮਾਨਤੀ ਫੰਡ ਲਈ ਮਾਨਯੋਗ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਅਪੀਲ ਨੂੰ ਹੁੰਗਾਰਾ ਭਰਦਿਆਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਤੋਂ ਇਲਾਵਾ ਇਲਾਕੇ ਦੇ ਸਿਰਕੱਢ ਵਿਅਕਤੀ ਹਾਜ਼ਰ ਸਨ।