ਜਦੋਂ ਜਦੋਂ ਵੀ ਮੈਂ ਅਖਬਾਰਾਂ ਵਿੱਚ ਸ. ਜਸਵੰਤ ਸਿੰਘ ‘ਅਜੀਤ’ ਹੁਰਾਂ ਦੇ ਲੇਖ ਪੜ੍ਹਦੀ ਰਹੀ ਹਾਂ, ਮੈਂਨੂੰ ਉਨ੍ਹਾਂ ਵਿਚੋਂ ਬਹੁਤ ਸਾਰੇ ਮਸਲਿਆਂ ’ਤੇ ਭਰਪੂਰ ਅਗਵਾਈ, ਡੂੰਘੀ ਜਾਣਕਾਰੀ, ਚੋਖੀ ਵਾਕਫੀਅਤ ਅਤੇ ਅਧਿਆਤਮਿਕ ਰਹਿਨੁਮਾਈ ਹਾਸਿਲ ਹੁੰਦੀ ਪ੍ਰਤੀਤ ਹੋਈ ਹੈ। ਵਿਸ਼ੇਸ਼ ਕਰਕੇ ਸਿੱਖ ਮਰਯਾਦਾ, ਸਿੱਖ ਰਹਿਤਲ, ਸਿੱਖ ਸਿਧਾਂਤਾਂ, ਸਿੱਖ ਵਿਚਾਰਧਾਰਾ ਅਤੇ ਪਤਿਤਪੁਣੇ ਬਾਰੇ ਉਨ੍ਹਾਂ ਦੇ ਵਿਚਾਰ ਬਹੁਤ ਹੀ ਉੱਚ ਪਾਏ ਦੇ ਹੁੰਦੇ ਹਨ। ਬਜ਼ੁਰਗੀ ਦਾ ਪ੍ਰਭਾਵ ਦਿੰਦੀ ਉਨ੍ਹਾਂ ਦੀ ਉੱਚ ਸ਼ਖਸੀਅਤ ਸੱਚਮੁੱਚ ਹੀ ਕਾਬਲੇ ਗੌਰ ਤੇ ਕਾਬਲੇ ਰਸ਼ਕ ਹੈ, ਜਿਸਦਾ ਪਤਾ ਉਨ੍ਹਾਂ ਦੇ ਜੀਵਨ-ਵੇਰਵੇ ਤੋਂ ਲਗਾ ਹੈ, ਜਿਹੜਾ ਅਹਿਮ ਪ੍ਰਾਪਤੀਆਂ ਵਾਲਾ, ਡਾਹਢੇ ਮਾਣ-ਸਨਮਾਨਾਂ ਵਾਲਾ ਅਤੇ ਉੱਚ ਮੁਰਾਤਬਿਆਂ ਵਾਲਾ ਕਿਹਾ ਜਾ ਸਕਦਾ ਹੈ। ਅਨੇਕ ਭਾਸ਼ਾਵਾਂ ਦਾ ਸ਼ਾਹਸਵਾਰ ਇਹ ਮਾਣਮੱਤਾ ਪੱਤਰਕਾਰ ਸਮੂਹ ਪਾਠਕਾਂ ਅਤੇ ਸੱਥਾਂ ਲਈ ਵੀ ਪ੍ਰੇਰਣਾ ਦਾ ਅਮੁੱਲ ਸਾਗਰ ਹੈ।
ਸ. ਈਸ਼ਰ ਸਿੰਘ ਦੇ ਲਾਡਲੇ ਪੁੱਤਰ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਸ ਧਰਤੀ ’ਤੇ ਪੈਦਾਇਸ਼ ਲੈ ਕੇ ਜੋ ਹਾਲਾਤ ਚੌਗਿਰਦੇ ਵਿੱਚ ਮਹਿਸੂਸੇ, ਉਨ੍ਹਾਂ ਦਾ ਉਸਦੇ ਮਨ-ਮਸਤਕ ’ਤੇ ਅਮਿੱਟ ਅਸਰ ਹੋਇਆ। ਇਸੇ ਲਈ ਬੀ.ਏ. ਆਨਰਜ਼ ਦੀ ਉਨ੍ਹਾਂ ਸਮਿਆਂ ਵਿੱਚ ਉਚੇਰੀ ਪੜ੍ਹਾਈ ਕਰਕੇ ਵੀ ਸ. ਜਸਵੰਤ ਸਿੰਘ ਹੁਰਾਂ ਪੱਤਰਕਾਰੀ ਨੂੰ ਹੀ ਆਪਣਾ ਪ੍ਰਮੁੱਖ ਕਿੱਤਾ ਚੁਣਿਆ। ਭਾਵੇਂ ਕਿ ਇਸ ਪਾਸੇ ਪੈਸਾ ਕਮਾਉਣਾ ਆਸਾਨ ਨਹੀਂ ਸੀ। ਪੱਤਰਕਾਰੀ ਵਾਲੇ ਪਰਿਵਾਰਕ ਪਿਛੋਕੜ ਨਾਲ ਸੰਬੰਧਿਤ ਹੁੰਦਿਆਂ ਮੈਂਨੂੰ ਖ਼ੁਦ ਇਸ ਗਲ ਦਾ ਚੰਗਾ ਅਹਿਸਾਸ ਹੈ ਕਿ ਪੰਜਾਬੀ ਪੱਤਰਕਾਰੀ ਵਿੱਚ ਜੀਵਨ-ਲੋੜਾਂ ਦੀ ਪੂਰਤੀ ਲਈ ਬਹੁਤ ਘੱਟ ਗੁੰਜਾਇਸ਼ ਹੋਇਆ ਕਰਦੀ ਸੀ। ਜਿਸ ਸ਼ਖ਼ਸ ਤੋਂ ਪ੍ਰਭੂ ਨੇ ਕੋਈ ਵੱਡੀ ਸੇਵਾ ਲੈਣੀ ਹੋਵੇ, ਉਸ ਉੱਤੇ ਉਸਦੀ ਖ਼ਾਸ ਮਿਹਰ-ਦ੍ਰਿਸ਼ਟੀ ਹੋ ਜਾਂਦੀ ਹੈ। ਇਸੇ ਕ੍ਰਿਪਾ- ਦ੍ਰਿਸ਼ਟੀ ਦੀ ਬਦੌਲਤ ਸਮਾਜਿਕ ਸਮੱਸਿਆਵਾਂ ਨੂੰ ਉਜਾਗਰ ਕਰਨ ਵਿੱਚ ਉਹ ਕਤਈ ਵੀ ਕੋਈ ਕਸਰ ਨਹੀਂ ਰਖਦਾ। ਸ. ਜਸਵੰਤ ਸਿੰਘ ‘ਅਜੀਤ’ ਦੇ ਨਾਂ ਨਾਲ ‘ਅਜੀਤ’ ਲੱਗਿਆ ਹੋਣ ਕਰਕੇ ਮਨ ਵਿੱਚ ਕੁਝ ਉਤਸੁਕਤਾ ਹੋਈ ਕਿ ‘ਅਜੀਤ’ ਉਨ੍ਹਾਂ ਦਾ ਤਖੱਲਸ ਹੈ ਜਾਂ ਕਿਸੇ ਵੱਡੇ ਵਡੇਰੇ ਦਾ ਮਾਣਯੋਗ ਨਾਂ। ਟੈਲੀਫੂਨ ’ਤੇ ਆਖਿਰ ਮੈਂ ਪੁੱਛ ਹੀ ਲਿਆ। ਉਨ੍ਹਾਂ ਦਾ ਜਵਾਬ ਬੜਾ ਸੰਤੁਸ਼ਟੀਜਨਕ ਜਾਪਿਆ, ਕਿ ‘ਮੈਂ ਛੇਵੀਂ-ਸੱਤਵੀਂ ਜਮਾਤ ਤੋਂ ਹੀ ਆਪਣੇ ਨਾਂ ਨਾਲ ‘ਅਜੀਤ’ ਜੋੜ ਲਿਆ ਸੀ ਤੇ ਹੁਣ ਤਾਂ ਇਹ ਮੇਰੇ ਨਾਂ ਦਾ ਇਕ ਅਨਿੱਖੜ ਅੰਗ ਬਣ ਗਿਆ ਹੈ’। ਇਕ ਦਮ ਮੇਰੇ ਮਨ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਪ੍ਰਥਾਇ ਕਿਸੇ ਸ਼ਾਇਰ ਦੇ ਬੋਲ ਗੂੰਜ ਉੱਠੇ-
ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ।
ਜੀਤਾ ਗਿਆ ਤੋ ਲੋਟ ਕਰ ਜੀਤਾ ਨਾ ਆਊਂਗਾ।
ਸੋ ਸਾਡੇ ਵੀਰ ਸ. ਜਸਵੰਤ ਸਿੰਘ ‘ਅਜੀਤ’ ਵੀ ਆਪਣੇ ਖੇਤਰ ਦੇ ਵਿਖਿਆਤ ਸੱਜਣ ਹਨ, ਜਿਨ੍ਹਾਂ ਨੇ ਲੰਮੀ ਘਾਲਣਾ ਉਪਰੰਤ ਨਾਮ ਵੀ ਕਮਾਇਆ ਹੈ ਤੇ ਦਾਮ ਵੀ, ਤੇ ਐਨੇ ਪਰਚਿਆਂ ਨਾਲ ਸੰਬੰਧਿਤ ਰਹੇ ਹਨ ਕਿ ਉਨ੍ਹਾਂ ਦੀ ਸੂਚੀ ਦੇਖਦਿਆਂ ਹੀ ਬੰਦਾ ਸਰਸ਼ਾਰ ਹੋ ਜਾਂਦਾ ਹੈ। ਆਓ, ਵਿਚਾਰੀਏ ਉਨ੍ਹਾਂ ਦੀ ਹਸਤੀ ਅਤੇ ਘਾਲ-ਕਮਾਈ ਨੂੰ।
ਇਹ ਗਹਿਰ ਗੰਭੀਰ ਚਿੰਤਕ ਅਤੇ ਸੰਜੀਦਾ ਪੱਤਰਕਾਰ ਵਜੋਂ ਸੁਪ੍ਰਸਿੱਧ ਸ. ਜਸਵੰਤ ਸਿੰਘ ‘ਅਜੀਤ’, ਜਿਨ੍ਹਾਂ ਅਨੇਕ ਪਰਚਿਆਂ ਵਿੱਚ ਇਕ ਸੰਪਾਦਕ ਵਜੋਂ ਕਾਰਜਸ਼ੀਲ ਰਹੇ ਹਨ, ਉਨ੍ਹਾਂ ਦੇ ਨਾਂ ਸੇਵਾਦਾਰ (ਹਫਤਾਵਾਰੀ ਤੇ ਰੋਜ਼ਾਨਾ), ਗਰਜ ਹਫਤਾਵਾਰੀ, ਅੰਮ੍ਰਿਤ ਪਤ੍ਰਿਕਾ (ਹਫਤਾਵਾਰੀ ਤੇ ਰੋਜ਼ਾਨਾ), ਜੱਥੇਦਾਰ ਰੋਜ਼ਾਨਾ ਅਤੇ ਧਾਰਮਿਕ ਰਸਾਲਾ ਸੀਸਗੰਜ (ਮਾਸਿਕ) ਸ਼ਾਮਿਲ ਹਨ। ਪੰਜਾਬੀ ਦੇ ਨਾਲ ਨਾਲ ਇਨ੍ਹਾਂ ਨੇ ਹਿੰਦੀ ਦੇ ਪਰਚਿਆਂ ਦੀ ਸੰਪਾਦਕੀ ਵੀ ਨਿਭਾਈ, ਕਿਉਂਕਿ ਇਨ੍ਹਾਂ ਨੇ ਹਿੰਦੀ ਵਿੱਚ ‘ਰਤਨ’ ਦਾ ਇਮਤਿਹਾਨ ਪਾਸ ਕੀਤਾ ਹੋਇਆ ਹੈ। ਰੋਜ਼ਾਨਾ ਆਜ, ਹਫਤਾਵਾਰੀ ਚਿਤ੍ਰਕਾਰ (ਫਿਲਮੀ), ਆਸ਼ਾਦੀਪ ਮਾਸਿਕ (ਸਾਹਿਤਕ), ਫਿਲਮੀ ਮਾਸਿਕ ਨੀਲਮ ਅਤੇ ਜਾਸੂਸ ਹਸੀਨਾ (ਮਾਸਿਕ ਜਾਸੂਸੀ ਰਸਾਲਾ) ਅਦਿ ਵਿੱਚ ਇਹ ਲੰਮਾਂ ਸਮਾਂ ਸੰਪਾਦਕੀ ਸੇਵਾਵਾਂ ਨਿਭਾਉਂਦੇ ਰਹੇ ਹਨ। ਇਕ ਪੱਤਰਕਾਰ ਅਤੇ ਕਾਲਮ ਨਵੀਸ ਵਜੋਂ ਇਨ੍ਹਾਂ ਨੇ ਪੰਜਾਬੀ ਟ੍ਰਿਬਿਊਨ ਵਿੱਚ ਅੱਠ ਸਾਲ ਤੇ ਰੋਜ਼ਾਨਾ ਅਜੀਤ ਵਿੱਚ ਵੀਹ ਸਾਲਾਂ ਤੋਂ ਵੀ ਵੱਧ ਅਰਸਾ ਲੇਖਣ-ਸੇਵਾ ਨਿਭਾਈ। ਹੁਣ ਜਿਥੇ ਰੋਜ਼ਾਨਾ ਪੰਜਾਬ ਕੇਸਰੀ (ਦਿੱਲੀ) ਹਿੰਦੀ ਵਿੱਚ ਡੇਢ ਦਹਾਕੇ ਤੋਂ ਕਾਰਜਸ਼ੀਲ ਹਨ, ਉਥੇ ਚੜ੍ਹਦੀ ਕਲਾ, ਨਵਾਂ ਜ਼ਮਾਨਾ, ਅੱਜ ਦੀ ਆਵਾਜ਼, ਰੋਜ਼ਾਨਾ ਕੌਮੀ ਪੱਤ੍ਰਿਕਾ, ਪੰਜਾਬੀ ਡਾਈਜੇਸਟ ਅਤੇ ਪੰਥਕ ਏਕਤਾ ਮਹੀਨਾਵਾਰ ਵਿੱਚ ਆਪਣੇ ਸੰਜੀਦਾ ਅਤੇ ਪੁਖ਼ਤਾ ਵਿਚਾਰ ਪ੍ਰਗਟ ਕਰਨ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਹੋਰ ਬਹੁਤ ਸਾਰੇ ਪਰਚਿਆਂ ਵਿੱਚ ਵੀ ਲਿਖ ਤੇ ਛਪ ਕੇ ਜੱਸ ਖੱਟ ਰਹੇ ਹਨ।
ਲਿਖਣਾ ਇਕ ਤਪਸਿਆ ਹੈ। ਪੜ੍ਹਨਾ ਇਕ ਅਭਿਆਸ ਹੈ। ਪੜ੍ਹਨਾ, ਲਿਖਣਾ ਤੇ ਘੋਖਣਾ ਇਕ ਬੰਦਗੀ ਹੈ, ਇਕ ਇਸ਼ਕ ਹੈ। ਅਜੋਕੇ ਮੀਡੀਆਈ ਯੁੱਗ ਵਿੱਚ, ਜਿੱਥੇ ਟੀ.ਵੀ. (ਫਿਲਮਾਂ, ਆਡੀਓ ਤੇ ਹੋਰ ਅਨੇਕ ਮਾਧਿਅਮਾਂ ਰਾਹੀਂ ਕ੍ਰਾਂਤੀਕਾਰੀ ਤਬਦੀਲੀਆਂ ਦ੍ਰਿਸ਼ਟੀਗੋਚਰ ਹਨ), ਅਖਬਾਰੀ ਸਾਹਿਤ ਪ੍ਰਤਿ ਪਾਠਕਾਂ ਦੀ ਉਹ ਤਵਜੋ ਭਾਵੇਂ ਨਹੀਂ ਰਹੀ ਜੋ ਕਦੇ ਪਿਛਲੇ ਦਹਾਕਿਆਂ ਦੌਰਾਨ ਹੋਇਆ ਕਰਦੀ ਸੀ, ਪ੍ਰੰਤੂ ਲਿਖਤ ਵਿੱਚ ਵਜ਼ਨ, ਵਿਚਾਰਾਂ ਵਿੱਚ ਸੱਜਰਾਪਨ ਅਤੇ ਨਜ਼ਰੀਏ ਵਿੱਚ ਮੌਲਿਕਤਾ ਹੋਵੇ ਤਾਂ ਪਾਠਕਾਂ ਦੀ ਤ੍ਰਿਪਤੀ ਸਹਿਜੇ ਹੀ ਹੋ ਸਕਦੀ ਹੈ। ਅਜੀਤ ਹੁਰਾਂ ਦੇ ਮਾਮਲੇ ਵਿੱਚ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਉਨ੍ਹਾਂ ਦਾ ਇਕ ਵਿਸ਼ਾਲ ਪਾਠਕ ਵਰਗ ਹੈ, ਜਿਹੜਾ ਉਨ੍ਹਾਂ ਨੂੰ ਪਛਾਣਦਾ ਵੀ ਹੈ ਤੇ ਮਾਣਦਾ ਵੀ ਹੈ।
ਸ. ਜਸਵੰਤ ਸਿੰਘ ਉਹ ਪੁਰਸ਼ਾਰਥੀ ਲਿਖਾਰੀ ਹਨ, ਜਿਨ੍ਹਾਂ ਨੇ ਪੱਤਰਕਾਰੀ ਨਾਲ ਸਾਹਿਤਕ ਅਨੁਵਾਦਾਂ ਦੇ ਖੇਤਰ ਵਿੱਚ ਵੀ ਮੀਲ ਪੱਥਰ ਗੱਡੇ ਹਨ। ਉਨ੍ਹਾਂ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਨਿਊ ਜੂਨੀਅਰ ਐਨਸਾਈਕਲੋਪੀਡੀਆ ਅਨੁਵਾਦਿਆ ਹੈ। ਇਸਤੋਂ ਇਲਾਵਾ ਅੰਗ੍ਰੇਜ਼ੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਹੋਰ ਬਹੁਤ ਸਾਰੀਆਂ ਕਿਤਾਬਾਂ ਦੇ ਅਨੁਵਾਦ ਵੀ ਕੀਤੇ ਹਨ। ਇਸਦੇ ਨਾਲ ਨਾਲ ਪੰਜਾਬੀ ਹਿੰਦੀ, ਹਿੰਦੀ ਪੰਜਾਬੀ ਭਾਰਤ ਜੂਨੀਅਰ ਡਿਕਸ਼ਨਰੀ, ਸਿੱਖ ਰਹਿਤ ਮਰਯਾਦਾ, ਸਿੱਖੀ ਜੀਵਨ ਵਿੱਚ ਗੁਰਬਾਣੀ ਦਾ ਪ੍ਰਭਾਵ, ਰਹਿਤ ਕੁਰਹਿਤ, ਅਤੇ ਸ. ਪਿਆਰਾ ਸਿੰਘ ਦਾਤਾ ਤੇ ਪ੍ਰਿੰ. ਭਗਤ ਸਿੰਘ ਹੀਰਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਸੰਪਾਦਿਤ ਕੀਤੀਆਂ ਹਨ।
ਅਜਿਹੀ ਕਰਮਸ਼ੀਲ, ਕਾਰਜਸ਼ੀਲ ਅਤੇ ਉੱਦਮਸ਼ੀਲ ਸ਼ਖਸੀਅਤ ਤੇ ਇਨਾਮਾਂ ਸਨਮਾਨਾਂ ਦੀ ਬੁਛਾੜ ਹੋਣੀ ਸੁਭਾਵਿਕ ਹੀ ਸੀ। ਪੱਤਰਕਾਰੀ ਦੇ ਖੇਤਰ ਵਿੱਚ ਨਿੱਗਰ, ਵਧੀਆ, ਮਾਅਰਕੇ ਅਤੇ ਭਰਪੂਰ ਯੋਗਦਾਨ ਪਾਉਣ ਸਦਕਾ ਪਿਛਲੇ ਢਾਈ ਦਹਾਕਿਆਂ ਤੋਂ ਹੀ ਸ. ਜਸਵੰਤ ਸਿੰਘ ਅਜੀਤ ਦਰਜਨਾਂ ਵੱਕਾਰੀ ਸੰਸਥਾਵਾਂ ਤੇ ਸਭਾਵਾਂ ਵਲੋਂ ਸਨਮਾਨੇ ਜਾ ਚੁਕੇ ਹਨ। ਕੁਝ ਵਿਸ਼ੇਸ਼ ਜ਼ਿਕਰਯੋਗ ਰੁਪਾਲੀ ਐਵਾਰਡ (1990), ਪੰਜਾਬੀ ਅਕੈਡਮੀ ਐਵਾਰਡ (1991), ਪੰਜਾਬੀ ਪਰਮੋਸ਼ਨ ਫੋਰਮ (1991), ਪੰਜਾਬੀ ਪਰਮੋਸ਼ਨ ਫੋਰਮ (1992), ਲੋਕ ਸੇਵਾ ਐਵਾਰਡ (1995), ਬਾਪੂ ਕਰਤਾਰ ਸਿੰਘ ਧਾਲੀਵਾਲ ਐਵਾਰਡ. ਸਾਧੂ ਸਿੰਘ ਹਮਦਰਦ ਐਵਾਰਡ (2001), ਮੈਤਰੀ ਸ਼ਿਰੀ ਐਵਾਰਡ (2002), ਕਲਮ ਕੇ ਸਿਪਾਹੀ ਐਵਾਰਡ (2002), ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਸੰਸਥਾ ਐਵਾਰਡ, ਨੈਸ਼ਨਲ ਪੰਜਾਬੀ ਆਰਗੇਨਾਈਜ਼ੇਸ਼ਨ ਐਵਾਰਡ ਅਤੇ ਹੋਰ ਅਨੇਕ ਸਨਮਾਨ ਆਪਜੀ ਦੀ ਝੋਲੀ ਵਿੱਚ ਆ ਚੁੱਕੇ ਹਨ। ਜਿਨ੍ਹਾਂ ਇਨ੍ਹਾਂ ਦੇ ਲੇਖਣ-ਉਤਸ਼ਾਹ ਨੂੰ ਹੋਰ ਵਧਾਇਆ-ਫੁਲਾਇਆ ਹੈ।
‘ਪੰਜਾਬੀ ਸੱਥ ਲਾਂਬੜਾ’ ਵਲੋਂ ਇਸ ਸਾਲ ਦਾ ਵੱਕਾਰੀ ‘ਸ. ਕੇਸਰ ਸਿੰਘ ਮੰਡ ਪੱਤਰਕਾਰੀ ਐਵਾਰਡ’ ਇਕ ਸੁਘੜ ਸੰਜੀਦਾ ਪੱਤਰਕਾਰ ਸ. ਜਸਵੰਤ ਸਿੰਘ ‘ਅਜੀਤ’ ਦੇ ਨਾਂ ਕਰਕੇ ਜਿਥੇ ਸ. ਕੇਸਰ ਸਿੰਘ ਮੰਡ ਹੁਰਾਂ ਦੀ ਮਿੱਠੀ, ਨਿੱਘੀ ਤੇ ਅਮਿੱਟ ਯਾਦ ਨੂੰ ਤਾਜ਼ਿਆਂ ਕੀਤਾ ਜਾ ਰਿਹਾ ਹੈ, ਉਥੇ ਹੀ ਸ. ਜਸਵੰਤ ਸਿੰਘ ਹੋਰਾਂ ਦੀ ਕਲਮ ਨੂੰ ਵੀ ਸਜਦਾ ਕੀਤਾ ਜਾ ਰਿਹਾ ਹੈ।
ਸ. ਮੰਡ ਵੀ ਅਜਿਹੇ ਮਰਜੀਵੜੇ ਸਨ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਤੋਂ ਵੀ ਪਹਿਲਾਂ ਕਲਮ ਚੁੱਕ ਲਈ ਸੀ ਤੇ ਤਿੱੰਨ ਦਹਾਕਿਆਂ ਤੱਕ ਪੱਤਰਕਾਰੀ ਵਿੱਚ ਮੀਲ ਪੱਥਰ ਗੱਡਦੇ ਰਹੇ। ਉਨ੍ਹਾਂ ਦੇ ਸਮੁੱਚੇ ਪਰਿਵਾਰ ਵਲੋਂ ਮੰਡ ਸਾਹਿਬ ਦੀ ਯਾਦ ਨੂੰ ਸਦੀਵੀ ਤੌਰ ’ਤੇ ਸਾਂਭਣ ਲਈ ਪੰਜਾਬੀ ਸੱਥ ਲਾਂਬੜਾ ਨੂੰ ਸਹਿਯੋਗ ਦਿਤਾ ਜਾ ਰਿਹਾ ਹੈ। ਅਸੀਂ ਜਿੱਥੇ ਪੰਜਾਬੀ ਸੱਥ ਲਾਂਬੜਾ ਦੀ ਚੜ੍ਹਦੀ ਕਲਾ ਦੀ ਖ਼ੈਰ-ਖੁਆਹ ਲੋਚਦੇ ਹਾਂ, ਉਥੇ ਹੀ ਸ. ਜਸਵੰਤ ਸਿੰਘ ‘ਅਜੀਤ’ ਦੀ ਤੰਦਰੁਸਤੀ, ਦੀਰਘ ਆਯੂ ਤੇ ਸਿਹਤਯਾਬੀ ਲਈ ਵੀ ਦੁਆ ਕਰਦੇ ਹਾਂ। ਵਾਹਿਗੁਰੂ ਕਰੇ ਜ਼ੋਰੇ ਕਲਮ ਹੋਰ ਜ਼ਿਆਦਾ ਹੋਵੇ।