ਅੰਮ੍ਰਿਤਸਰ:- ਅੰਮ੍ਰਿਤਸਰ ਜਿਲੇ ਦੇ ਪਿੰਡ ਧਰਮੂਚੱਕ ‘ਚ ਜੰਮਪਲ ਪੰਜਾਬ ਦਾ ਦੁਨੀਆਂ ਦੇ ਇਤਿਹਾਸ ਵਿੱਚ ਨਾਂ ਚਮਕਾਉਣ ਵਾਲੇ ਪੰਜਾਬੀ ਪੁੱਤਰ ਪਹਿਲਵਾਨ ਦਾਰਾ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਤੇ ਸ.ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੇ ਉਨ੍ਹਾਂ ਦੀ ਮੌਤ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਵਾਨ ਦਾਰਾ ਸਿੰਘ ਨੇ ਰੈਸਲਿੰਗ ਖੇਤਰ ‘ਚ ਦੁਨੀਆਂ ਦੇ ਇਤਿਹਾਸ ਵਿੱਚ ਸਫਲਤਾ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ। ਉਹਨਾਂ ਆਪਣੇ ਜੀਵਨ ਕਾਲ ਦੌਰਾਨ ਦੇਸ਼, ਵਿਦੇਸ਼ ਵਿੱਚ ਅਨੇਕਾਂ ਵੱਡੇ-ਵੱਡੇ ਅਖਾੜਿਆਂ ਵਿੱਚ ਕੁਸ਼ਤੀ ਲੜੀ ਤੇ ਵੱਡੇ-ਵੱਡੇ ਪਹਿਲਵਾਨਾਂ ਨੂੰ ਮਾਤ ਦੇ ਕੇ ਪੰਜਾਬੀ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ। ਪਹਿਲਵਾਨ ਦਾਰਾ ਸਿੰਘ ਵੱਲੋਂ ਅਖਾੜਿਆਂ ‘ਚ ਪਹਿਲਵਾਨੀ ਦੇ ਨਾਲ-ਨਾਲ ਦੇਸ਼ ਦੀ ਫਿਲਮ ਜਗਤ ‘ਚ ਆਪਣਾ ਸਿੱਕਾ ਜਮਾਉਂਦਿਆਂ ਅਨੇਕਾਂ ਫਿਲਮਾਂ ‘ਚ ਕੰਮ ਕਰਕੇ ਦੁਨੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਕੰਮ ਕੋਈ ਵੀ, ਕਿੰਨਾ ਵੀ ਔਖਾ ਹੋਵੇ ਪੰਜਾਬੀ ਉਸ ਨੂੰ ਅਰਾਮ ਨਾਲ ਸਰ ਕਰ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਣਹਾਰ ਸਪੂਤ ਨੇ ਆਪਣੀ ਜਿੰਦਗੀ ਦੇ ਸਫਰ ਦੌਰਾਨ ਪਹਿਲਵਾਨੀ ਤੇ ਬਾਲੀਵੁਡ ਦੇ ਖੇਤਰ ‘ਚ ਨਾਮਣਾ ਖਟਦਿਆਂ ਜਿੱਥੇ ਆਪ ਅਨੇਕਾਂ ਇਨਾਮ ਹਾਸਲ ਕੀਤੇ ਉਥੇ ਪੰਜਾਬ ਨੂੰ ਮਾਣ ਦਿਵਾਇਆ। ਸਤਿਗੁਰੂ ਕ੍ਰਿਪਾ ਕਰਨ ਪਹਿਲਵਾਨ ਦਾਰਾ ਸਿੰਘ ਵਰਗੇ ਨੇਕ ਤੇ ਹੋਣਹਾਰ ਹੋਰ ਸਪੂਤ ਪੰਜਾਬ ‘ਚ ਪੈਦਾ ਹੋਣ ਤਾਂ ਜੋ ਪੰਜਾਬੀਅਤ ਦਾ ਨਾਂ ਪੂਰੀ ਦੁਨੀਆਂ ਦੇ ਇਤਿਹਾਸ ‘ਚ ਚਮਕਦਾ ਰਹੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਕੱਤਰ ਨੇ ਕਿਹਾ ਕਿ ਪਹਿਲਵਾਨ ਦਾਰਾ ਸਿੰਘ ਦੇ ਅਕਾਲ ਚਲਾਣੇ ਨਾਲ ਉਹਨਾਂ ਦੇ ਪਰਵਾਰ, ਪੰਜਾਬ ਵਾਸੀਆਂ ਤੇ ਸਮੁੱਚੇ ਭਾਰਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਪਹਿਲਵਾਨ ਦਾਰਾ ਸਿੰਘ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਚਰਨਾਂ ‘ਚ ਨਿਵਾਸ ਬਖਸ਼ਣ ਪਰਵਾਰ ਤੇ ਪੰਜਾਬ ਵਾਸੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।