ਲੁਧਿਆਣਾ : ਪੰਜਾਬੀ ਦੇ ਲੋਕ ਗਾਇਕ ਕਰਨੈਲ ਗਿੱਲ ਦੀ ਹਾਲਤ ਚਿੰਤਾਜਨਕ ਹੈ ਜੋ ਆਪਣੇ ਘਰ ਮੰਜੇ ਤੇ ਪਿਆ ਜ਼ਿੰਦਗੀ ਅਤੇ ਮੌਤ ਦੇ ਵਿਚਾਲੜੇ ਸੰਘਰਸ਼ ਵਿਚੋਂ ਗੁਜ਼ਰ ਰਿਹਾ ਹੈ ।ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ,ਰੰਗਕਰਮੀ ਡਾ. ਨਿਰਮਲ ਜੌੜਾ ਅਤੇ ਹਰਦਿਆਲ ਸਿੰਘ ਅਮਨ ਅੱਜ ਜਮਾਲ ਪੁਰ ਅਵਾਣਾ ਵਿਖੇ ਗਿੱਲ ਦੇ ਨਿਵਾਸ ਸਥਾਨ ਤੇ ਉਸਦਾ ਪਤਾ ਲੈਣ ਗਏ ਤਾਂ ਪੂਰੇ ਪਰਿਵਾਰ ਵਿੱਚ ਖਮੋਸ਼ੀ ਸੀ ।ਪਰਿਵਾਰਕ ਸੂਤਰਾਂ ਨੇ ਦਸਿਆ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਐਸਾ ਘੇਰਿਆ ਕਿ ਅੱਜ ਡਾਕਟਰਾਂ ਨੇ ਵੀ ਸਿਰਫ ਸੇਵਾ ਕਰਨ ਲਈ ਕਿਹਾ ਹੈ ।ਸ.ਜੱਸੋਵਾਲ ਨੇ ਕਿਹਾ ਕਿ ਪੰਜਾਬੀ ਗਾਇਕੀ ਵਿੱਚ ਕਰਨੈਲ ਗਿੱਲ ਆਪਣੀ ਧਾਂਕ ਨਾਲ ਹੀ ਵਿਚਰਦਾ ਰਿਹਾ ਹੈ ਪਰ ਉਸਦੀ ਇਹ ਹਾਲਤ ਦਿਲ ਨੂ ਦੁੱਖ ਪਹੰਚਾਂਉਦੀ ਹੈ ।ਉਹਨਾ ਕਿਹਾ ਕਿ ਤਿੰਨ ਦਹਾਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਦੋਗਾਣਿਆਂ ਦੇ ਇਸ ਬਾਦਸ਼ਾਹ ਦੀ ਪੰਜਾਬੀ ਗਾਇਕੀ ਨੂੰ ਵੱਡਮੁਲੀ ਦੇਣ ਹੈ । ਸ. ਜੱਸੋਵਾਲ ਨੇ ਪੰਜਾਬ ਦੇ ਮੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਵਿਰਾਸਤੀ ਗਾਇਕੀ ਦੇ ਸਰਮਾਏ ਨੂੰ ਸਰਕਾਰ ਸੰਭਾਲਣ ਦਾ ਯਤਨ ਕਰੇ ।