ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਉਸ ਆਦੇਸ਼ ਦਾ ਸੁਆਗਤ ਕੀਤਾ ਹੈ ਜਿਸ ਰਾਹੀਂ ਜਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਪੁਰ ਅਧਾਰਤ ਗੁਰਦੁਆਰੇ ਉਸਾਰੇ ਜਾਣ ਤੇ ਰੋਕ ਲਾਈ ਗਈ ਹੈ। ਜਸਟਿਸ ਸੋਢੀ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਵਿਚੋਂ ਊਚ-ਨੀਚ ਦਾ ਭੇਦ ਮਿਟਾ ਬਰਬਰਤਾ ਦੀ ਭਾਵਨਾ ਪੈਦਾ ਕਰਨ ਲਈ ਜਾਤ-ਪਾਤ ਦਾ ਭੇਦ ਖਤਮ ਕੀਤਾ ਸੀ, ਜਦ ਕਿ ਸਿੱਖਾਂ ਦੇ ਹੀ ਕੁਝ ਵਰਗਾਂ ਵਲੋਂ ਜਾਤਾਂ ਅਤੇ ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ ਉਸਾਰ ਕੇ ਸਿੱਖਾਂ ਵਿੱਚ ਜਾਤ-ਪਾਤ ਦੇ ਆਧਾਰ ਤੇ ਦੂਰੀਆਂ ਪੈਦਾ ਕਰਨ ਦੀ ਕੌਸ਼ਿਸ਼ ਕੀਤੀ ਜਾਣ ਲਗ ਪਈ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਅਗੋਂ ਜਾਤਾਂ ਅਧਾਰਤ ਗੁਰਦੁਆਰੇ ਉਸਾਰਨ ਪੁਰ ਹੀ ਰੋਕ ਲਗਣੀ ਚਾਹੀਦੀ ਹੈ, ਸਗੋਂ ਬੀਤੇ ਸਮੇਂ ਵਿੱਚ ਜਾਤਾਂ-ਬਰਾਦਰੀਆਂ ਦੇ ਨਾਵਾਂ ਪੁਰ ਉਸਾਰੇ ਗਏ ਗੁਰਦੁਆਰਿਆਂ ਦੇ ਨਾਂ ਵੀ ਬਦਲਕੇ ਇਕਸਾਰਤਾ ਲਿਆਈ ਜਾਣੀ ਚਾਹੀਦੀ ਹੈ।
ਜਸਟਿਸ ਸੋਢੀ ਨੇ ਇਸਦੇ ਨਾਲ ਹੀ ਆਪਣੇ ਬਿਆਨ ਵਿੱਚ ਦਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀਂ ਇੰਡੀਆ ਟੂਡੇ ਵਿੱਚ ਪ੍ਰਮੁਖ ਕਾਲਜਾਂ ਬਾਰੇ ਪ੍ਰਕਾਸ਼ਤ ਕੀਤੀ ਗਈ ਜਾਣਕਾਰੀ ਵੇਖਣ ਅਤੇ ਘੋਖਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਇਹ ਜਾਣਕੇ ਬਹੁਤ ਹੀ ਦੁਖ ਹੋਇਆ ਕਿ ਉਨ੍ਹਾਂ ਕਾਲਜਾਂ ਵਿੱਚ ਪੰਜਾਬ ਵਿਚਲਾ ਸਿੱਖਾਂ ਦਾ ਇੱਕ ਵੀ ਕਾਲਜ ਸ਼ਾਮਲ ਨਹੀਂ। ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਤ ਸਿੱਖਾਂ ਦੀਆਂ ਜਥੇਬੰਦੀਆਂ ਵਲੋਂ ਕਈ ਕਾਲਜ ਚਲਾਏ ਜਾ ਰਹੇ ਹਨ ਅਤੇ ਉਨ੍ਹਾਂ ਪੁਰ ਕੌਮ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮ ਨੂੰ ਇਸ ਗਲ ਨੂੰ ਸਹਿਜੇ ਹੀ ਨਹੀਂ ਟਾਲ ਦੇਣਾ ਚਾਹੀਦਾ, ਸਗੋਂ ਇਸਨੂੰ ਗੰਭੀਰ ਚੁਨੌਤੀ ਵਜੋਂ ਸਵੀਕਾਰ ਕਰ ਆਪਣੇ ਕਾਲਜਾਂ ਦਾ ਪੱਧਰ ਉਚਿਆਉਣ ਵਲ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।