ਫਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੰਮੇਂ ਸਮੇਂ ਤੋ ਦ੍ਰਿੜਤਾਂ ਨਾਲ ਆਪਣੇ ਸਿਧਾਤਾਂ ਤੇ ਪਹਿਰਾ ਦਿੰਦਾ ਹੋਇਆ ਇਹ ਹੋਕਾ ਦਿੰਦਾ ਆ ਰਿਹਾ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਜਾਤਾਂ-ਬਰਾਦਰੀਆਂ ਦੇ ਨਾਮ ਉਤੇ ਬਣ ਰਹੇ ਗੁਰੂਘਰਾਂ ਦੇ ਕੌਮ ਵਿਰੋਧੀ ਮੰਦਭਾਗੇ ਰੁਝਾਂਣ ਨੂੰ ਬੰਦ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੁਸਾਇਟੀਆਂ ਅਤੇ ਕੌਮੀਂ ਧਾਰਮਿਕ ਸੰਗਠਨ ਇਕੱਤਰ ਹੋਕੇ ਅਮਲੀ ਰੂਪ ਵਿਚ ਉੱਦਮ ਕਰਨ ਤਾਂ ਕਿ ਸਿੱਖ ਕੌਮ ਵਿਚ ਆਪਸੀ ਵੱਧ ਰਹੀ ਨਫ਼ਰਤ ਦੀ ਭਾਵਨਾਂ ਦਾ ਖਾਤਮਾ ਕੀਤਾ ਜਾ ਸਕੇ । ਅਸੀਂ ਤਾਂ ਸਿੱਖ ਧਰਮਸ਼ਾਲਾਮਾਂ ਅਤੇ ਸ਼ਮਸਾਨਘਾਟਾ ਨੂੰ ਵੀ ਸਾਂਝੇ ਰੱਖਣ ਲਈ ਨਿਰੰਤਰ ਪ੍ਰਚਾਰ ਕਰਦੇ ਆ ਰਹੇ ਹਾਂ ਤਾਂ ਕਿ ਸਿੱਖਾਂ ਦੇ ਖੁਸ਼ੀਆਂ, ਗਮੀਆਂ ਦੇ ਪ੍ਰੋਗਰਾਮ ਵੀ ਸਾਂਝੇ ਤੌਰਤੇ ਹੋਣ ਅਤੇ ਕੌਮ ਵਿਚ ਆਪਸੀ ਇਤਫ਼ਾਕ ਕਾਇਮ ਰਹਿ ਸਕੇ । ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਜਾਤਾਂ-ਬਰਾਦਰੀਆਂ ਦੇ ਨਾਮ ਉਤੇ ਬਣੇ ਗੁਰੂਘਰਾਂ ਨੂੰ ਸਿੰਘ ਸਭਾਵਾਂ ਵਿਚ ਬਦਲ ਦੇ ਹੁਕਮ ਕਰਦੇ ਹੋਏ ਅਜਿਹੀਆ ਲੋਕਲ ਕਮੇਟੀਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ, ਇਸ ਦਾ ਅਸੀਂ ਭਰਪੂਰ ਸਵਾਗਤ ਕਰਦੇ ਹਾਂ । ਕਿਉਕਿ ਅਜਿਹਾ ਉਦਮ ਕਰਨ ਵਾਲੀਆ ਕਮੇਟੀਆਂ ਸਿਧਾਤਕ ਸੋਚ ਨੂੰ ਮਜ਼ਬੂਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣਗੀਆ ।”
ਇਹ ਉਪਰੋਕਤ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀ ਕੌਮ ਨੂੰ ਇਸ ਦਿਸ਼ਾਂ ਵੱਲ ਦ੍ਰਿੜਤਾਂ ਨਾਲ ਸਟੈਂਡ ਲੈਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਹੁਕਮ ਨੂੰ ਲਾਗੂ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਜਿਥੇ ਜਥੇਦਾਰ ਸਾਹਿਬਾਨ ਜਾਤਾਂ-ਪਾਤਾਂ ਦੇ ਵਿਤਕਰੇ ਭਰੇ ਵਖਰੇਵਿਆ ਨੂੰ ਖ਼ਤਮ ਕਰਨ ਜਾ ਰਹੇ ਹਨ, ਉਥੇ ਉਹਨਾਂ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਸਿੱਖ ਕੌਮ ਲਈ ਇਕੋ ਸਾਂਝੀ ਧਰਮਸ਼ਾਲਾ ਅਤੇ ਇਕੋ ਸਾਂਝਾਂ ਸ਼ਮਸਾਨਘਾਟ ਵਿਖੇ ਆਪਣੀਆ ਖੁਸ਼ੀਆਂ, ਗਮੀਆਂ ਮਨਾਉਣ ਲਈ ਵੀ ਉਚੇਚੇ ਤੌਰਤੇ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਜਾਤ-ਪਾਤ ਦੀ ਗੈਰ ਸਮਾਜਿਕ ਬਿਮਾਰੀ ਨੂੰ ਜੜ੍ਹ ਤੋ ਖ਼ਤਮ ਕੀਤਾ ਜਾ ਸਕੇ ਅਤੇ ਸਮੁੱਚੀ ਸਿੱਖ ਕੌਮ ਇਨ੍ਹਾਂ ਵਲਗਣਾਂ ਤੋ ਉਪਰ ਉੱਠਕੇ ਸਮੁੱਚੀ ਮਨੁੱਖਤਾ ਲਈ ਕਾਰਜਸੀਲ ਹੁੰਦੀ ਹੋਈ ਕੌਮੀ ਏਕਤਾ ਨੂੰ ਮਜ਼ਬੂਤੀ ਦੇ ਸਕੇ । ਸ. ਮਾਨ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੌਮੀ ਸੋਚ ਉਤੇ ਪਹਿਰਾ ਦੇਣ ਵਾਲੇ ਸਿੱਖਾਂ, ਸੰਗਠਨਾਂ ਨੂੰ ਵਿਸ਼ਵਾਸ ਦਿਵਾਉਦੇ ਹੋਏ ਕਿਹਾ ਕਿ ਇਸ ਮਿਸਨ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਤਹਿ ਦਿਲੋਂ ਉਹਨਾਂ ਦੇ ਨਾਲ ਹੈ ਅਤੇ ਜਿਥੇ ਕਿਤੇ ਵੀ ਜਾਤਾਂ-ਪਾਤਾਂ ਦੇ ਨਾਮ ਤੇ ਬਣੇ ਗੁਰੂਘਰਾਂ ਨੂੰ ਸਿੰਘ ਸਭਾਵਾਂ ਵਿਚ ਤਬਦੀਲ ਕਰਨ ਸਮੇਂ ਸੇਵਾ ਦੀ ਲੋੜ ਹੋਈ ਤਾਂ ਪੂਰੀ ਜਥੇਬੰਦੀ ਅੱਗੇ ਹੋਕੇ ਇਹ ਸੇਵਾ ਕਰਨ ਵਿਚ ਫਖ਼ਰ ਮਹਿਸੂਸ ਕਰੇਗੀ ਅਤੇ ਕੌਮੀਂ ਜਿੰਮੇਵਾਰੀ ਨਿਭਾਏਗੀ । ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਜਥੇਦਾਰ ਸਾਹਿਬਾਨ ਨੂੰ ਇਹ ਵੀ ਅਪੀਲ ਕੀਤੀ ਕਿ ਜਦੋ ਹਿੰਦ ਵਿਚ ਅਤੇ ਪਾਕਿਸਤਾਨ ਵਿਚ ਜੇਲ੍ਹਾਂ ਵਿਚ ਬੰਦੀਆਂ ਨੂੰ ਮਨੁੱਖਤਾ ਦੇ ਅਧਾਰ ਤੇ ਰਿਹਾਅ ਕਰਨ ਦੇ ਅਮਲ ਹੋ ਰਹੇ ਹਨ ਤਾਂ ਜਥੇਦਾਰ ਸਾਹਿਬਾਨ ਪੰਜਾਬ, ਹਿੰਦ ਦੀਆਂ ਜੇਲ੍ਹਾਂ ਵਿਚ ਬੰਦੀ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਿਯਾ ਸਿੰਘ ਲਹੌਰੀਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਲਖਵਿੰਦਰ ਸਿੰਘ ਬੁੜੈਲ ਜੇਲ੍ਹ ਆਦਿ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਫੈਸਲਾਕੁੰਨ ਪ੍ਰੋਗਰਾਮ ਦੇਣ । ਕੌਮ ਇਸ ਸੋਚ ਉਤੇ ਰਾਜੋਆਣੇ ਦੀ ਫ਼ਾਂਸੀ ਨੂੰ ਰੁਕਵਾਉਣ ਸਮੇਂ ਨਿਭਾਈ ਗਈ ਜਿੰਮੇਵਾਰੀ ਦੀ ਤਰ੍ਹਾਂ ਇਸ ਜਿੰਮੇਵਾਰੀ ਨੂੰ ਵੀ ਸੁਹਿਰਦਤਾ ਨਾਲ ਪੂਰੀ ਕਰੇਗੀ ।