ਨਵੀਂ ਦਿੱਲੀ,(ਜਸਵੰਤ ਸਿੰਘ ਅਜੀਤ)-ਨਿਸ਼ਕਾਮ ਭਾਵਨਾ ਨਾਲ ਲਗਭਗ 24 ਵਰ੍ਹਿਆਂ ਤੋਂ ਨਿਜੀ ਪੱਧਰ ਤੇ ਪੰਜਾਬੀ ਦੀ ਮੁਫਤ ਪੜ੍ਹਾਈ ਕਰਾਣ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਸਮਰਪਿਤ ਹੋ ਕੰਮ ਕਰ ਰਹੀ ਸੰਸਥਾ ‘ਪੰਜਾਬੀ ਪ੍ਰੋਮੋਸ਼ਨ ਫੌਰਮ’ ਵਲੋਂ ਮੁਫਤ ਪੰਜਾਬੀ ਦੀ ਪੜ੍ਹਾਈ ਕਰਾਣ ਦਾ 50ਵਾਂ ਸੈਸ਼ਨ ਸਫਲਤਾ ਸਹਿਤ ਪੂਰਿਆਂ ਕਰ ਲੈਣ ਤੇ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਕਰੋਲ ਬਾਗ ਵਿਖੇ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਫੋਰਮ ਦੇ ਅਹੁਦੇਦਾਰ ਸੇਵਕਾਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਦੇ ਮੁੱਖੀ ਸ. ਚਰਨਜੀਤ ਸਿੰਘ ਚੰਨ, ਨਿਰਮਾਣ ਵਿਭਾਗ ਦੇ ਚੇਅਰਮੈਨ ਸ਼੍ਰੀ ਰਵਿੰਦਰ ਗੁਪਤਾ, ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ.ਪ.ਕ.) ਦੇ ਸਾਬਕਾ ਚੇਅਰਮੈਨ ਡਾ. ਇੰਦਰ ਸਿੰਘ, ਭੂਪਾਲ ਤੋਂ ਵਿਸ਼ੇਸ਼ ਤੌਰ ਤੇ ਪੁਜੇ ਸਿੱਖ ਮੁੱਖੀ ਸ. ਦਲਜੀਤ ਸਿੰਘ, ਫੋਰਮ ਦੇ ਸਲਾਹਕਾਰ ਸ. ਅਨੂਪ ਸਿੰਘ ਐਡਵੋਕੇਟ, ਪ੍ਰਿੰਸੀਪਲ ਡਾ. ਅਨੂਪ ਕੌਰ ਕਮਲ, ਸ਼੍ਰੀ ਵਿਸ਼ਨੂੰ ਕਾਂਤ ਵਿਸ਼ਿਸ਼ਿਟ ਐਡਵੋਕੇਟ ਹਾਈਕੋਰਟ, ਗੁਰਮਤਿ ਕਾਲਜ ਦੇ ਚੇਅਰਮੈਨ ਸ. ਹਰਿੰਦਰਪਾਲ ਸਿੰਘ ਅਤੇ ਇਸ ਸੈਸ਼ਨ ਵਿੱਚ ਪੰਜਾਬੀ ਪੜ੍ਹਨਾ ਤੇ ਲਿਖਣਾ ਸਿੱਖਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਉਨ੍ਹਾਂ ਨੂੰ ਸਿਖਿਆ ਦੇਣ ਵਾਲੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਵਿਦਿਆਰਥੀਆਂ ਅਤੇ ਫੋਰਮ ਦੇ ਮੁੱਖੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਸਮਾਗਮ ਦੀ ਅਰੰਭਤਾ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਸ. ਬੀ. ਵਰਿੰਦਰਜੀਤ ਸਿੰਘ ਨੇ ਸੰਸਥਾ ਦੀ ਬੀਤੇ 24 ਵਰ੍ਹਿਆਂ ਦੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸੰਸਥਾ ਵਲੋਂ ਕੇਵਲ ਦਿੱਲੀ ਵਿੱਚ ਹੀ ਨਹੀਂ, ਸਗੋਂ ਮੱਧ ਪ੍ਰਦੇਸ਼ ਦੇ ਇੰਦੋਰ ਸ਼ਹਿਰ, ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਵੀ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਿਖਿਆ ਦੇਣ ਲਈ ਕਲਾਸਾਂ ਲਾਈਆਂ ਜਾਂਦੀਆਂ ਚਲੀਆਂ ਆ ਰਹੀਆਂ ਹਨ। ਜਿਨ੍ਹਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ ਹਿੰਦੂ, ਮੁਸਲਮਾਨ ਅਤੇ ਹੋਰ ਫਿਰਕਿਆਂ ਦੇ ਬੱਚੇ ਵੀ ਵੱਡੀ ਗਿਣਤੀ ਵਿੱਚ ਉਤਸਾਹ ਨਾਲ ਹਿਸਾ ਲੈਂਦੇ ਅਤੇ ਪੰਜਾਬੀ ਪੜ੍ਹਨ-ਲਿਖਣ ਦਾ ਗਿਆਨ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦਸਿਆ ਕਿ ਅਨੇਕਾਂ ਛੋਟੀਆਂ-ਵੱਡੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਫੋਰਮ ਆਪਣੇ ਸਨਮਾਨ ਭਰੇ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ। ਫੋਰਮ ਦੇ ਸਕਤੱਰ ਸ. ਰਣਧੀਰ ਸਿੰਘ ਨੇ ਦਸਿਆ ਕਿ ਪੰਜਾਬੀ ਪਿਆਰਿਆਂ ਦੇ ਸਹਿਯੋਗ ਅਤੇ ਅਕਾਲ ਪੁਰਖ ਦੀ ਮਿਹਰ ਸਦਕਾ ਫੋਰਮ ਸਫਲਤਾ ਸਹਿਤ ਸੰਪੂਰਨ ਹੋਏ ਆਪਣੇ ਇਸ 50ਵੇਂ ਸੈਸ਼ਨ ਨੂੰ ਬਿਦਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪ੍ਰਗਟਾਏ ਝੀਰਾ ਸਾਹਿਬ ਦੇ 500ਵੇਂ ਵਰ੍ਹੇ ਨੂੰ ਸਮਰਪਿਤ ਕਰਦੀ ਹੈ। ਉਨ੍ਹਾਂ ਦਸਿਆ ਕਿ ਇਸ ਵਰ੍ਹੇ ਪੰਜਾਬੀ ਦੇ ਪ੍ਰਸਿੱਧ ਲੇਖਕ ਸ. ਕਰਤਾਰ ਸਿੰਘ ਦੁਗਲ, ਪ੍ਰੋ. ਸਵਰਨ ਸਿੰਘ ਅਤੇ ਮਾਤਾ ਗੁਰਸ਼ਰਨ ਕੌਰ ਅਯੂਰ ਦੀ ਯਾਦ ਵਿੱਚ ਤਿੰਨ ਨਵੇਂ ਮੈਡਲ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਮੌਕੇ ਤੇ ਸਰਵੋਤਮ ਵਿਦਿਆਰਥੀ ਕਰਨ ਲੂਥਰਾ ਨੂੰ ਮਾਤਾ ਮਹਿੰਦਰ ਕੌਰ ਮੈਮੋਰੀਅਲ ਐਵਾਰਡ ਅਤੇ ਸਰਵੋਤਮ ਵਿਦਿਆਰਥਣ ਭਾਰਤੀ ਨੂੰ ਸਰਦਾਰਨੀ ਸੁਰਿੰਦਰ ਕੌਰ ਸ. ਸਰੂਪ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਪੰਜਾਬੀ ਪ੍ਰਚਾਰ-ਪ੍ਰਸਾਰ ਲਈ ਸ. ਹੀਰਾ ਸਿੰਘ ਮੈਮੋਰੀਅਲ ਐਵਾਰਡ ਫੋਰਮ ਦੇ ਅਧਿਆਪਕ ਸ. ਜਸਬੀਰ ਸਿੰਘ ਨੂੰ, ਸ. ਕਰਤਾਰ ਸਿੰਘ ਦੁਗਲ ਮੈਮੋਰੀਅਲ ਐਵਾਰਡ ਸ. ਜਸਬੀਰ ਸਿੰਘ ਸੇਠੀ ਨੂੰ, ਪ੍ਰੋ. ਸਵਰਨ ਸਿੰਘ ਮੈਮੋਰੀਅਲ ਐਵਾਰਡ ਪੰਜਾਬੀ ਸਾਹਿਤ ਸਭਾ ਦੇ ਮੁੱਖੀ ਸ. ਚਰਨਜੀਤ ਸਿੰਘ ਚੰਨ ਨੂੰ ਅਤੇ ਸਰਦਾਰਨੀ ਗੁਰਸ਼ਰਨ ਕੌਰ ਅਯੂਰ ਮੈਮੋਰੀਅਲ ਐਵਾਰਡ ਫੋਰਮ ਦੀ ਸਹਿਯੋਗੀ ਬੀਬੀ ਕੰਵਲਜੀਤ ਕੌਰ ਨੂੰ ਦਿੱਤਾ ਗਿਆ। ਸੰਤ ਬਾਬਾ ਈਸ਼ਰ ਸਿੰਘ ਮੈਮੋਰੀਅਲ ਗੋਲਡ ਮੈਡਲ ਕਾਕਾ ਹਰਮੀਤ ਸਿੰਘ ਨੂੰ ਅਤੇ ਸੰਤ ਬਾਬਾ ਹਜ਼ੂਰਾ ਸਿੰਘ ਮੈਮੋਰੀਅਲ ਗੋਲਡ ਮੈਡਲ ਜਸਪ੍ਰੀਤ ਕੌਰ ਨੂੰ ਦੇ ਕੇ ਸਨਮਾਨਤ ਕੀਤਾ ਗਿਆ। ਫੋਰਮ ਪਰਿਵਾਰ ਦੇ ਸ਼ੁਭਚਿੰਤਕ, ਸ੍ਰਦਾਰਨੀ ਲਾਭ ਕੌਰ, ਸ. ਹਰਨਾਮ ਸਿੰਘ, ਮਾਤਾ ਪ੍ਰਿਤਪਾਲ ਕੌਰ, ਸਰਦਾਰਨੀ ਵਰਿਆਮ ਕੋਰ, ਬੀਬੀ ਬਲਜੋਤ ਕੌਰ, ਸ਼੍ਰੀ ਹਰੀਸ਼ ਸ਼ਰਮਾ, ਜ. ਸ਼ਾਮ ਸਿੰਘ, ਸ਼੍ਰੀ ਆਰ. ਕੇ. ਵਸ਼ਿਸ਼ਟ ਐਡਵੋਕੇਟ, ਸ਼੍ਰੀ ਧਰਮਵੀਰ, ਬੀਬੀ ਸੁਰਿੰਦਰ ਕੌਰ ਆਦਿ, ਜੋ ਇਸ ਵਰ੍ਹੇ ਸਦੀਵੀ ਵਿਛੋੜਾ ਦੇ ਗਏ ਹਨ, ਦੀ ਮਿਠੀ ਯਾਦ ਵਿੱਚ, ਉਨ੍ਹਾਂ ਦੇ ਨਾਂ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਗੋਲਡ ਮੈਡਲ ਦਿੱਤੇ ਗਏ। ਇਨ੍ਹਾਂ ਤੋਂ ਇਲਾਵਾ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਏ ਵਿਦਿਆਰਥੀਆਂ ਨੂੰ ਮੋਮੈਂਟੋ, ਕਿਤਾਬਾਂ ਅਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਜਿਨ੍ਹਾਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿਸਾ ਲਿਆ ਉਨ੍ਹਾਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਇਹ ਗਲ ਇਥੇ ਵਰਨਣਯੋਗ ਹੈ ਕਿ ਸਦਾ ਵਾਂਗ ਇਸ ਵਾਰ ਵੀ ਫੋਰਮ ਵਲੋਂ ਗਰਮੀਆਂ ਦੀਆਂ ਛੁਟੀਆਂ ਵਿੱਚ ਪੰਜਾਬੀ ਪੜ੍ਹਾਉਣ ਲਈ 23 ਕੇਂਦਰ ਸਥਾਪਤ ਕੀਤੇ ਗਏ, ਜਿਨ੍ਹਾਂ ਵਿੱਚ ਸਭ ਫਿਰਕਿਆਂ ਦੇ ਤਕਰੀਬਨ 1400 ਵਿਦਿਆਰਥੀਆਂ ਨੇ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਿਖਿਆ ਪ੍ਰਾਪਤ ਕੀਤੀ। ਸੈਸ਼ਨ ਦੀ ਸਮਾਪਤੀ ਤੇ ਸਾਰੇ ਵਿਦਿਆਰਥੀਆਂ ਦੀ ਲਿਖਤ ਪ੍ਰੀਖਿਆ ਲਈ ਗਈ। ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੈਡਲਾਂ, ਸਰਟੀਫਿਕੇਟਾਂ ਆਦਿ ਇਨਾਮਾਂ ਨਾਲ ਅਤੇ ਬਾਕੀ ਵਿਦਿਆਰਥੀਆਂ ਨੂੰ ਪ੍ਰਮਾਣ ਪਤ੍ਰ ਦੇ ਕੇ ਸਨਮਾਨਤ ਕੀਤਾ ਗਿਆ।
ਸਮਾਗਮ ਵਿੱਚ ਪੁਜੀਆਂ ਪ੍ਰਮੁਖ ਸ਼ਖਸੀਅਤਾਂ ਨੇ ਆਪਣੇ ਸੰਬੋਧਨ ਵਿੱਚ ਜਿਥੇ ਪੰਜਾਬੀ ਦੀ ਸਿਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ ਮਾਤ-ਭਾਸ਼ਾ ਪੰਜਾਬੀ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਫੋਰਮ ਦੇ ਮੁੱਖੀ ਜਿਵੇਂ ਪਹਿਲਾਂ ਸਮੇਂ-ਸਮੇਂ ਆਉਣ ਵਾਲੀਆਂ ਰੁਕਾਵਟਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਦੇ ਆਪਣੇ ਕਦਮ ਅਗੇ ਵਧਾਂਦੇ ਚਲੇ ਆ ਰਹੇ ਹਨ, ਉਸੇ ਤਰ੍ਹਾਂ ਹੀ ਉਹ ਅਗੋਂ ਵੀ ਆਪਣੇ ਕਦਮ ਅਗੇ ਵਧਾਂਦੇ ਰਹਿਣਗੇ।