ਫਤਹਿਗੜ੍ਹ ਸਾਹਿਬ – “ਕੁਲਦੀਪ ਨਈਅਰ ਨੇ ਆਪਣੇ ਵੱਲੋਂ ਲਿਖੀ ਕਿਤਾਬ ਵਿਚ ਇਹ ਲਿਖਕੇ ਕਿ ਭਾਈ ਅਮਰੀਕ ਸਿੰਘ ਜੋ ਸੰਤ ਕਰਤਾਰ ਸਿੰਘ ਜੀ ਦੇ ਸਪੁੱਤਰ ਸਨ, ਉਹ ਸੈਂਟਰਲ ਖੂਫੀਆ ਏਜੰਸੀ ਆਈ.ਬੀ. ਅਤੇ ਸੈਟਰਲ ਹਕੂਮਤ ਦੇ ਮੁਖਬਰ ਸਨ ਅਤੇ ਦਲ ਖ਼ਾਲਸਾ ਦੀ ਜਥੇਬੰਦੀ ਗਿਆਨੀ ਜੈਲ ਸਿੰਘ ਅਤੇ ਕਾਂਗਰਸ ਦੀ ਪੈਦਾਇਸ ਸੀ । ਇਸ ਨਾਲ ਦਲ ਖ਼ਾਲਸਾ, ਟਕਸਾਲ, ਫੈਡਰੇਸ਼ਨਾਂ ਅਤੇ ਸੰਤ ਸਮਾਜ ਨਾਲ ਸੰਬੰਧਿਤ ਪਹਿਲੀ ਕਤਾਰ ਦੇ ਆਗੂ ਸਿੱਖ ਕੌਮ ਦੀ ਨਜ਼ਰ ਵਿਚ ਸ਼ੱਕੀ ਬਣ ਗਏ ਹਨ । ਹੁਣ ਇਹਨਾਂ ਉਪਰੋਕਤ ਜਥੇਬੰਦੀਆਂ ਦੇ ਮੁੱਖੀਆਂ ਅਤੇ ਆਗੂਆਂ ਕੋਲ ਆਪਣੇ-ਆਪ ਨੂੰ ਸਹੀ ਸਾਬਿਤ ਕਰਨ ਲਈ ਦੋ ਹੀ ਰਸਤੇ ਹਨ ਜਾਂ ਉਹ ਹਿੰਦੂਤਵ ਤਾਕਤਾਂ ਕਾਂਗਰਸ, ਬੀਜੇਪੀ ਅਤੇ ਆਰ.ਐਸ.ਐਸ. ਦੇ ਗੁਲਾਮ ਬਣੇ ਬਾਦਲ ਦਲ ਨੂੰ ਅਲਵਿਦਾ ਕਹਿਣ ਜਾਂ ਫਿਰ ਕੁਲਦੀਪ ਨਈਅਰ ਅਤੇ ਆਈ.ਪੀ.ਐਸ. ਅਫ਼ਸਰ ਸ੍ਰੀ ਐਮ.ਕੇ.ਧਾਰ ਜਿਨ੍ਹਾਂ ਨੇ ਇਨ੍ਹਾਂ ਆਗੂਆਂ ਨੂੰ ਮੁੱਖਬਰ ਸਾਬਿਤ ਕੀਤਾ ਹੈ ਉਹਨਾਂ ਉਤੇ ਮਾਨਹਾਨੀ ਦਾ ਕੇਸ ਦਾਇਰ ਕਰਨ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਲ ਖ਼ਾਲਸਾ, ਟਕਸਾਲ ਮੁੱਖੀ ਸ੍ਰੀ ਹਰਨਾਮ ਸਿੰਘ ਧੂੰਮਾਂ, ਮਨਜੀਤ ਸਿੰਘ ਭੂਰਾਕੋਨਾ, ਕੰਵਰਪਾਲ ਸਿੰਘ ਬਿੱਟੂ, ਸਤਨਾਮ ਸਿੰਘ ਪਾਉਟਾ ਸਾਹਿਬ, ਹਰਚਰਨਜੀਤ ਸਿੰਘ ਧਾਮੀ, ਸਰਬਜੀਤ ਸਿੰਘ ਸੋਹਲ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਭੌਮਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਵਰਗੇ ਫੈਡਰੇਸ਼ਨੀਆ ਅਤੇ ਸੰਤ-ਯੂਨੀਅਨ ਦੇ ਆਗੂਆਂ ਨੂੰ ਇਕ ਸੰਜੀਦਾਂ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਨਣ ਕਰਨਾ ਜਰੂਰੀ ਹੈ ਕਿ ਪੀ.ਐਮ.ਦਾਸ ਪੁਲਿਸ ਅਫ਼ਸਰ ਨੇ ਜਨਤਕ ਤੌਰ ਤੇ ਇਹ ਖੁਲਾਸਾ ਕੀਤਾ ਸੀ ਕਿ ਜਸਵੀਰ ਸਿੰਘ ਰੋਡੇ ਸੈਟਰ ਦੀ ਖੁਫੀਆ ਏਜੰਸੀ ਦੇ ਮੁੱਖਬਰ ਹਨ । ਅਸੀਂ ਉਸ ਸਮੇਂ ਸ. ਜਸਵੀਰ ਸਿੰਘ ਰੋਡੇ ਨੂੰ ਸ੍ਰੀ ਪੀ.ਐਮ.ਦਾਸ ਉਤੇ ਮਾਨਹਾਨੀ ਦਾ ਕੇਸ ਦਾਇਰ ਕਰਨ ਦੀ ਬੇਨਤੀ ਕੀਤੀ ਸੀ । ਲੇਕਿਨ ਉਹਨਾਂ ਨੇ ਅਜਿਹਾ ਨਹੀ ਕੀਤਾ ਜਿਸ ਤੋ ਸੱਚਾਈ ਖੁਦ-ਬਾ-ਖੁਦ ਨਜ਼ਰ ਆਉਦੀ ਹੈ । ਇਸੇ ਤਰ੍ਹਾਂ 18 ਸਤੰਬਰ 2011 ਨੂੰ ਐਸ.ਜੀ.ਪੀ.ਸੀ. ਦੀਆਂ ਹੋਈਆ ਚੋਣਾਂ ਸਮੇਂ ਅਸੀਂ ਪੰਥ ਵਿਰੋਧੀ ਬਾਦਲ ਦਲੀਆਂ ਨੂੰ ਹਰਾਉਣ ਲਈ ਇਨ੍ਹਾਂ ਸਮੁੱਚੀਆਂ ਧਿਰਾਂ ਨੂੰ ਅਪੀਲ ਕੀਤੀ ਸੀ । ਲੇਕਿਨ ਦਲ ਖ਼ਾਲਸਾ, ਪੰਚ ਪ੍ਰਧਾਨੀ ਦੇ ਦਲਜੀਤ ਸਿੰਘ ਬਿੱਟੂ, ਕੰਵਰਪਾਲ ਸਿੰਘ ਬਿੱਟੂ ਆਦਿ ਨੇ ਸਰਨੇ ਦਲ ਨਾਲ ਰਲਕੇ “ਪੰਥਕ ਮੋਰਚਾਂ” ਜੋ ਕਾਂਗਰਸ ਦੀ ਅਗਵਾਈ ਕਰਦਾ ਸੀ ਬਣਾ ਲਿਆ ਅਤੇ ਸੰਤ ਸਮਾਜ, ਟਕਸਾਲ ਤੇ ਫੈਡਰੇਸ਼ਨੀਆਂ ਨੇ ਬੀਜੀਪੀ ਦੇ ਗੁਲਾਮ ਬਾਦਲ ਲਈ ਕੰਮ ਕੀਤਾ । ਅਸੀਂ ਉਪਰੋਕਤ ਫੈਡਰੇਸ਼ਨ ਆਗੂਆਂ ਨੂੰ ਬਾਦਲ ਦਲ ਵਿਚ ਜਾਣ ਤੋ ਪਹਿਲੇ ਖ਼ਬਰਦਾਰ ਕੀਤਾ ਸੀ ਲੇਕਿਨ ਇਹ ਸਾਰੇ ਆਗੂ ਲਾਲ ਬੱਤੀਆਂ ਵਾਲੀਆ ਮਹਿੰਗੀਆਂ ਗੱਡੀਆਂ ਅਤੇ ਹਕੂਮਤਾਂ ਦੇ ਉੱਚ ਅਹੁਦਿਆਂ ਦੀ ਚਕਾਚੋਧ ਤੋ ਪ੍ਰਭਾਵਿਤ ਹੋਕੇ ਸੈਟਰਲ ਹਕੂਮਤ ਦੀ ਗੁਲਾਮ ਬਣੀ ਬਾਦਲ ਦੇ ਗੁਲਾਮ ਬਣਨ ਤੋ ਆਪਣੇ-ਆਪ ਨੂੰ ਬਚਾ ਨਾ ਸਕੇ ਅਤੇ ਖ਼ਾਲਸਾ ਪੰਥ ਦੀ ਮੁੱਖ ਧਾਰਾ ਤੋ ਦੂਰ ਹੋਕੇ ਅੱਜ ਸਿੱਖ ਕੌਮ ਵਿਚ ਦਾਗੋ-ਦਾਗੀ ਹੋਏ ਖੜ੍ਹੇ ਹਨ । ਨਾਂ ਬਾਦਲ ਦਲ ਨੂੰ ਛੱਡ ਸਕਦੇ ਹਨ ਅਤੇ ਨਾਂ ਹੀ ਇਨ੍ਹਾਂ ਨੂੰ ਸੈਟਰ ਦੇ ਏਜੰਟ ਗਰਦਾਨਣ ਵਾਲਿਆ ਉਤੇ ਮਾਨਹਾਨੀ ਦਾ ਕੇਸ਼ ਪਾਉਣ ਦਾ ਹੌਸਲਾ ਰੱਖਦੇ ਹਨ । ਸ. ਮਾਨ ਨੇ ਇਹ ਵੀ ਇਂਕਸਾਫ ਕੀਤਾ ਕਿ ਬੇਸ਼ੱਕ ਦਲ ਖ਼ਾਲਸਾ ਦੀ ਜਥੇਬੰਦੀ ਦਾ ਐਲਾਣ ਚੰਡੀਗੜ੍ਹ ਦੇ ਇਕ ਹੋਟਲ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਸੀ । ਪਰ ਅਸਲੀਅਤ ਵਿਚ ਦਲ ਖ਼ਾਲਸਾ ਨੂੰ ਹੋਂਦ ਵਿਚ ਲਿਆਉਣ ਲਈ ਮੇਰੇ ਪਿੰਡ ਕਿਲ੍ਹਾ ਸ. ਹਰਨਾਮ ਸਿੰਘ (ਫਤਹਿਗੜ੍ਹ ਸਾਹਿਬ) ਵਿਖੇ ਮੇਰੇ ਬਾਪੂ ਜੀ ਸਵ: ਲੈਫਟੀਨੈਟ ਕਰਨਲ ਸ. ਜੋਗਿੰਦਰ ਸਿੰਘ ਮਾਨ, ਸਵ: ਸ. ਜਗਜੀਤ ਸਿੰਘ ਚੋਹਾਨ, ਸ. ਗੁਜਿੰਦਰ ਸਿੰਘ, ਸ. ਕਪੂਰ ਸਿੰਘ ਆਈ.ਸੀ.ਐਸ. ਦੀ ਸਮੂਲੀਅਤ ਵਾਲੀ ਹੋਈ ਇਕੱਤਰਤਾਂ ਵਿਚ ਫੈਸਲਾ ਹੋਇਆ ਸੀ । ਉਹਨਾਂ ਕਿਹਾ ਕਿ ਦਲ ਖ਼ਾਲਸਾ, ਟਕਸਾਲ, ਫੈਡਰੇਸ਼ਨੀਏ ਅਤੇ ਸੰਤ ਸਮਾਜ ਉਤੇ ਜੋ ਅੱਜ ਇਹ ਹਿੰਦ ਹਕੂਮਤ ਦੇ ਅਤੇ ਹਿੰਦੂਤਵ ਤਾਕਤਾਂ ਦੇ ਮੁੱਖਬਰ ਹੋਣ ਦੇ ਇਲਜ਼ਾਮ ਲੱਗ ਰਹੇ ਹਨ, ਇਸ ਦਾ ਮੁੱਖ ਕਾਰਨ ਇਨ੍ਹਾਂ ਵੱਲੋਂ ਖ਼ਾਲਸਾ ਪੰਥ ਦੀ ਮੁੱਖ ਧਾਰਾ ਨੂੰ ਪਿੱਠ ਦੇਕੇ ਹਿੰਦੂਤਵ ਤਾਕਤਾਂ ਕਾਂਗਰਸ, ਭਾਜਪਾ, ਆਰ.ਐਸ.ਐਸ. ਅਤੇ ਬਾਦਲ ਦਲੀਆਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨਾ ਹੈ । ਇਸ ਲਈ ਹੀ ਦਲ ਖ਼ਾਲਸਾ ਵੱਲੋਂ ਹੁਣੇ ਪ੍ਰਕਾਸਿਤ ਕੀਤੀ ਗਈ ਡਾਇਰੀ ਦਾ ਸਮੁੱਚਾ ਖ਼ਰਚ ਹਰਨਾਮ ਸਿੰਘ ਧੂੰਮਾਂ ਵੱਲੋਂ ਕੀਤਾ ਗਿਆ ਹੈ ਤਾਂ ਕਿ ਬੀਜੇਪੀ, ਆਰ.ਐਸ.ਐਸ. ਦੇ ਕਿਸੇ ਕੰਮ ਵਿਚ ਕੋਈ ਰੁਕਾਵਟ ਨਾ ਪਵੇ । ਇਹ ਲੋਕ ਇਨ੍ਹਾਂ ਪੰਥ ਵਿਰੋਧੀ ਤਾਕਤਾਂ ਦੇ “ਯੈਸ ਮੈਨ” ਹੋ ਕੇ ਰਹਿ ਗਏ ਹਨ ਅਤੇ ਆਤਮਿਕ ਤੌਰ ਤੇ ਮਰ ਚੁੱਕੇ ਹਨ । ਦੂਸਰੇ ਪਾਸੇ ਕੁਲਦੀਪ ਨਈਅਰ, ਜੋ ਬਾਦਲ ਦੇ “ਪੈ-ਰੋਲ” ‘ਤੇ ਹਨ ਇਨ੍ਹਾਂ ਨੂੰ ਨਿਰੰਤਰ ਮਿੱਥੀ ਰਕਮ ਮਹੀਨਾਵਾਰ ਮਿਲਦੀ ਰਹਿੰਦੀ ਹੈ ਅਤੇ ਸ੍ਰੀ ਆਈ.ਕੇ. ਗੁਜਰਾਲ ਬਾਦਲ ਦਲ ਲਈ ਸੈਟਰ ਵਿਚ ਕੰਮ ਕਰਦੇ ਹਨ । ਇਸ ਦੇ ਇਵਜਾਨੇ ਵਿਚ ਹੀ ਆਈ.ਕੇ. ਗੁਜਰਾਲ ਦੇ ਪੁੱਤਰ ਸ੍ਰੀ ਨਰੇਸ ਗੁਜਰਾਲ ਨੂੰ ਰਾਜ ਸਭਾ ਦੇ ਮੈਂਬਰ ਵੀ ਇਸੇ ਕਰਕੇ ਬਣਾਇਆ ਜਾਂਦਾ ਹੈ । ਜਦੋ 2 ਜੁਲਾਈ 2006 ਨੂੰ ਸ. ਬਾਦਲ ਨੇ ਪੰਥ ਦੇ ਖ਼ਜਾਨੇ ਵਿਚੋ ਕੁਲਦੀਪ ਨਈਅਰ ਨੂੰ 10,00000 (ਦਸ ਲੱਖ) ਰੁਪਏ ਮੰਜ਼ੀ ਸਾਹਿਬ ਅੰਮ੍ਰਿਤਸਰ ਵਿਖੇ ਸਮਾਗਮ ਵਿਚ ਦਿਤੇ ਤਾਂ ਅਸੀਂ ਪੰਥਕ ਖ਼ਜਾਨੇ ਦੀ ਦੁਰਵਰਤੋਂ ਕਰਨ ਅਤੇ ਪੰਥ ਵਿਰੋਧੀ ਕਾਲੀਆਂ ਭੇਡਾਂ ਨੂੰ ਪਾਲਣ ਦੀ ਵਿਰੋਧਤਾਂ ਕੀਤੀ ਸੀ । ਦੁੱਖ ਅਤੇ ਅਫਸ਼ੋਸ ਹੈ ਕਿ ਉਸ ਸਮੇਂ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੈਦਾਤੀ ਨੇ ਬਾਦਲੀਆਂ ਨੂੰ ਅਜਿਹਾ ਕਰਨ ਤੋ ਰੋਕਣ ਦੀ ਬਜਾਇ ਸਾਨੂੰ ਚੰਦੋਆਂ ਸਾਹਿਬ ਦਾ ਅਪਮਾਨ ਕਰਨ ਦਾ ਬਹਾਨਾ ਬਣਾਕੇ ਸਜ਼ਾਂ ਲਗਾ ਦਿੱਤੀ ਸੀ ।
ਸ. ਮਾਨ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਕਿਹਾ ਕਿ ਖ਼ਾਲਸਾ ਪੰਥ ਜਿਥੇ ਗਲਤ ਅਮਲ ਹੋਣ ਤੇ ਸਮਾਜਿਕ ਤੌਰ ਤੇ ਕਿਸੇ ਨੂੰ ਸਜ਼ਾ ਦਿੰਦਾ ਹੈ, ਉਥੇ ਕੌਮ ਤੇ ਪੰਥ ਪੱਖੀਂ ਉੱਦਮ ਕਰਨ ਤੇ ਬਖ਼ਸ ਵੀ ਦਿੰਦਾ ਹੈ ਅਤੇ ਪੰਥ ਵਿਚ ਦੁਆਰਾ ਸਾਮਿਲ ਵੀ ਕਰ ਲੈਦਾ ਹੈ । ਇਸ ਲਈ ਜੇ ਉਪਰੋਕਤ ਦਲ ਖ਼ਾਲਸਾ, ਟਕਸਾਲ, ਫੈਡਰੇਸ਼ਨਾਂ, ਸੰਤ ਸਮਾਜ ਆਦਿ ਤੋ ਕੌਮੀ ਗਲਤੀਆਂ ਹੋਈਆ ਹਨ, ਤਾਂ ਉਹ ਆਪਣੀਆਂ ਭੁੱਲਾ ਬਖ਼ਸਾਕੇ ਫਿਰ ਤੋ ਖ਼ਾਲਸਾ ਪੰਥ ਦੀ ਮੁੱਖ ਧਾਰਾ ਵਿਚ ਸਾਮਿਲ ਹੋ ਸਕਦੇ ਹਨ ।