ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਛੱਤੀਸਿੰਘਪੁਰਾ ਪਿੰਡ ਵਿੱਚ ਸਾਲ 2000 ਵਿੱਚ ਸਿੱਖਾਂ ਦੇ ਕਤਲੇਆਮ ਪਿੱਛੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਸੀ।ਮੁੰਬਈ ਹਮਲਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਅਬੂ ਜਿੰਦਾਲ ਨੇ ਇਹ ਖੁਲਾਸਾ ਕੀਤਾ ਹੈ।ਜਿੰਦਾਲ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਲਸ਼ਕਰ ਨਾਲ ਜੁੜੇ ਮੁਜਮਿਲ ਭੱਟ ਨੇ ਸਿੱਖਾ ਦੀ ਹੱਤਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜਿੰਦਾਲ ਅਨੁਸਾਰ ਭੱਟ ਆਪਣੇ ਸਾਥੀਆਂ ਸਮੇਤ ਇਸ ਪਿੰਡ ਪਹੁੰਚਿਆ ਸੀ।
ਜਿੰਦਾਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਮੁਜਮਿਲ ਦੇ ਸਾਥੀਆਂ ਨੇ 25 ਮਾਰਚ 2000 ਨੂੰ ਸਿੱਖਾਂ ਨੂੰ ਧੁਹ ਕੇ ਘਰਾਂ ਤੋਂ ਬਾਹਰ ਕੱਢਿਆ ਅਤੇ ਲੋਕਾਂ ਨੂੰ ਗੁਰਦੁਆਰੇ ਦੇ ਕੋਲ ਇੱਕਠੇ ਹੋਣ ਲਈ ਕਿਹਾ। ਇਸ ਤੋਂ ਬਾਅਦ ਲਸ਼ਕਰ ਦੇ ਅੱਤਵਾਦੀਆਂ ਨੇ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਾਟੀ ਵਿੱਚ ਸੰਪਰਦਾਇਕ ਤਣਾਅ ਵਧਾਉਣ ਲਈ ਇਹ ਘਿਨੌਣੀ ਹਰਕਤ ਕੀਤੀ ਗਈ। 26 ਮਾਰਚ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਨੇ ਭਾਰਤ ਆਉਣਾ ਸੀ। ਇਸ ਨਾਲ ਭਾਰਤੀ ਆਰਮੀ ਦੀ ਸਾਖ ਨੂੰ ਵੀ ਧੱਕਾ ਲਗਿਆ ਸੀ।