ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ ਵਿੱਚ ਪੰਜਾਬ ਸਟੇਟ ਪਾਵਰਕਾਮ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੇ ਆਦੇਸ਼ ਮਿਲਣ ਤੋਂ ਬਾਅਦ ਹੀ ਛਾਪਾ ਮਾਰਿਆ ਸੀ। ਉਨ੍ਹਾਂ ਨੇ ਕਿਹਾ ਕਿ ਛਾਪੇ ਦੌਰਾਨ ਘਰ ਵਿੱਚ ਰਾਜਮਾਤਾ ਅਤੇ ਨੌਕਰਾਂ ਤੋਂ ਸਿਵਾ ਕੋਈ ਨਹੀਂ ਸੀ। ਪਾਵਰਕਾਮ ਅਧਿਕਾਰੀਆਂ ਨੇ ਬਜੁਰਗ ਰਾਜਮਾਤਾ ਦੀ ਸਿਹਤ ਦਾ ਵੀ ਖਿਆਲ ਨਹੀਂ ਕੀਤਾ ਅਤੇ ਆਪਣੀ ਕਾਰਵਾਈ ਜਾਰੀ ਰੱਖੀ।
ਕੈਪਟਨ ਨੇ ਪਾਵਰਕਾਮ ਦੀ ਰਪੋਰਟ ਵਿਖਾਉਂਦੇ ਹੋਏ ਕਿਹਾ ਕਿ ਮੋਤੀ ਮਹਿਲ ਵਿੱਚ ਲਗੇ 18 ਮੀਟਰਾਂ ਵਿੱਚੋਂ ਕਿਸੇ ਇੱਕ ਦੀ ਵੀ ਸੀਲ ਟੁਟੀ ਹੋਈ ਨਹੀਂ ਮਿਲੀ ਅਤੇ ਨਾਂ ਹੀ ਬਿਜਲੀ ਚੋਰੀ ਦੀ ਕੋਈ ਗੜਬੜ ਪਾਈ ਗਈ। ਉਨ੍ਹਾਂ ਨੇ ਕਿਹਾ ਕਿ ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਦਲ ਨੇ ਛਾਪਾ ਮਾਰਨ ਸਬੰਧੀ ਤਿੰਨ ਵਾਰ ਫ਼ੋਨ ਕੀਤਾ।