ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਅੰਡਰ ਗਰੈਜੂਏਟ ਵਿਦਿਆਰਥੀਆਂ ਦੇ 15 ਰੋਜ਼ਾ ਸਾਲਾਨਾ ਖੇਡ ਕੋਚਿੰਗ ਕੈਂਪ ਦੀ ਸਮਾਪਤੀ ਹੋ ਗਈ ਹੈ। ਇਸ ਕੈਂਪ ਵਿੱਚ 145 ਖਿਡਾਰੀਆਂ ਨੇ ਹੈਂਡਬਾਲ, ਲਾਅਨ ਟੈਨਿਸ, ਤੈਰਾਕੀ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਟੇਬਲ ਟੈਨਿਸ, ਵਾਲੀਬਾਲ, ਕਬੱਡੀ ਅਤੇ ਵੇਟ ਲਿਫਟਿੰਗ ਖੇਡਾਂ ਵਿੱਚ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਵਿਚੋਂ 100 ਲੜਕੇ ਅਤੇ 45 ਲੜਕੀਆਂ ਸਨ।
ਵਿਦਿਆਰਥੀ ਭਲਾਈ ਨਿਰਦੇਸ਼ਕ ਡਾ: ਦਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਨਸ਼ਾਮੁਕਤ ਕਰਨ ਬਾਰੇ ਡਾ: ਸਰਬਜੀਤ ਸਿੰਘ ਨੇ ਸੰਬੋਧਨ ਕੀਤਾ ਜਦ ਕਿ ਖੇਡਾਂ ਸੰਬੰਧੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਨੂੰ ਡਾ: ਸਵਰਨਦੀਪ ਸਿੰਘ ਹੁੰਦਲ ਨੇ ਸੰਯੋਜਤ ਕੀਤਾ। ਸੁਖਦੇਵ ਸਿੰਘ ਭਵਨ ਵਿਖੇ ਵਿਦਿਆਰਥੀਆਂ ਦੀ ਸਭਿਆਚਾਰ ਸ਼ਾਮ ਮਨਾਈ ਗਈ ਜਿਸ ਵਿੱਚ ਸਾਰੇ ਖਿਡਾਰੀਆਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵੱਖ ਵੱਖ ਕਾਲਜਾਂ ਦੇ ਡੀਨ/ਡਾਇਰੈਕਟਰਜ਼ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ। ਸਖਸ਼ੀਅਤ ਦੇ ਵਿਕਾਸ ਅਤੇ ਨਿਖਾਰ ਬਾਰੇ ਪੱਤਰਕਾਰੀ ਵਿਭਾਗ ਦੀ ਅਧਿਆਪਕ ਗੁਲਨੀਤ ਕੌਰ ਚਾਹਲ ਨੇ ਸੰਬੋਧਨ ਕੀਤਾ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ: ਦਵਿੰਦਰ ਸਿੰਘ ਚੀਮਾ ਨੇ ਕਰਦਿਆਂ ਆਖਿਆ ਕਿ ਅਨੁਸ਼ਾਸਨ, ਈਮਾਨਦਾਰੀ, ਸਮੇਂ ਦੀ ਪਾਬੰਦੀ ਅਤੇ ਸਰੀਰਕ ਸਡੌਲਤਾ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ।