ਚੰਡੀਗੜ੍ਹ, “ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਢੂੰਘੀ ਜਾਣਕਾਰੀ ਹੈ ਕਿ ਪੰਜਾਬ ਵਿਚ ਰੇਤੇ-ਬਜ਼ਰੀ ਦੇ ਠੇਕਿਆਂ ਵਿਚ ਕੌਣ ਗੈਰ ਕਾਨੂੰਨੀ ਤਰੀਕੇ ਚੋਰ ਬਜ਼ਾਰੀ ਕਰ ਰਿਹਾ ਹੈ । ਇਸੇ ਤਰ੍ਹਾਂ ਕਿਹੜੇ ਵੱਡੇ ਸਿਆਸਤਦਾਨ ਆਪੋ-ਆਪਣੇ ਕਾਰੋਬਾਰਾਂ ਅਤੇ ਘਰਾਂ ਵਿਚ ਵੱਡੇ ਪੱਧਰ ਤੇ ਬਿਜ਼ਲੀ ਦੀ ਚੋਰੀ ਕਰ ਰਹੇ ਹਨ । ਅਜਿਹੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਸਿਆਸਤਦਾਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਨੂੰ ਅਸੈਬਲੀ ਵਿਚ ਖੁੱਲ੍ਹੀ ਬਹਿਸ਼ ਹੋਣ ਦੇਣ ਦਾ ਪ੍ਰਬੰਧ ਕਰਨਾ ਬਣਦਾ ਸੀ, ਨਾ ਕਿ ਬਾਦਲ, ਬੀਜੇਪੀ ਹਕੂਮਤ ਦੀ ਸੋਚ ਅਨੁਸਾਰ ਉਹਨਾਂ ਉਤੇ ਪਰਦਾ ਪਾਉਣ ਦੀ ਕਾਰਵਾਈ ਕਰਨੀ ਚਾਹੀਦੀ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਤੋ ਬਾਦਲ, ਬੀਜੇਪੀ ਹਕੂਮਤ ਵਿਚ ਬੈਠੇ ਅਲੀ ਬਾਬਾ ਚਾਲੀ ਚੋਰਾਂ ਅਤੇ ਕਾਂਗਰਸ ਜਮਾਤ ਵਿਚ ਬੈਠੇ ਘਪਲੇਬਾਜ਼ਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਅਤੇ ਸੱਚ ਨੂੰ ਸਾਹਮਣੇ ਲਿਆਉਣ ਦੀ ਸ. ਅਟਵਾਲ ਨੂੰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਅਸੈਬਲੀ ਹੀ ਅਜਿਹਾ ਪਲੇਟਫਾਰਮ ਹੈ ਜਿਥੇ ਅਜਿਹੀਆ ਗੈਰ ਕਾਨੂੰਨੀ ਕਾਰਵਾਈਆ ਨੂੰ ਠੱਲ ਪਾਉਣ ਲਈ ਜਨਤਾਂ ਦੇ ਹਿੱਤ ਵਿਚ ਅਤੇ ਸਰਕਾਰੀ ਜ਼ਾਇਦਾਦਾਂ ਅਤੇ ਖਜ਼ਾਨਿਆਂ ਦੀ ਰਾਖੀ ਲਈ ਕਾਨੂੰਨ ਬਣਦੇ ਹਨ । ਅੱਛੇ ਮੁੱਦਿਆ ਉਤੇ ਉਸਾਰੂ ਬਹਿਸ਼ ਹੋ ਸਕਦੀ ਹੈ ਅਤੇ ਜੋ ਸਮਾਜ ਵਿਚ ਦਰਪੇਸ਼ ਮੁਸ਼ਕਿਲਾਂ ਆ ਰਹੀਆ ਹਨ, ਉਹਨਾਂ ਦੇ ਹੱਲ ਲਈ ਇਸ ਪਲੇਟਫਾਰਮ ਤੋ ਹੀ ਸਰਬਸੰਮਤੀ ਨਾਲ ਉਪਾਅ ਨਿਕਲਦੇ ਹਨ । ਫਿਰ ਅਸੈਬਲੀ ਦੇ ਸਪੀਕਰ ਦਾ ਅਹੁਦਾ ਤਾ ਨਿਰਪੱਖਤਾਂ ਵਾਲਾ ਅਤੇ ਪੰਜਾਬੀਆਂ ਦੇ ਹੱਕ-ਹਕੂਕਾਂ ਦੀ ਦ੍ਰਿੜਤਾਂ ਨਾਲ ਪੈਰਵੀਂ ਕਰਨ ਵਾਲਾ ਹੁੰਦਾ ਹੈ । ਜੇਕਰ ਇਸ ਉੱਚ ਅਹੁਦੇ ਉਤੇ ਬੈਠਾ ਕੋਈ ਵਿਅਕਤੀ ਵੀ ਪੱਖਪਾਤ ਵਾਲੀ ਭੂਮਿਕਾ ਨਿਭਾਵੇ, ਉਹ ਤਾ ਸਰਾਸਰ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਵੱਡੀ ਬੇਇਨਸਾਫ਼ੀ ਕਰਨ ਵਾਲੀ ਕਾਰਵਾਈ ਹੋਵੇਗੀ ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਪੀਕਰ ਪੰਜਾਬ ਨੂੰ ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਉਹ ਆਪਣੇ ਅਹੁਦੇ ਦੀ ਮਾਨ-ਮਰਿਯਾਦਾ ਨੂੰ ਕਾਇਮ ਰੱਖਦੇ ਹੋਏ ਨਿਰਪੱਖ ਸਖਸ਼ੀਅਤਾਂ ਦੇ ਅਧਾਰ ਤੇ ਇਕ ਕਮਿਸ਼ਨ ਕਾਇਮ ਕਰਨ ਦਾ ਐਲਾਣ ਕਰਨ, ਜੋ ਰੇਤਾ-ਬਜ਼ਰੀ ਅਤੇ ਬਿਜ਼ਲੀ ਦੀ ਵੱਡੇ ਪੱਧਰ ਤੇ ਹੋ ਰਹੀ ਚੋਰੀ ਅਤੇ ਘਪਲੇਬਾਜ਼ੀਆਂ ਕਰਨ ਵਾਲਿਆ ਦੇ ਚਹਿਰਿਆਂ ਨੂੰ ਪੰਜਾਬੀਆਂ ਸਾਹਮਣੇ ਲਿਆਉਦੇ ਹੋਏ ਯੋਗ ਸਜ਼ਾਵਾਂ ਦੇ ਸਕਣ ਅਤੇ ਕੋਈ ਵੀ ਸਿਆਸਤਦਾਨ ਜਾ ਅਫ਼ਸਰਸ਼ਾਹੀ ਅਜਿਹੇ ਮਾਲੀਏ ਨਾਲ ਸੰਬੰਧਿਤ ਮੁੱਦਿਆ ਉਤੇ ਧੋਖੇ-ਫਰੇਬ ਨਾ ਕਰ ਸਕੇ ਅਤੇ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਨਾ ਕਰ ਸਕੇ ।