ਗੁਹਾਟੀ- ਅਸਾਮ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਨਾਲ ਨਜਿਠਣ ਲਈ ਕੇਂਦਰ ਸਰਕਾਰ ਨੇ ਰਾਜ ਨੂੰ 500 ਕਰੋੜ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਤੋਂ ਬਾਅਦ ਗੁਹਾਟੀ ਏਅਰਪੋਰਟ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਘੋਸ਼ਣਾ ਕੀਤੀ। ਜਲਦੀ ਹੀ ਕੇਂਦਰ ਵੱਲੋਂ ਇੱਕ ਟੀਮ ਭੇਜੀ ਜਾਵੇਗੀ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜਾ ਲਵੇਗੀ। ਨੁਕਸਾਨ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਰਾਹਤ ਫੰਡ ਦਿੱਤਾ ਜਾਵੇਗਾ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਹੜ੍ਹਾਂ ਵਿੱਚ ਮਾਰੇ ਗਏ ਹਰ ਵਿਅਕਤੀ ਦੇ ਪਰੀਵਾਰ ਨੂੰ ਇੱਕ-ਇੱਕ ਲੱਖ ਰੁਪੈ ਦੀ ਮੱਦਦ ਦਿੱਤੀ ਜਾਵੇਗੀ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਖਾਧ ਸਮਗਰੀ ਮੁਹਈਆ ਕਰਵਾਈ ਜਾਵੇਗੀ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ। ਹੜ੍ਹ ਪ੍ਰਭਾਵਿਤ ਖੇਤਰ ਵਿੱਚ ਠੱਪ ਹੋਈ ਰੇਲ ਸੇਵਾ ਨੂੰ ਜਲਦੀ ਬਹਾਲ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਉਹ ਹਾਲਾਤ ਦਾ ਪੂਰਾ ਜਾਇਜ਼ਾ ਲੈਣ ਲਈ ਫਿਰ ਅਸਾਮ ਜਾਣਗੇ।
ਅਸਾਮ ਵਿੱਚ ਆਏ ਹੜ੍ਹਾਂ ਨਾਲ 20 ਲੱਖ ਲੋਕ ਪ੍ਰਭਾਵਿਤ ਹੋਏ ਹਨ। 77 ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਅਤੇ ਅਣਗਿਣਤ ਲੋਕ ਘਰੋਂ ਬੇਘਰ ਹੋ ਗਏ ਹਨ। ਫਸਲਾਂ ਅਤੇ ਮਾਲ ਡੰਗਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।