ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕੈਲੀਫੋਰਨੀਆ ਸੈਨੇਟ ਵਲੋਂ ਧਾਰਮਿਕ ਆਜ਼ਾਦੀ ਬਿੱਲ ਪਾਸ ਕਰਨ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਬੈਠੇ ਹਰੇਕ ਸਿੱਖ ਦੇ ਦੁੱਖ-ਸੁੱਖ ਦੀ ਭਾਈਵਾਲ ਹੈ ਵਿਦੇਸਾਂ ਵਿਚ ਬੈਠੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਮੇਂ-ਸਮੇਂ ਅਨੁਸਾਰ ਸਬੰਧਤ ਸਰਕਾਰਾਂ ਪਾਸ ਪਹੁੰਚ ਕਰਕੇ ਉਸ ਮਸਲੇ ਦਾ ਸੰਜੀਦਗੀ ਨਾਲ ਹੱਲ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਸਦਾ ਤੱਤਪਰ ਰਹੀ ਹੈ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਸਬੰਧੀ ਕਾਨੂੰਨ ਪਾਸ ਹੋਣ ਨਾਲ ਸਿੱਖ ਧਰਮ ਸਮੇਤ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਵਿਦੇਸ਼ਾਂ ‘ਚ ਆਉਂਦੀਆਂ ਦਰਪੇਸ਼ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ। ਹਰੇਕ ਵਰਗ ਦੇ ਲੋਕ ਆਪਣੇ-ਆਪਣੇ ਧਾਰਮਿਕ ਪਹਿਰਾਵੇ ‘ਚ ਡਿਊਟੀ ਕਰਨ ਦੇ ਸਮਰੱਥ ਹੋ ਜਾਣਗੇ। ਵਿਦੇਸ਼ਾਂ ਵਿਚ ਨਸਲੀ ਭੇਦ-ਭਾਵ ਵਾਲੀਆਂ ਨਿਤਾ-ਪ੍ਰਤੀ ਵਾਪਰਦੀਆਂ ਘਟਨਾਵਾਂ ਤੋਂ ਹਰੇਕ ਵਰਗ ਸੁਰਖਰੂ ਹੋਵੇਗਾ। ਇਸ ਬਿੱਲ ਦੇ ਪਾਸ ਹੋਣ ਨਾਲ ਹਰੇਕ ਧਰਮ ਦੀ ਆਜ਼ਾਦੀ ਸਬੰਧੀ ਕਾਨੂੰਨ ਬਣਨ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਐਕਟ, ਏ ਬੀ 1964 ਕੈਲੀਫੋਰਨੀਆ ਸੈਨੇਟ ਵਲੋਂ ਪਾਸ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਅੱਗੇ ਅਪ੍ਰੋਪਰੀਏਸ਼ਨ ਕਮੇਟੀ ਕੋਲ ਜਾਵੇਗਾ ਉਥੋਂ ਪ੍ਰਵਾਨਗੀ ਉਪਰੰਤ ਫਿਰ ਧਾਰਮਿਕ ਆਜ਼ਾਦੀ ਪ੍ਰਤੀ ਕਾਨੂੰਨ ਹੋਂਦ ‘ਚ ਆਵੇਗਾ ਜੋ ਘੱਟ-ਗਿਣਤੀ ਅਤੇ ਖਾਸਕਰ ਸਿੱਖਾਂ ਲਈ ਸ਼ਲਾਘਾਯੋਗ ਹੈ।