ਵਿੰਬਲਡਨ- ਸਵਿਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਬ੍ਰਿਟੇਨ ਦੇ ਐਂਡੀ ਮਰੇ ਨੂੰ 4-6,7-5,6-3,6-4 ਦੇ ਫਰਕ ਨਾਲ ਹਰਾਇਆ। ਰੋਜ਼ਰ ਆਪਣੇ ਟੈਨਿਸ ਕੈਰੀਅਰ ਵਿੱਚ 17 ਗਰੈਂਡ ਸਲਮ ਜਿੱਤ ਚੁੱਕੇ ਹਨ ਅਤੇ 6 ਵਾਰ ਪਹਿਲਾਂ ਵਿੰਬਲਡਨ ਦਾ ਖਿਤਾਬ ਆਪਣੇ ਨਾਂ ਕਰ ਚੁੱਕੇ ਹਨ।
ਐਂਡੀ ਮਰੇ ਨੇ ਪਹਿਲਾ ਸੈਟ 6-4 ਨਾਲ ਜਿੱਤ ਲਿਆ।ਇਸ ਦੌਰਾਨ ਇੰਜ ਲੱਗ ਰਿਹਾ ਸੀ ਜਿਵੇਂ ਪਲ ਪਲ ਐਂਡੀ ਰੋਜਰ ‘ਤੇ ਹਾਵੀ ਹੁੰਦਾ ਜਾ ਰਿਹਾ ਹੈ। ਇਸ ਲਈ ਉਸਨੂੰ 57 ਮਿੰਟਾਂ ਦੀ ਮੇਹਨਤ ਕਰਨੀ ਪਈ। ਫੈਡਰਰ ਨੇ ਪਹਿਲਾ ਸੈਟ ਹਾਰਨ ਤੋਂ ਬਾਅਦ ਮੈਚ ਵਿੱਚ ਵਾਪਸੀ ਕੀਤੀ ਅਤੇ ਦੂਸਰਾ ਸੈਟ ਜਿੱਤ ਲਿਆ। ਰੋਜ਼ਰ ਨੇ ਤੀਸਰਾ ਸੈਟ ਵੀ 6-3 ਦੇ ਫਰਕ ਨਾਲ ਜਿੱਤ ਲਿਆ।ਇਸ ਮੈਚ ਨੂੰ ਬਾਰਿਸ਼ ਕਰਕੇ ਕੁਝ ਸਮੇਂ ਲਈ ਰੋਕਣਾ ਪਿਆ। ਉਸ ਵੇਲੇ ਦੋਵੇਂ ਖਿਡਾਰੀ 1-1 ਸੈਟ ਜਿੱਤਕੇ ਬਰਾਬਰੀ ‘ਤੇ ਸਨ ਅਤੇ ਤੀਜੇ ਸੈਟ ਵਿਚ ਖੇਡ 1-1 ਨਾਲ ਬਰਾਬਰੀ ‘ਤੇ ਸੀ। ਇਸ ਤੋਂ ਬਾਅਦ ਫੈਡਰਰ ਨੇ ਮਰੇ ਨੂੰ ਜਿੱਤਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਚੌਥਾ ਸੈਟ ਵੀ ਆਪਣੇ ਨਾਂ ਕਰ ਲਿਆ। ਮਰੇ ਹਾਰਨ ਤੋਂ ਬਾਅਦ ਭਾਵੁਕ ਹੋ ਗਏ ਅਤੇ ਅੱਖਾਂ ਭਰ ਆਏ। ਫੈਡਰਰ ਨੇ ਮਰੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮਰੇ ਗਰੈਂਡ ਸਲਮ ਜਰੂਰ ਜਿੱਤਣਗੇ।
ਵਿੰਬਲਡਨ ਫਾਈਨਲ ਮੈਚ ਨੂੰ ਵੇਖਣ ਲਈ 15,000 ਦੇ ਕਰੀਬ ਦਰਸ਼ਕ ਮੌਜੂਦ ਸਨ। ਇਸ ਇਤਿਹਾਸਿਕ ਮੈਚ ਨੂੰ ਵੇਖਣ ਲਈ ਡੇਵਿਡ ਬੈਕਹੇਮ, ਬ੍ਰਿਟੇਨ ਦਾ ਸ਼ਾਹੀ ਪਰੀਵਾਰ ਅਤੇ ਪ੍ਰਧਾਨਮੰਤਰੀ ਕੈਮਰਨ ਵੀ ਮੌਜੂਦ ਸਨ।