ਨਵੀਂ ਦਿੱਲੀ,(ਜਸਵੰਤ ਸਿੰਘ ਅਜੀਤ):ਸ਼ਬਦ ਚੌਕੀ ਜੱਥਾ, ਬੀ ਸੀ ਬਲਾਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਲੀਮਾਰ ਬਾਗ ਵਲੋਂ ਗੁਰਬਾਣੀ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਰਾਜਧਾਨੀ ਦੀਆਂ 25 ਕਾਲੌਨੀਆਂ ਦੇ ਲਗਭਗ 200 ਪ੍ਰਤੀਯੋਗੀਆਂ ਨੇ ਹਿਸਾ ਲਿਆ। ਇਨ੍ਹਾਂ ਪ੍ਰਤੀਯੋਗੀਆਂ ਨੂੰ ਉਮਰ ਦੇ ਲਿਹਾਜ਼ ਨਾਲ ਤਿੰਨ ਭਾਗਾਂ ਵਿੱਚ ਵੰਡਿਆ ਗਿਆ। ਪਹਿਲੇ ਭਾਗ ਵਿੱਚ 3 ਤੋਂ 13 ਸਾਲ, ਦੂਜੇ ਭਾਗ ਵਿੱਚ 14 ਤੋਂ 20 ਸਾਲ, ਤੀਜੇ ਭਾਗ ਵਿੱਚ 21 ਤੋਂ 65 ਸਾਲ ਤਕ ਦੇ ਪ੍ਰਤੀਯੋਗੀ ਸ਼ਾਮਲ ਕੀਤੇ ਗਏ। ਹਰ ਭਾਗ ਲਈ ਤਿੰਨ ਇਨਾਮ, ਪਹਿਲਾ 5000 ਰੁਪਏ, ਦੂਜਾ 3000 ਰੁਪਏ, ਅਤੇ ਤੀਜਾ 2000 ਰੁਪਏ ਦਿੱਤੇ ਗਏ। ਇਨ੍ਹਾਂ ਤੋਂ ਇਲਾਵਾ 125 ਹੋਰ ਪ੍ਰੋਤਸਾਹਨ ਇਨਾਮ ਦੇ ਕੇ ਪ੍ਰਤੀਯੋਗੀਆਂ ਨੂੰ ਉਤਸਾਹਿਤ ਕੀਤਾ ਗਿਆ। ਸਵੇਰੇ 10 ਵਜੇ ਆਰੰਭ ਹੋਏ ਇਹ ਮਕਾਬਲੇ ਸ਼ਾਮ 7 ਵਜੇ ਸਮਾਪਤ ਹੋਏ। ਇਸ ਸਮੇਂ ਦੌਰਾਨ ਪੂਰਾ ਸਮਾਂ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ, ਪ੍ਰਤੀਯੋਗੀਆਂ ਦਾ ਉਤਸਾਹ ਵਧਾਇਆ।
ਪਹਿਲੇ ਭਾਗ ਵਿੱਚ ਪਹਿਲਾ ਇਨਾਮ ਗੁਰਸ਼ੀਰ ਕੌਰ (8 ਸਾਲ) ਪੀਤਮਪੁਰਾ, ਦੂਜਾ ਇਨਾਮ ਸਿਮਰਨਪ੍ਰੀਤ ਕੌਰ (10 ਸਾਲ) ਅਤੇ ਤੀਜਾ ਇਨਾਮ ਤਿਰਮਨਜੋਤ ਸਿੰਘ (10 ਸਾਲ) ਸ਼ਾਲੀਮਾਰ ਬਾਗ ਨੇ ਹਾਸਲ ਕੀਤਾ। ਦੂਜੇ ਭਾਗ ਵਿੱਚ ਪਹਿਲਾ ਇਨਾਮ ਸੰਜੀਵ ਕੁਮਾਰ (19 ਸਾਲ) ਕਾਲਕਾਜੀ, ਦੂਜਾ ਇਨਾਮ ਪ੍ਰਭਜੋਤ ਕੌਰ (20 ਸਾਲ) ਮਜਲਿਸ ਪਾਰਕ ਅਤੇ ਤੀਜਾ ਇਨਾਮ ਗਗਨਦੀਪ ਸਿੰਘ (19 ਸਾਲ) ਪੀਤਮ ਪੁਰਾ ਪ੍ਰਾਪਤ ਕਰਨ ਵਿੱਚ ਸਫਲ ਹੋਏ। ਤੀਜੇ ਭਾਗ ਵਿੱਚ ਤੇਜਬੀਰ ਸਿੰਘ (28 ਸਾਲ) ਵਿਜੈ ਨਗਰ, ਦੂਜਾ ਇਨਾਮ ਵਿਕਰਮਜੀਤ ਸਿੰਘ (22 ਸਾਲ) ਛੱਤਰਪੁਰ ਪਹਾੜੀ ਅਤੇ ਤੀਜਾ ਇਨਾਮ ਸਤਿੰਦਰਪਾਲ ਸਿੰਘ (52 ਸਾਲ) ਸ਼ਾਲੀਮਾਰ ਬਾਗ ਨੂੰ ਪ੍ਰਾਪਤ ਹੋਇਆ।
ਭਾਈ ਸੁਰਿੰਦਰ ਸਿੰਘ (ਸ਼ਬਦ ਚੋਕੀ ਜੱਥਾ ਗੁ. ਨਾਨਕ ਪਿਆਉ), ਭਾਈ ਜਰਨੈਲ ਸਿੰਘ, ਭਾਈ ਕੰਵਲਜੀਤ ਸਿੰਘ ਅਤੇ ਡਾ. ਗੁਰਸ਼ਰਨ ਸਿੰਘ (WHO) ਵਾਲਿਆਂ ਨੇ ਇਸ ਮੁਕਾਬਲੇ ਵਿੱਚ ਜੱਜ ਸਾਹਿਬਾਨ ਵਜੋਂ ਆਪਣੀ ਜ਼ਿਮੇਂਦਾਰੀ ਬਹੁਤ ਹੀ ਸੁਚਜਤਾ ਨਾਲ ਨਿਭਾਈ।