ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਨਰਾਇਣ ਸਿੰਘ ਦੀ ਤਸਵੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ‘ਚ ਧਾਰਮਿਕ ਸਮਾਗਮ ਉਪਰੰਤ ਲਗਾਈ ਗਈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਧਰਮ ਸਿੰਘ ਵੱਲੋਂ ਕੀਤੀ ਗਈ।
ਚਿੱਤਰ ਤੋਂ ਪਰਦਾ ਹਟਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦਾ ਪ੍ਰਬੰਧ ਪੰਥਕ ਤੇ ਅਜਾਦਾਨਾ ਬਨਾਉਣ ਲਈ ਸਿੱਖ ਪੰਥ ਨੂੰ ਬਹੁਤ ਸੰਘਰਸ਼ ਤੇ ਕੁਰਬਾਨੀਆਂ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਮਹੰਤ ਸ਼ਾਹੀ ਤੋਂ ਗੁਰਦੁਆਰਿਆਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੂੰ ਲੰਮੀ ਜੱਦੋ ਜਹਿਦ ਕਰਨੀ ਪਈ ਤੇ ਗੁਰਦੁਆਰਾ ਸੁਧਾਰ ਲਹਿਰ ਤਹਿਤ ਸੰਗਤੀ ਪ੍ਰਬੰਧ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਤੇ ਕਾਬਜ ਮਹੰਤ ਨਰੈਣ ਦਾਸ ਪਾਸੋਂ ਗੁਰਦੁਆਰਾ ਸਾਹਿਬ ਨੂੰ ਅਜਾਦ ਕਰਵਾਉਣ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ‘ਚ ਤਕਰੀਬਨ 150 ਸਿੰਘਾਂ ਦਾ ਸ਼ਾਤਮਈ ਜਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅੰਦਰ ਦਾਖਲ ਹੋਇਆ ਪ੍ਰੰਤੂ ਮਹੰਤ ਨਰੈਣ ਦਾਸ ਨੂੰ ਇਹ ਸਭ ਨਾ ਗਵਾਰ ਗੁਜਰਿਆ ਤੇ ਉਸ ਨੇ ਆਪਣੇ 400 ਸੌ ਦੇ ਕਰੀਬ ਪਾਲਤੂ ਗੁੰਡਿਆਂ ਪਾਸੋਂ ਸ਼ਾਂਤ-ਮਈ ਸਿੰਘਾਂ ਉੱਪਰ ਕ੍ਰਿਪਾਨਾਂ, ਗੰਡਾਸਿਆਂ ਤੇ ਗੋਲੀਆਂ ਨਾਲ ਹਮਲਾ ਕਰਵਾ ਕਿ ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ। ਉਹਨਾਂ ਸ਼ਹੀਦ ਹੋਣ ਵਾਲੇ ਗੁਰੂ ਦੇ ਸਿੱਦਕੀ ਸਿੰਘਾਂ ‘ਚ ਭਾਈ ਨਰਾਇਣ ਸਿੰਘ ਪੁੱਤਰ ਭਾਈ ਜਵਾਹਰ ਸਿੰਘ ਚੱਕ 75 ਲੋਹਕੇ ਡਾਕਖਾਨਾ ਖੁਰੜਿਆਂ ਵਾਲਾ (ਲਾਇਲਪੁਰ) ਵੀ ਸ਼ਾਮਲ ਸੀ।
ਉਹਨਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਮਤਾ ਪਾਸ ਕਰਕੇ ਸ਼ਹੀਦ ਭਾਈ ਨਰਾਇਣ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜੋ ਅੱਜ ਕੇਂਦਰੀ ਸਿੱਖ ਅਜਾਇਬ ਘਰ ਲਗਾਇਆ ਗਿਆ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੌਰਵਮਈ ਇਤਿਹਾਸ ਤੋਂ ਪ੍ਰੇਰਣਾ ਲੈ ਕਿ ਧਰਮ ਪ੍ਰਤੀ ਨਿਸਚਾ ਰੱਖ ਸਕਣ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀ:ਸਕੱਤਰ ਸ.ਤਰਲੋਚਨ ਸਿੰਘ, ਸ.ਦਿਲਜੀਤ ਸਿੰਘ ਬੇਦੀ ਮੀਤ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਮੱਲੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਕੇਂਦਰੀ ਸਿੱਖ ਅਜਾਇਬ ਘਰ ਦੇ ਕਿਊਰੇਟਰ ਸ.ਇਕਬਾਲ ਸਿੰਘ ਮੁੱਖੀ, ਸ.ਗੁਰਵਿੰਦਰਪਾਲ ਸਿੰਘ ਤੇ ਸੁਖਵਿੰਦਰ ਸਿੰਘ ਚਿੱਤਰਕਾਰ, ਸ਼ਹੀਦ ਭਾਈ ਨਰਾਇਣ ਸਿੰਘ ਦੇ ਪਰਿਵਾਰਕ ਮੈਂਬਰ ਸ.ਰਘਬੀਰ ਸਿੰਘ ਤੀਰ, ਬੀਬੀ ਸੁਰਜੀਤ ਕੌਰ, ਸ.ਕਮਲਦੀਪ ਸਿੰਘ, ਸ.ਸਵਰਾਜ ਸਿੰਘ, ਸ.ਗੁਰਨੂਰ ਸਿੰਘ, ਸ.ਸਾਹਿਬਦੀਪ ਸਿੰਘ, ਸ.ਅਰਜਿੰਦਰ ਸਿੰਘ, ਬੀਬੀ ਰਾਜਵੰਤ ਕੌਰ, ਬੀਬੀ ਗੁਰਲੀਨ ਕੌਰ, ਬੀਬੀ ਗੁਰਕੀਰਤ ਕੌਰ, ਬੀਬੀ ਪਰਮਿੰਦਰ ਕੌਰ, ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ.ਹਰਦੇਵ ਸਿੰਘ ਤੋਂ ਇਲਾਵਾ ਸਿੱਖ ਸੰਗਤਾਂ ਹਾਜਰ ਸਨ।