ਸਿੱਦਕੀ

ਬਲਵਿੰਦਰ ਸਿੰਘ ਆਪਣੇ ਲੜਕੇ ਦੇ ਜਨਮ ਦਿਨ ਉੱਪਰ ਆਪਣੇ ਮਿਤਰਾਂ ਨੂੰ ਇਕੱਠਾ ਕਰਨ ਦੀ ਗੱਲ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਪਹਿਲਾਂ ਹੀ ਕਹਿ ਦਿੱਤਾ, “ ਸੀਤਲ ਸਿੰਘ ਨੂੰ ਨਾ ਬਲਾਉ।”

“ਕਿਉਂ”?

“ ਉਹ ਘਸੁੰਨ-ਵੱਟਾ ਨਾ ਬੋਲਦਾ ਨਾ ਚਲਦਾ।”

“ ਬਹੁਤਾ ਬੋਲਦਾ ਤਾਂ ਭਾਂਵੇ ਨਹੀ, ਪਰ ਬੰਦਾ ਹੈ ਚੰਗਾ।” ਬਲਵਿੰਦਰ ਸਿੰਘ ਨੇ ਉਸ ਨੂੰ ਬਲਾਉਣ ਦੇ ਇਰਾਦੇ ਨਾਲ ਕਿਹਾ, “ ਉਦਾਂ ਕਿਹੜਾ ਕਿਸੇ ਨੂੰ ਰੋਟੀ ਤੇ ਸੱਦ ਹੁੰਦਾ ਹੈ, ਚਲੋ ਬਹਾਨੇ ਨਾਲ ਉਹ ਵੀ ਫੁਲਕਾ ਛੱਕ ਲਵੇਗਾ।”

“ ਇਸ ਦਾ ਕੋਈ ਟੱਬਰ- ਟੀਹਰ ਹੈ ਜਾਂ ਛੜਾ ਹੀ ਆ।”

“ਜਦੋਂ ਦਾ ਮੈ ਇਸ ਨੂੰ ਜਾਣਦਾ ਇਕਲਾ ਹੀ ਦੇਖਦਾ ਹਾਂ।”

“ ਇਹਦਾ ਢਾਬਾ  ਤਾਂ ਹੁਣ ਵਾਹਵਾ ਚਲੱਦਾ ਏ।”

“ ਸੜਕ ਉੱਪਰ ਹੋਣ ਕਾਰਨ, ਗੱਡੀਆਂ- ਮੋਟਰਾਂ ਵਾਲਿਆਂ ਦਾ ਆਣਾ- ਜਾਣ ਲੱਗਾ ਹੀ ਰਹਿੰਦਾ ਆ।”

“ ਚਲੋ ਬੁਲਾ ਲਿਉ।” ਪਤਨੀ ਨੇ ਇਜ਼ਾਜ਼ਤ ਦਿੰਦੇ ਕਿਹਾ, “ ਪਿੰਟੂ ਨੂੰ ਕੁੱਝ ਦੇ ਕੇ ਹੀ ਜਾਊ।”

“ ਮੈ ਤੈਨੂੰ ਕਿੰਨੀ ਵਾਰੀ ਕਿਹਾ ਕਿ ਲੈਣ-ਦੇਣ ਦੀਆਂ ਗੱਲਾਂ ਨਾ ਕਰਿਆ ਕਰ।” ਬਲਵਿੰਦਰ ਨੇ ਗੁੱਸੇ ਨਾਲ ਕਿਹਾ, “ ਰੋਟੀ ਖਵਾਉਣ ਦਾ ਮੁੱਲ ਚਾਹੁੰਦੀ ਏ।”

ਪਤਨੀ ਆਪਣੀ ਕਹੀ ਹੋਈ ਗੱਲ ਤੇ ਸ਼ਰਮਿੰਦਗੀ ਮਹਿਸੂਸ ਕਰਦੀ ਕਹਿਣ ਲੱਗੀ, “ ਮੇਰੇ ਮੂੰਹੋ ਉਦਾਂ ਹੀ ਨਿਕਲ ਗਿਆ।”

“ ਲਾਲਚ ਬੁਰੀ ਬਲਾ ਆ।” ਬਲਵਿੰਦਰ ਨੇ ਉਸ ਨੂੰ ਚਿਤਾਵਨੀ ਦਿੰਦੇ ਕਿਹਾ, “ ਕੋਸ਼ਿਸ਼ ਕਰਿਆ ਕਰ ਚੰਗਾ ਸੋਚਣ ਦੀ ਅਤੇ ਚੰਗਾ ਬੋਲਣ ਦੀ।”

ਜਿਸ ਕਸਬੇ ਵਿਚ ਬਲਵਿੰਦਰ ਸਿੰਘ ਰਹਿੰਦਾ ਸੀ, ਉਸ ਵਿਚ ਥੌੜੇ ਹੀ ਪੰਜਾਬੀਆ ਦੇ ਘਰ ਸਨ।ਸਮੇਂ ਸਮੇਂ ਤੇ ਆਪਣੇ ਘਰਾਂ ਵਿਚ ਕੋਈ ਨਾ ਕੋਈ ਪ੍ਰੋਗਰਾਮ ਰੱਖ ਲੈਂਦੇ ਅਤੇ ਬਹਾਨੇ ਨਾਲ ਇਕੱਠੇ ਹੋ ਜਾਂਦੇ।ਇਸ ਕਸਬੇ ਵਿਚ ਆਇਆਂ ਸੀਤਲ ਸਿੰਘ ਨੂੰ ਬਹੁਤੀ ਦੇਰ ਨਹੀਂ ਸੀ ਹੋਈ।ਬਲਵਿੰਦਰ ਸਿੰਘ ਉਸ ਨੂੰ ਵੀ ਪ੍ਰੋਗਰਾਮ ਦਾ ਸੱਦਾ ਦੇਣਾ ਚਾਹੁੰਦਾ ਸੀ। ਪਰ ਉਸਦੀ ਪਤਨੀ ਸੀਤਲ ਸਿੰਘ ਉੱਪਰ ਸ਼ੱਕ ਕਰਦੀ ਹੋਈ ਉਸ ਨੂੰ ਬਲਾਉਣਾ ਨਹੀ ਸੀ ਚਾਹੁੰਦੀ।ਇਸ ਕਰਕੇ ਉਸ ਨੇ ਫਿਰ ਕਿਹਾ, “ ਟੁੱਟੀ ਜਿਹੀ ਛੋਲਿਆਂ-ਟਿੱਕੀਆਂ ਦੀ ਦੁਕਾਨ ਲਾਉਂਦਾ ਸੀ, ਹੁਣ ਦੇਖ ਲਉ ਢਾਬੇ ਦਾ ਮਾਲਕ ਬਣ ਬੈਠਾ।”

“ ਮੈਨੂੰ ਸਮਝ ਨਹੀ ਆਉਂਦੀ, ਤੂੰ ਕਿਉਂ ਉਸ ਦੇ ਢਾਬੇ ਨਾਲ ਈਰਖਾ ਕਰਦੀ ਏ।” ਬਲਵਿੰਦਰ ਸਿੰਘ ਨੇ ਕਿਹਾ, “ ਉਸ ਨੇ ਦਿਨ-ਰਾਤ ਮਿਹਨਤ ਕਰਕੇ ਆਪਣਾ ਢਾਬਾ ਬਣਾਇਆ।”

“ ਤਹਾਨੂੰ ਨਹੀ ਪਤਾ ਜਿਹੜੇ ਲੋਕ ਘੱਟ ਬੋਲਦੇ ਹੋਣ, ਉਹਨਾਂ ਦਾ ਜ਼ਰੂਰ ਕੋਈ ਭੇਦ ਹੁੰਦਾ ਆ।”

“ ਮੈ ਨਹੀ ਇਸ ਗੱਲ ਤੇ ਯਕੀਨ ਰੱਖਦਾ।”

“ ਜਿਹਾ ਦੁੱਧ ਤੇਹੀ ਬੁੱਧ’ ਤੁਹਾਡੀ ਤਾਂ ਮਾ ਨੇ ਮੇਰੇ ਤੇ ਯਕੀਨ ਨਾ ਕੀਤਾ
ਤੁਸੀ ਕਿਥੋਂ ਕਰਨਾ।”

“ ਮੈ ਤੈਨੂੰ ਕਿੰਨੀ ਵਾਰੀ ਕਿਹਾ ਆ ਕਿ ਮੇਰੀ ਮਾਂ ਨੂੰ ਵਿਚ ਨਾ ਲੈ ਕੇ ਆਇਆ ਕਰ।” ਬਲਵਿੰਦਰ ਸਿੰਘ ਨੇ ਗੁੱਸੇ ਨਾਲ ਕਿਹਾ, “ ਤੂੰ ਜੋ ਮਰਜ਼ੀ ਬੋਲੀ ਜਾ, ਪਰ ਸੀਤਲ ਸਿੰਘ ਪਿੰਟੂ ਦੇ ਜਨਮ ਦਿਨ ਤੇ ਜ਼ਰੂਰ ਆਵੇਗਾ।”

“ ਮੈ ਕਾਹਨੂੰ ਰੋਕਣਾ ਉਸ ਨੂੰ ਆਉਣ ਤੋਂ।” ਪਤਨੀ ਨੇ ਥੋੜਾ ਢੈਲ੍ਹੇ ਜਿਹੇ ਹੁੰਦੇ ਕਿਹਾ, “ ਪਰ ਉਹ ਕਿਥੋਂ ਆਇਆ ਆ, ਉਸ ਦਾ ਅੱਗਾ-ਪਿੱਛਾ ਕੀ ਹੈ, ਘੱਟ ਤੋਂ ਘੱਟ ਪਤਾ ਤਾਂ ਹੋਣਾ ਚਾਹੀਦਾ ਹੈ।”

“ਪੰਜਾਬ ਤੋਂ ਆਇਆ ਹੋਰ ਕਿੱਥੋਂ ਆਇਆ।” ਕਹਿਣ ਨੂੰ ਤਾਂ ਬਲਵਿੰਦਰ ਸਿੰਘ ਨੇ ਇਹ ਗੱਲ ਕਹਿ ਦਿੱਤੀ ਪਰ ਦਿਲ ਵਿਚ ਸੋਚਣ ਲੱਗ ਪਿਆ ਕਿ ਸੱਚ-ਮੁੱਚ ਹੀ ਸੀਤਲ ਸਿੰਘ ਨੇ ਆਪਣੇ ਬਾਰੇ ਕਦੀ ਕੋਈ ਗੱਲ ਨਹੀ ਕੀਤੀ। ਉਸ ਨੇ ਮਨ ਵਿਚ ਸੋਚਿਆ ਕਿ ਉਹ ਰਾਜੀਵ ਨਾਲ ਇਸ ਮਸਲੇ ਤੇ ਪੁੱਛ-ਪੜਤਾਲ ਜ਼ਰੂਰ ਕਰੇਗਾ, ਕਿਉਂਕਿ ਬਾਕੀਆਂ ਨਾਲੋ ਰਾਜੀਵ ਹੀ ਸੀਤਲ ਸਿੰਘ ਦੇ ਜ਼ਿਆਦਾ ਕਰੀਬ ਲੱਗਦਾ ਸੀ।

ਪ੍ਰੋਗਰਾਮ ਲਈ ਸਮਾਨ ਲੈ ਕੇ ਕਰਿਆਨੇ ਦੀ ਦੁਕਾਨ ਤੋਂ ਤੁਰਨ ਹੀ ਲੱਗਾ ਸੀ ਕਿ  ਸਬੱਬੀ ਰਾਜੀਵ ਵੀ ਆ ਗਿਆ।

“ ਪਾਰਟੀ ਦੀਆਂ ਤਿਆਰੀਆਂ ਹੋ ਰਹੀਆਂ ਲੱਗਦੀਆਂ।” ਰਾਜੀਵ
ਨੇ ਬਲਵਿੰਦਰ ਸਿੰਘ ਨਾਲ ਹੱਥ ਮਿਲਾਉਂਦੇ ਕਿਹਾ, “ ਕੌਣ ਕੌਣ ਆ ਰਿਹਾ ਫਿਰ ਪਾਰਟੀ ‘ਤੇ।”

“ ਬਸ ਉਹੀ ਹੀ ਆਪਣੀਆ ਪੁਰਾਣੀਆਂ ਚਾਰ-ਪੰਜ ਫੈਮਲੀਆਂ।” ਬਲਵਿੰਦਰ ਸਿੰਘ ਨੇ ਦੱਸਿਆ, “ ਹਾਂ ਸੱਚ ਨਵਾ ਬੰਦਾ ਤੇਰਾ ਦੋਸਤ, ਸੀਤਲ ਸਿੰਘ ਨੂੰ ਵੀ ਨਿਉਂਦਾ ਦਿੱਤਾ ਹੈ।”

“ਚਲੋ ਚੰਗਾ ਕੀਤਾ॥” ਰਾਜੀਵ ਨੇ ਕਿਹਾ, “ ਨਹੀ ਤਾਂ ਉਸ ਨੇ ਇਕੱਲਾ ਹੀ ਰਹਿ ਜਾਣਾ ਸੀ,ਆਪਾ ਸਭ ਪੰਜਾਬੀਆ ਨੇ ਸ਼ੁਗਲ ਕਰਨਾ ਸੀ।”

“ ਉਹ ਇਕੱਲਾ ਹੀ ਰਹਿੰਦਾ ਆ, ਉਹਦਾ ਪ੍ਰੀਵਾਰ ਕਿੱਥੇ?”

“ਮੈਨੂੰ ਤਾਂ ਆਪ ਨਹੀ ਪਤਾ, ਬਹੁਤਾ ਉਸ ਬਾਰੇ।”

“ ਤੁਸੀ ਕਦੇ ਪੁੱਛਣ ਦੀ ਕੋਸ਼ਿਸ਼ ਨਹੀ ਕੀਤੀ।”

“ ਇਕ ਵਾਰੀ ਕੀਤੀ ਸੀ,ਪਰ ਮੈਨੂੰ ਇਸ ਤਰਾਂ ਲੱਗਾ ਜਿਵੇ ਇਸ
ਬਾਰੇ ਉਹ ਗੱਲ ਨਾ ਕਰਨੀ ਚਾਹੁੰਦਾ ਹੋਵੇ।”

“ ਇਹਦਾ ਮਤਲਬ ਹੈ ਦਾਲ ਵਿਚ ਕੁੱਝ ਕਾਲ੍ਹਾ ਜ਼ਰੂਰ ਹੈ।”

“ ਇਸ ਤਰਾਂ ਵੀ ਨਹੀ ਲੱਗਦਾ ਕਿੳਂਕਿ ਸੀਤਲ ਸਿੰਘ ਬਹੁਤ ਹੀ ਵਧੀਆ ਇਨਸਾਨ ਹੈ।”

“ ਵਧੀਆ ਤਾਂ ਉਹ ਹੈ, ਪਰ ਮੈ ਚਾਹੁੰਦਾਂ ਹਾਂ ਕੇ ਉਸ ਨਾਲ ਹੋਰ ਮੇਲ-ਜੋਲ ਵਧਾਉਣ ਤੋਂ ਪਹਿਲਾਂ ਉਸ ਨੂੰ ਟੋਹ ਲਿਆ ਜਾਵੇ।”

“ ਜੇ ਤਹਾਨੂੰ ਕੋਈ ਸ਼ੱਕ ਹੈ ਤਾਂ ਆਪਾਂ ਹੁਣੇ ਹੀ ਕੱਟਾ-ਕੱਟੀ ਕੱਢ ਲੈਂਦੇ ਹਾਂ।”

ਸੌਦਾ-ਪੱਤਾ ਆਪਣੀ ਘਰ ਵਾਲੀ ਨੂੰ ਫੜਾ ਬਲਵਿੰਦਰ ਸਿੰਘ ਉਸ ਸਮੇਂ ਹੀ ਰਾਜੀਵ ਦੇ ਸਕੂਟਰ ਪਿੱਛੇ  ਬੈਠ ਢਾਬੇ ਤੇ ਜਾ ਪਹੁੰਚਾ।
ਉਹਨਾਂ ਨੂੰ ਦੇਖਦੇ ਸਾਰ ਹੀ ਢਾਬੇ ਦੇ ਥੱੜੇ ਤੇ ਬੈਠਾ ਸੀਤਲ ਸਿੰਘ ਇਕਦਮ ਥੱਲੇ ਉਤਰ ਕੇ ਉਹਨਾਂ ਕੋਲ ਆ ਗਿਆ।

“ ਅੱਜ ਦੇ ਪ੍ਰੋਗਰਾਮ ਬਾਰੇ ਸੁਨੇਹਾ ਮਿਲ ਗਿਆ ਸੀ।” ਸੀਤਲ ਸਿੰਘ ਨੇ ਬਲਵਿੰਦਰ ਸਿੰਘ ਨਾਲ ਹੱਥ ਮਿਲਾਉਂਦੇ ਕਿਹਾ, “
ਤੁਸਾਂ ਆਪ ਕਾਹਨੂੰ ਖੇਚਲ ਕਰਨੀ ਸੀ।”

“ ਅਸੀਂ ਇਧਰੋਂ ਲੰਘ ਰਹੇ ਸੀ।” ਰਾਜੀਵ ਨੇ ਗੱਲ ਬਣਾਈ, “ ਸੋਚਿਆ ਤਹਾਨੂੰ ਹੀ ਮਿਲ ਚਲਦੇ ਹਾਂ।”

“ ਆਉ ਗੁਰਮੁੱਖੋ ਬੈਠੋ।” ਸੀਤਲ ਸਿੰਘ ਨੇ ਕੋਲ ਪਈਆਂ ਕੁਰਸੀਆਂ ਵੱਲ ਇਸ਼ਾਰੇ ਕਰਦੇ ਕਿਹਾ, “ ਇਹ ਸਥਾਨ ਤੁਹਾਡਾ ਆਪਣਾ ਹੀ ਤਾਂ ਹੈ।”

“ ਤੁਸੀ ਵੀ ਸਾਡੇ ਆਪਣੇ ਹੀ ਹੋ।” ਰਾਜੀਵ ਨੇ ਗੱਲ ਸੰਭਾਲਦਿਆਂ ਕਿਹਾ, “ ਇਸ ਕਰਕੇ ਹੀ ਤੁਹਾਡੇ ਕੋਲ ਆਏਂ ਹਾਂ।”
ਸੀਤਲ ਸਿੰਘ ਨੇ  ਕਿਹਾ, “ ਹਾਂ ਹਾਂ ਇਸ ਵਿੱਚ ਕੋਈ ਸ਼ੱਕ ਨਹੀ।”

“ ਪਰ ਅਸੀਂ ਤਾਂ ਸ਼ੱਕ ਵਿਚ ਹੀ ਤੁਹਾਡੇ ਵੱਲ ਆਏ ਹਾਂ ।” ਬਲਵਿੰਦਰ ਸਿੰਘ ਨੇ ਸੱਚ ਬੋਲਦਿਆਂ ਸਿਧਾ ਹੀ ਕਿਹਾ।
ਸੀਤਲ ਸਿੰਘ ਨੇ ਹੈਰਾਨੀ ਨਾਲ ਰਾਜੀਵ ਦੇ ਮੂੰਹ ਵੱਲ ਦੇਖਿਆ ਤਾ ਉਸ ਨੇ ਵੀ ਇਹ ਹੀ ਕਿਹਾ, “ ਭਾਜੀ ਠੀਕ ਹੀ ਆਖ ਰਹੇ ਨੇ।”

“ ਕਿਸ ਗੱਲ ਦਾ ਸ਼ੱਕ ਲੈ ਕੇ ਆਏ ਹੋ?”

“ ਤੁਸੀਂ ਕਦੀ ਵੀ ਆਪਣੇ ਬਾਰੇ ਖ੍ਹੋਲ ਕੇ ਨਹੀ ਦੱਸਿਆ।” ਰਾਜੀਵ ਨੇ ਕਿਹਾ, “ ਤੁਸੀ ਕੌਣ ਹੋ ਅਤੇ ਕਿਹੜੇ ਸ਼ਹਿਰ- ਜ਼ਿਲੇ ਨਾਲ ਸਬੰਧਤ ਹੋ””

“ ਮੈ ਕੋਈ ਚੋਰ ਜਾਂ ਠੱਗ ਤਾ ਹੈ ਨਹੀ। ਹਾਲਤਾ ਦਾ ਮਾਰਿਆ ਇਨਸਾਨ ਹਾਂ।” ਸੀਤਲ ਸਿੰਘ ਨੇ ਕਿਹਾ, “ ਕਿਸੇ ਤੋਂ ਲੁਕਿਆਂ ਇੱਥੇ ਹਾਂ।”

“ ਕਿਸ ਤੋਂ?”

“ਪੁਲੀਸ ਤੋਂ।”

“ ਤੁਸੀ ਸਾਨੂੰ ਆਪਣੀ ਕਹਾਣੀ ਤਾਂ ਦੱਸੋ।” ਬਲਵਿੰਦਰ ਸਿੰਘ ਨੇ ਕਿਹਾ, “ ਹੋ ਸਕਦਾ ਹੈ ਅਸੀਂ ਤੁਹਾਡੀ ਕੋਈ ਮੱਦਦ ਕਰ ਸਕੀਏ।”

“ ਮੱਦਦ ਤਾਂ ਪਤਾ ਨਹੀਂ ਤੁਸੀਂ ਕਰ ਸਕਦੇ ਹੋ ਜਾਂ ਨਹੀਂ।” ਸੀਤਲ ਸਿੰਘ ਨੇ ਉਦਾਸ ਅੱਖਾਂ ਨੂੰ ਚਾਰੇ ਪਾਸੇ ਘੁੰਮਾਉਂਦੇ ਕਿਹਾ, “ ਖੈਰ ਜੇ ਤੁਸੀਂ ਸ਼ੱਕ ਹੀ ਦੂਰ ਕਰਨਾ ਹੈ ਤਾਂ ਸੁਣੋ,-ਪਹਿਲੀ ਜੂਨ 1984 ਨੂੰ ਜਦੋਂ ਅਕਾਲ ਤਖਤ ਵੱਲ ਫਾਇਰਿੰਗ ਹੋਈ ਤਾ ਅਸੀ ਦੱਖਣ ਵਾਲੇ ਪਾਸੇ  ਬੈਠੇ ਸਾਂ,ਉੱਥੇ ਲਾਗੇ ਹੀ ਇਕ ਸਿੰਧੀ ਹੋਟਲ ਸੀ, ਸਿੰਘਾਂ ਦਾ ਲੰਗਰ-ਪਾਣੀ ਜਦੋਂ ਬੰਦ ਕਰ ਦਿੱਤਾ ਗਿਆ ਤਾਂ ਇਹ ਹੋਟਲ ਵਾਲੇ ਖਾਣਾ ਭੇਜਣ ਲੱਗ ਪਏ, ਪਰ ਇਸ ਫਾਇਰਿੰਗ ਵਿਚ ਗਿਆਰਾਂ ਸਿੰਘ ਸ਼ਹੀਦ ਹੋ ਗਏ ਅਤੇ ਹੋਟਲ ਵਾਲੇ ਡਰ ਕੇ ਦੌੜ ਗਏ।ਅਸੀ ਆਪਣੀ ਡਿਊਟੀ ਹੋਟਲ ਵਿਚ ਸੰਭਾਲ ਲਈ।”

“ ਤੁਸੀ ਨਾ ਫਾਇਰਿੰਗ ਤੋਂ ਡਰੇ?”

“ ਅਸੀ ਤਾਂ ਕੀ ਡਰਨਾ ਸੀ, ਜਿੰਨੇ ਵੀ ਸਿੰਘ ਉਸ ਵੇਲੇ ਉੱਥੇ ਸਨ ਕੋਈ ਵੀ ਨਾਂ ਡਰਿਆ ।” ਸੀਤਲ ਸਿੰਘ ਨੇ ਦੱਸਿਆ, “  ਹੋਟਲ ਦੀਆਂ ਬਾਲਟੀਆਂ ਪਾਣੀ ਨਾਲ ਭਰ ਲਈਆਂ ਤਾਂ ਜੋ ਲੋੜ ਵੇਲੇ ਸਿੰਘਾ ਦੀ ਸੇਵਾ ਕੀਤੀ ਜਾਵੇ,ਰਸੋਈ ਵਿਚ ਕੋਈ ਵੀ ਚੀਜ਼ ਖਾਣ ਲਈ ਨਹੀ ਸੀ ਬਚੀ,ਜੋ ਕੁੱਝ ਵੀ ਸੀ ਉਹ ਫ਼ੌਜ ਚੱਟਮ ਕਰ ਗਈ ਸੀ।ਬੇਸ਼ੱਕ ਸਿੰਘਾਂ ਨੂੰ ਐਸੇ ਮੌਕੇ ਲਈ ਛੋਲੇ ਵੀ ਭਨਾ ਕੇ ਰੱਖੇ ਹੋਏ ਸਨ, ਫਿਰ ਵੀ ਅਸੀ ਖਾਣ ਲਈ ਕੁੱਝ ਲੱਭ ਰਹੇ ਸਾਂ।”

“ ਇਸ ਤਰਾਂ ਪੁਰਾਤਨ ਸਿੰਘ ਕਰਿਆ ਕਰਦੇ ਸਨ।” ਬਲਵਿੰਦਰ ਸਿੰਘ ਨੇ ਆਪਣੀ ਪੁਰਾਣੀ ਯਾਦ ਸਾਂਝੇ ਕਰਦੇ ਕਿਹਾ, “ ਛੋਟੇ ਹੁੰਦਿਆਂ ਸਾਡੇ ਘਰ ਇਕ ਨਿਹੰਗ ਬਾਬਾ ਆਇਆ ਕਰਦਾ ਸੀ, ਉਹ ਦੱਸਦਾ ਹੁੰਦਾ ਸੀ ਕਿਵੇ ਸਿੰਘ ਜੰਗਲਾ ਵਿਚ ਲੁਕ ਕੇ ਘੋੜਿਆਂ ਦੀ ਕਾਠੀਆਂ ਤੇ ਸੌਂ ਕੇ ਅਤੇ ਛੋਲੇ ਖਾ ਕੇ ਲੜਾਈਆਂ ਲੜਿਆ ਕਰਦੇ ਸਨ, ਉਹ ਛੋਲਿਆਂ ਨੂੰ ਬਦਾਮ ਕਿਹਾ ਕਰਦਾ ਸੀ।”

ਉਸ ਦੀ ਗੱਲ ਟੋਕਦਿਆਂ ਰਾਜੀਵ ਨੇ ਕਿਹਾ, “ ਭਾਜੀ ਪਹਿਲਾਂ ਭਰਾ ਹੋਰਾਂ ਦੀ ਗੱਲ ਸੁਣ ਲਉ।”

“ਜਨਰਲ ਬਰਾੜ ਨੇ ਪੱਚੀ ਪੱਚੀ ਸਿਪਾਹੀਆਂ ਤੋਂ ਉੱਤਰੀ-ਦੱਖਣੀ ਅਤੇ ਸਰਾਂ ਵਾਲਿਉਂ ਪਾਸਿਉਂ ਹਮਲੇ ਕਰਾਏ।” ਸੀਤਲ ਸਿੰਘ ਨੇ ਅੱਗੇ ਦੱਸਦੇ ਕਿਹਾ, “ਇਹ ਅੱਧ ਤੱਕ ਆਉਂਦੇ ਹੀ ਮਾਰੇ ਜਾਂਦੇ, ਗੋਲੀਆਂ ਕਿੱਥੋਂ ਆਉਦੀਆਂ ਉਹਨਾਂ ਨੂੰ ਪਤਾ ਹੀ ਨਹੀ ਸੀ ਲੱਗ ਰਿਹਾ ਜਨਰਲ ਸੁਬੇਗ ਸਿੰਘ ਦੀਆਂ ਵਿਉਂਤਾ ਕਾਮਯਾਬ ਸਿੱਧ ਹੋ ਰਹੀਆਂ ਸਨ। ਸ੍ਰੀ ਦਰਬਾਰ ਸਾਹਿਬ ਵਿਚ ਕੋਈ ਮੋਰਚਾ ਨਹੀ ਸੀ ਅਤੇ ਪਾਠ ਨਿੰਰਤਰ ਚੱਲ ਰਿਹਾ ਸੀ। ਬਰਾੜ ਆਪਣੇ ਫੋਜੀਆਂ ਨੂੰ ਦਰਬਾਰ ਸਾਹਿਬ ਵਿਚ ਭੇਜਣਾ ਚਾਹੁੰਦਾ ਸੀ। ਇਸ ਲਈ ਉਸ ਨੇ ਗੋਤੇਖੋਰਾਂ ਨੂੰ ਤਲਾਬ ਵਿਚ ਉਤਾਰਿਆ ਤਾਂ ਉਹ ਵੀ ਗੋਲੀ ਦਾ ਨਿਸ਼ਾਨਾ ਬਣ ਗਏ।ਮਿਲਟਰੀ ਦੇ ਅਗਾਂਹ ਵਧਣ ਦੀ ਕੋਈ ਉਮੀਦ ਨਾ ਰਹੀ ਤਾਂ ਉਹਨਾਂ ਸਰਾਂ ਵਾਲੇ ਪਾਸਿਓ ਟੈਂਕ ਪ੍ਰਕਰਮਾ ਵਿਚ ਉਤਾਰ ਲਏ। ਸੰਤ, ਅਤੇ ਜਨਰਲ ਸਾਹਿਬ ਅਕਾਲ ਤੱਖਤ ਵਿਚ ਮੁਕਾਬਲਾ ਕਰ ਰਹੇ ਸਨ।ਟੈਕਾਂ ਦੀ ਫਾਈਰਿੰਗ ਅਕਾਲ ਤੱਖਤ ਵੱਲ ਆਉਣੀ ਸ਼ੁਰੂ ਹੋ ਗਈ। ਦਰਸ਼ਨੀ ਡਿਊੜੀ ਦੇ ਦੋਹਾਂ ਪਾਸਿਆਂ ਤੋਂ ਗੋਲੀਆਂ ਮੀਂਹ ਵਾਂਗ ਆਉਣੀਆਂ ਸ਼ੁਰੂ ਹੋ ਗਈਆਂ।ਭਾਈ ਅਮਰੀਕ ਸਿੰਘ ਜੀ, ਮਹਾਂਪੁਰਖ ਅਤੇ ਜਨਰਲ ਸਾਹਿਬ ਉੱਪਰਲੀ ਛੱਤ ਤੋਂ ਹੇਠਾਂ ਆ ਗਏ। ਸੰਤਾਂ ਨੇ ਮੁਸਕ੍ਰਾ ਕੇ ਜਰਨਲ ਸਾਹਿਬ ਨੂੰ ਕਿਹਾ, ‘ਸ਼ਹੀਦੀ ਸਾਨੂੰ ਬੁਲਾ ਰਹੀ ਹੈ, ਕਿਤੇ ਬਚਣ ਦਾ ਤਾਂ ਨਹੀ ਸੋਚ ਰਹੇ।”

“ ਬਚਣ ਵਾਲੀ ਗੱਲ ਦਿਲੋਂ  ਕੱਢ ਕੇ ਹੀ ਤੁਹਾਡੇ ਚਰਨਾਂ ਦਾ ਆਸਰਾ ਲਿਆ ਸੀ।” ਜਰਨਲ ਸੁਬੇਗ ਸਿੰਘ ਜੀ ਨੇ ਕਿਹਾ, “ਮੈਨੂੰ ਇਹ ਵੀ ਪਤਾ ਸੀ ਕਿ ਤਿੰਨ ਸੋ ਤਿੰਨ ਤੇ ਬਾਰਾਂ ਬੋਰ ਦਾ ਟੈਕਾਂ ਨਾਲ ਕੀ ਮੁਕਾਬਲਾ, ਗੈਰਤਮੰਦ ਅਤੇ ਅਣਖੀਲੀ ਸਿੱਖ ਕੌਮ ਦਾ ਕਰੈਕਟਰ ਕੀ ਹੈ ਅਸਾਂ ਤਾਂ ਇੰਦਰਾਂ ਨੂੰ ਇਹ ਦਰਸਾਉਣਾ ਸੀ। ਉਸਦੀ ਮਿਲਟਰੀ ਨੂੰ ਅਣਸਿੱਖਤ ਮੁੰਡਿਆਂ ਨੇ ਤਾਰੇ ਵਿਖਾ ਕੇ ਹਿਸਟਰੀ ਪੈਦਾ ਕਰ ਦਿੱਤੀ ਹੈ।” ਵੈਸੇ ਇਹ ਜਲਵਾ ਇਕੱਲੀ ਇੰਦਰਾ ਨੇ ਹੀ ਨਹੀ ਦੇਖਿਆ ਸਾਰੇ ਜਹਾਨ ਨੇ ਦੇਖ ਲਿਆ।ਅਸੀ ਦੋਵੇ ਸਿੰਘ ਭੁੱਖ ਦੀ ਪਰਵਾਹ ਕਿਤੇ ਬਿਨਾਂ ਸਿੰਧੀ ਹੋਟਲ ਵਿਚ ਡਟੇ ਪਏ ਸਾਂ। ਰਾਤ ਪਈ ਤਾਂ ਇਕ ਕੱਪੜੇ ਦੀ ਵੱਜੀ ਗੱਠ ਜਿਹੀ ਸਾਡੇ ਕੋਲ ਆ ਕੇ ਡਿਗੀ। ਉਹ ਖੋਲ੍ਹੀ ਤਾਂ ਉਸ ਵਿਚੋਂ ਅੰਬ ਦੇ ਅਚਾਰ ਨਾਲ ਰੋਟੀਆਂ  ਨਿਕਲੀਆਂ।ਭੁੱਖਿਆਂ ਨੇ ਗੁਰੂ ਦੀ ਬਖਸ਼ਿਸ਼ ਮੰਨ ਛੇਤੀ ਨਾਲ ਖਾਣ ਦੀ ਕੀਤੀ। ਥੌੜ੍ਹੀ ਦੇਰ ਬਾਅਦ ਮਨਾਂ ਵਿਚ ਸੁਆਲ ਆਇਆ ਕਿ ਇਹ ਰੋਟੀਆਂ ਆਈਆਂ ਕਿੱਥੋਂ ? ਦੂਜੀ ਰਾਤ ਜਦੋਂ ਫਿਰ ਰੋਟੀਆਂ ਆਈਆਂ ਤਾਂ ਪਤਾ ਲੱਗਾ ਕਿ ਇਸ ਹੋਟਲ ਦੇ ਪਿਛਵਾੜੇ ਸਿੱਖਾਂ ਦਾ ਘਰ ਹੈ। ਇਸ ਘਰ ਦੀ ਕੁੜੀ ਬਾਂਸ ਦੀ ਪਾਉੜੀ ਛੱਤ ਨੂੰ ਲਾਉਂਦੀ ਅਤੇ ਪੋਟਲੀ ਬੰਨ ਮੋਰਚੇ ਵੱਲ ਸੁੱਟ ਦਿੰਦੀ ।ਅਖੀਰ ਜੂਨ ਦੀ ਛੇ ਤਾਰੀਖ ਦੇ ਪੰਜ ਵਜੇ ਕੁੜੀ ਨੇ ਪਾਉੜੀ ਤੋਂ ਸਾਨੂੰ ਅਵਾਜ਼ ਮਾਰੀ, “ ਹੁਣ ਕਰਫਿਊ ਵਿਚ ਜਰਾ ਢਿਲ ਹੋਈ ਆ, ਛੇਤੀ ਕਰੋ ਕੰਧ ਤੇ ਚੜ੍ਹ ਕੇ ਸਾਡੇ ਘਰ ਉੱਤਰ ਆਉ।” ਇਸ ਗੱਲ ਦਾ ਤਾਂ ਸਾਨੂੰ ਵੀ ਪਤਾ ਸੀ ਕਿਸੇ ਹੋਰ ਪਾਸਿਉਂ ਤਾਂ ਅਸੀ ਇਥੋਂ ਨਿਕਲ ਨਹੀ ਸੀ ਸਕਦੇ। ਕੁੜੀ ਦੀ ਗੱਲ ਮੰਨ ਅਸੀਂ ਉਸ ਦੇ ਪਿੱਛੇ ਲੱਗ ਤੁਰੇ। ਕੁੜੀ ਸਾਥੋਂ ਥੋੜ੍ਹੀ ਵਿਥ ਬਣਾਉਦੀ ਕੌਲਸਰ ਗਲੀ ਵਿਚ  ਦੀ ਹੁੰਦੀ ਹੋਈ ਬਾਬਾ ਅਟੱਲ ਮੱਥਾ ਟੇਕਣ ਚਲੀ ਗਈ। ਮਿਲਟਰੀ ਵਾਲੇ ਓਸੇ ਚੌਂਕ ਵਿਚ ਸਾਵਧਾਨ ਹੋਏ ਖਲੋਤੇ ਸਨ। ਉਹਨਾਂ ਸਾਡੀ ਤਲਾਸ਼ੀ ਲਈ, ਪਰ ਅਸੀ ਹਥਿਆਰ ਤਾਂ ਮੋਰਚੇ ਵਿਚ ਹੀ ਛੱਡ ਆਏ ਸਾਂ।

“ ਉਸ ਕੁੜੀ ਦੀ ਬਹਾਦਰੀ ਨਾਲ ਤੁਸੀ ਉੱਥੋਂ ਨਿਕਲ ਆਏ।” ਰਾਜੀਵ ਨੇ ਕਿਹਾ, “ ਨਹੀ ਤਾਂ ਮਿਲਟਰੀ ਵਾਲਿਆਂ ਕਿੱਥੇ ਛੱਡਣਾ ਸੀ।

“ ਸਿੱਖ ਕੌਮ ਦੀ ਆਤਮਾ ਚੋਟ ਖਾ ਕੇ ਹੋਰ ਵੀ ਤਕੜੀ ਹੋ ਜਾਂਦੀ ਹੈ।” ਸੀਤਲ ਸਿੰਘ ਨੇ ਕਿਹਾ, “ ਉਸ  ਭੈਣ ਦੀ ਨਿਡੱਰਤਾ ਤੋਂ ਤਾਂ ਅਸੀ ਵੀ ਹੈਰਾਨ ਰਹਿ ਗਏ ਸਾਂ।”

“ ਤੁਸੀ ਅਸਾਮ ਵਿਚ ਕਿਵੇ ਪਹੁੰਚੇ?” ਬਲਵਿੰਦਰ ਸਿੰਘ ਨੇ ਅਸਲੀ ਮੁੱਦੇ ਵਾਲੇ ਆਉਂਦੇ ਕਿਹਾ, “ ਕਿੱਥੇ ਅਸਾਮ,ਕਿੱਥੇ ਪੰਜਾਬ।”

“ ਬਸ ਅਗਾਂਹ ਇਦਾਂ ਹੀ ਰੱਬ ਜੁਗਾੜ ਬਣਾਈ ਗਿਆ।” ਸੀਤਲ ਸਿੰਘ ਨੇ ਅੱਗੇ ਦੱਸਦੇ ਕਿਹਾ, “ ਉੱਥੇ ਮੱਥਾ ਟੇਕਣ ਆਇਆ ਇਕ ਸਾਊ ਬੰਦਾ ਮਿਲ ਗਿਆ, ਉਸ ਨੂੰ ਆਪਣੇ ਬਾਰੇ ਦੱਸਿਆ ਤਾਂ ਉਸ ਨੇ ਕਿਸੇ ਜਾਣਕਾਰ ਦੇ ਟੱਰਕ ਵਿਚ ਮੈਨੂੰ ਬੈਠਾ ਦਿੱਤਾ ਅਤੇ ਕਿਹਾ ਕਿ ਛੇਤੀ ਪੰਜਾਬ ਤੋਂ ਬਾਹਰ ਚਲਾ ਜਾਹ, ਇੱਥੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀ ਤੇਰੇ ਨਾਲ ਕੀ ਸਲੂਕ ਹੋਵੇ।ਟੱਰਕ ਵਾਲੇ ਨੇ ਥੋੜੇ ਜਿਹੇ ਪੈਸੇ ਦੇ ਕੇ ਅਸਾਮ ਦੇ ਸ਼ਹਿਰ ਵਿਚ ਇਕ  ਪੰਜਾਬੀ ਦੇ ਘਰ ਲਾਹ ਦਿੱਤਾ।ਉਸ ਪੰਜਾਬੀ ਦਾ ਕੰਮ ਚੰਗਾ ਸੀ। ਥੋੜੇ ਦਿਨ ਮੈਂ ਉਹਨਾਂ ਦੇ ਰਿਹਾ ਅਤੇ ਉਸ ਪੰਜਾਬੀ ਨੇ ਮੇਰੀ ਬਹੁਤ ਸੇਵਾ ਕੀਤੀ ਅਤੇ ਮੈਨੂੰ ਕੁੱਝ ਪੈਸੇ ਦਿੰਦੇ ਹੋਏ ਇਸ ਕਸਬੇ ਵਿਚ ਆਉਣ ਲਈ ਕਿਹਾ। ਤੁਹਾਡੇ ਇਸ ਕਸਬੇ ਦਾ ਕਿਸ਼ਨ ਸਿੰਘ ਉਸ ਦਾ ਵਾਕਫ ਹੈ।

“ ਤੁਸੀ ਕਿਸ਼ਨ ਸਿੰਘ ਨੂੰ ਵੀ ਜਾਣਦੇ ਹੋ?” ਰਾਜੀਵ ਨੇ ਪੁੱਛਿਆ, “ ਉਹ ਤਾਂ ਬਹੁਤ ਦੇਰ ਤੋਂ ਇਸ ਕਸਬੇ ਵਿਚ ਰਹਿ ਰਿਹਾ ਹੈ, ਬਹੁਤ ਹੀ ਇਮਾਨਦਾਰ ਅਤੇ ਸਾਊ ਬੰਦਾ ਹੈ।”

“  ਇਹ ਥਾਂ ਉਸ ਦੇ ਹੀ ਜਿੱਥੇ ਮੈ ਚਾਹ ਦੀ ਦੁਕਾਨ ਖੋਲ੍ਹੀ।” ਸੀਤਲ ਸਿੰਘ ਨੇ ਕਿਹਾ, “ ਉਸ ਨੇ ਇਸ ਥਾਂ ਦਾ ਅਜੇ ਕੋਈ ਪੈਸਾ ਨਹੀ ਲਿਆ ਅਤੇ ਕਿਹਾ ਤੂੰ ਤਾਂ ਗੁਰੂ ਦਾ ਸਿੰਘ ਹੈ, ਵਕਤ ਪੈਣ ਤੇ ਸਾਡਾ ਹੀ ਫਰਜ਼ ਬਣਦਾ ਹੈ ਤੁਹਾਡੇ ਅਜਿਹੇ ਸਿੱਖਾਂ ਦੀ ਮੱਦਦ ਕਰੀਏ।”

ਹੁਣ ਤਾਂ ਤੁਹਾਡੀ ਇਹ ਦੁਕਾਨ ਨਹੀ ਰਹੀ।” ਬਲਵਿੰਦਰ ਸਿੰਘ ਨੇ ਕਿਹਾ, “ ਸਗੋਂ ਢਾਬਾ ਬਣ ਗਿਆ ਹੈ।”

“ ਕਹਿੰਦੇ ਨੇ ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ।” ਰਾਜੀਵ ਨੇ ਕਿਹਾ, “ ਸੀਤਲ ਸਿੰਘ ਹੋਰਾਂ ਮਿਹਨਤ ਕਰਕੇ ਦੁਕਾਨ ਨੂੰ ਢਾਬੇ ਵਿਚ ਬਦਲ ਲਿਆ।”

“ ਤੁਹਾਡਾ ਪੰਜਾਬ ਵਿਚ ਕੋਈ ਨਹੀ।” ਬਲਵਿੰਦਰ  ਸਿੰਘ ਨੇ ਪੁੱਛਿਆ, “ ਪਰਿਵਾਰ ਵਾਲੇ।”

“ ਸਿਰਫ ਮਾਂ ਸੀ।” ਸੀਤਲ ਸਿੰਘ ਨੇ ਡੂੰਘਾ ਹਾਉਕਾ ਲੈਂਦੇ ਕਿਹਾ, “ ਪਤਾ ਨਹੀ ਉਹ ਹੁਣ ਹੈ ਜਾਂ ਨਹੀ।”

“ ਜੇ ਤੁਸੀ ਚਾਹੋ ਤਾਂ ਅਸੀ ਇਸ ਬਾਰੇ ਪਤਾ ਕਰ ਸਕਦੇ ਹਾਂ।” ਬਲਵਿੰਦਰ ਸਿੰਘ ਨੇ ਫਿਰ ਕਿਹਾ, “ ਤਹਾਨੂੰ ਤਾਂ ਪੰਜਾਬ ਜਾਣ ਵਿਚ ਖਤਰਾ ਹੈ, ਪਰ ਉਹ ਤਾਂ ਇੱਥੇ ਆ ਸਕਦੀ ਹੈ।”

“ ਜਦੋਂ ਮੈ ਖਾੜਕੂਆਂ ਨਾਲ ਰੱਲ ਗਿਆ ਸੀ ਮੈ ਆਪਣੀ ਮਾਂ ਨਾਲੋ ਨਾਤਾ ਤੋੜ ਲਿਆ ਸੀ।”

“ਕਿਉਂ”?

“ ਪੁਲੀਸ ਆਏ ਨਿੱਤ ਉਸ ਨੂੰ ਤੰਗ ਕਰਦੀ ਸੀ। ਮੈ ਉਸ ਨੂੰ ਬਥੇਰਾ ਕਿਹਾ ਕਿ ਮੈਨੂੰ ਬੇਦਖਲ ਕਰਦੇ, ਪਰ ਉਹ ਕਹਿੰਦੀ ਤੂੰ ਖਾੜਕੂ ਹੀ ਬਣਿਆ ਆ ਕੋਈ ਬਦਮਾਸ਼ ਤਾਂ ਨਹੀਂ । ਛੇਤੀ ਹੀ ਸਾਡੇ ਪਿੰਡ ਲਾਗੇ ਇਕ ਪੜ੍ਹਕੇ ਆਉਂਦੀ ਕੁੜੀ ਦਾ ਬਲਾਤਕਾਰ ਹੋ ਗਿਆ, ਪੁਲੀਸ ਨੇ ਸਾਰੇ ਪਾਸੇ ਮੇਰੀ ਜੱਥੇਬੰਦੀ ਦੇ ਨਾਮ ਇਹ ਝੂੱਠਾ ਕੇਸ ਪਾ ਦਿੱਤਾ, ਮਾਂ ਨੇ ਇਸ ਝੂੱਠੀ ਖੱਬਰ ਨੂੰ ਸੱਚ ਜਾਣ  ਮੈਨੂੰ ਸੱਚ-ਮੁੱਚ ਹੀ ਬੇਦਖਲ ਕਰ ਦਿੱਤਾ। ”

“ ਅੱਜ ਤਾਂ ਤੁਸੀ ਸਾਨੂੰ ਆਪਣੇ ਬਾਰੇ ਸਭ ਕੁੱਝ ਦੱਸ ਦਿੱਤਾ।” ਰਾਜੀਵ ਨੇ ਕਿਹਾ, “ ਪਹਿਲਾਂ ਤਾਂ ਕਦੀ ਇੰਨਾ ਵਿਸਥਾਰ ਵਿਚ ਨਹੀਂ ਗਏ।”

“ ਪਹਿਲਾਂ ਇਹ ਸੋਚਦੇ ਹੋਣਗੇ ਕਿ ਜੇ ਇਹਨਾਂ ਬਾਰੇ ਸਾਨੂੰ ਪਤਾ ਲੱਗ ਗਿਆ ਤਾਂ ਹੋ ਸਕਦਾ ਹੈ ਇਹ ਪੁਲੀਸ ਕੋਲ ਸ਼ਕਾਇਤ ਕਰ ਦੇਣ।” ਸੀਤਲ ਸਿੰਘ ਦੀ ਥਾਂ ਬਲਵਿੰਦਰ ਸਿੰਘ ਨੇ ਜਵਾਬ ਦਿੱਤਾ, “ ਇਸ ਕਰਕੇ ਇਹ ਸਾਡੇ ਵਿਚ ਖੁੱਲ੍ਹ ਕੇ ਨਹੀ ਸੀ ਰਹਿੰਦੇ।”

“ ਤੁਹਾਡੀ ਗੱਲ ਸੱਚੀ ਹੈ।” ਸੀਤਲ ਸਿੰਘ ਨੇ ਕਿਹਾ, “ ਤੁਹਾਡੇ ਵਿਚ ਉਠਣ-ਬੈਠਣ ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਅਜਿਹੇ ਨਹੀ ਹੋ।”

“ ਤੁਹਾਡਾ ਧੰਨਵਾਦ ਤੁਸੀ ਸਾਡੇ ਤੇ ਯਕੀਨ ਕੀਤਾ।” ਬਲਵਿੰਦਰ ਸਿੰਘ ਨੇ ਕਿਹਾ, “ਸ਼ਾਮ ਨੂੰ ਪਾਰਟੀ ਤੇ ਜ਼ਰੂਰ ਪਹੁੰਚਣਾ।”
ਪਾਰਟੀ ਖਤਮ ਹੋਣ ਦੇ ਨਾਲ ਹੀ ਬਹੁਤੇ ਆਪਣੇ ਘਰਾਂ ਨੂੰ ਮੁੜ ਗਏ।ਕੁੱਝ ਕੁ ਖਾਸ ਬੰਦੇ ਜੋ ਬਲਵਿੰਦਰ ਸਿੰਘ ਦੇ ਕਾਫੀ ਨਯਦੀਕ ਸਨ ਉਹ ਹੀ ਰਹਿ ਗਏ।ਬਲਵਿੰਦਰ ਸਿੰਘ ਨੇ ਸੀਤਲ ਸਿੰਘ ਨੂੰ ਵੀ ਰੁਕਣ ਲਈ ਕਿਹਾ, “ ਤੁਸੀਂ ਠਹਿਰ ਕੇ ਚਲੇ ਜਾਣਾ।”
ਬਾਕੀ ਦੇ ਠਹਿਰੇ ਹੋਏ ਬੰਦਿਆਂ ਨਾਲ ਬਲਵਿੰਦਰ ਸਿੰਘ ਨੇ ਸੀਤਲ ਸਿੰਘ ਬਾਰੇ ਗੱਲ-ਬਾਤ ਕੀਤੀ ਤਾਂ ਸਾਰਿਆਂ ਨੇ ਇਹ ਹੀ ਮਸ਼ਬਰਾ ਦਿੱਤਾ ਕਿ ਸੀਤਲ ਸਿੰਘ ਦੀ ਮਾਂ ਨੂੰ ਇੱਥੇ ਲੈ ਆਉਣਾ ਚਾਹੀਦਾ ਹੈ।ਇਸ ਕੰਮ ਦੀ ਜ਼ਿੰਮੇਵਾਰੀ ਵੀ ਬਲਵਿੰਦਰ ਸਿੰਘ ਅਤੇ ਰਾਜੀਵ ਉੱਪਰ ਪਾ ਦਿੱਤੀ।

ਛੇਤੀ ਹੀ ਦੋਨੋ ਆਪਣੀਆਂ ਛੁੱਟੀਆਂ ਦਾ ਹਿਸਾਬ-ਕਿਤਾਬ ਮਿਲਾ ਸੀਤਲ ਸਿੰਘ ਕੋਲੋ ਪਤਾ ਲੈ ਉਸ ਦੇ ਪਿੰਡ ਪਹੁੰਚ ਗਏ।ਬੱਸ ਨੇ ਮੇਨ ਸੜਕ ਤੇ ਉਹਨਾਂ ਨੂੰ ਲਾ ਦਿੱਤਾ।ਪਿੰਡ ਪਹੁੰਚਣ ਲਈ ਉਹਨਾਂ ਨੂਂ ਪੈਦਲ ਤੁਰਨਾ ਪੈਣਾ ਸੀ।ਪਿੰਡ ਦੀ ਫਿਰਨੀ ਤੇ ਉਹਨਾਂ ਨੂੰ ਇਕ ਜ਼ਨਾਨੀ ਮਿਲੀ ਜਿਸ ਨੇ ਗੋਹੇ ਦਾ ਟੋਕਰਾ ਸਿਰ ਉੱਪਰ ਚੁੱਕਿਆ ਹੋਇਆ ਸੀ।ਬਲਵਿੰਦਰ ਸਿੰਘ ਨੇ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਕਿਹਾ, “ ਸੁਰਜੀਤ ਕੌਰ ਦਾ ਘਰ ਕਿੱਥੇ ਕੁ ਆ।”

“ ਉਹ ਹੀ ਸੁਰਜੀਤ ਕੌਰ ਜਿਸ ਦਾ ਮੁੰਡਾ ਅਕਾਲ ਤੱਖਤ ਤੇ ਲੜਦਾ ਮਰ ਗਿਆ ਸੀ।” ਬਲਵਿੰਦਰ ਸਿੰਘ ਅਤੇ ਰਾਜੀਵ ਨੇ ਇਕ-ਦੂਜੇ ਦੇ ਮੂੰਹ ਵੱਲ ਇਕਦੱਮ ਦੇਖਿਆ ਅਤੇ ਰਾਜੀਵ ਨੇ ਗੱਲ ਸੰਭਾਲ ਦੇ ਕਿਹਾ, “ ਹਾਂ ਜੀ ਭੈਣ ਜੀ ਉਹ ਹੀ।”

“ ਇਥੋਂ ਸੀਦੇ ਚਲੇ ਜਾਉ, ਅੱਗੇ ਭਾਈਆਂ ਦੀ ਹੱਟੀ ਆਉਣੀ ਆ ਉੱਥੋਂ ਪੁੱਛ ਲਿਉ, ਲਾਗੇ ਹੀ ਆ।”

ਹੱਟੀ ਅੱਗੇ ਇਕ ਸਫੈਦ ਦਾੜੀ ਅਤੇ ਸਫੈਦ ਪੱਗ ਵਾਲਾ ਬੰਦਾ ਖੜ੍ਹਾ ਸੀ। ਦੇਖਣ ਤੋਂ ਉਹ ਫੌਜੀ ਲੱਗਦਾ ਸੀ, ਕਿਉਂਕਿ ਉਸ ਨੇ ਦਾੜੀ ਨੂੰ ਡੋਰੀ ਪਾ ਕੇ ਬੰਨਿਆ ਹੋਇਆ ਸੀ।

“ ਸਰਦਾਰ ਜੀ, ਸੁਰਜੀਤ ਕੌਰ ਦਾ ਘਰ ਕਿੱਥੇ ਕੁ ਆ।” ਰਾਜੀਵ ਨੇ ਪੁੱਛਿਆ, “ ਪਤਾ ਲੱਗਾ ਹੈ ਕਿ ਇੱਥੇ ਲਾਗੇ ਹੀ ਹੈ।”

“ਚਲੋ ਮੈ ਤਹਾਨੂੰ ਲੈ ਚੱਲਦਾ ਹਾਂ।” ਸਰਦਾਰ ਨੇ ਕਿਹਾ, “ ਸੁਰਜੀਤ ਕੌਰ ਭੈਣ ਤਾਂ ੳਦੋਂ ਦੀ ਰਹਿ ਹੀ ਗਈ ਜਦੋਂ ਦਾ ਸੀਤਲ ਸ਼ਹੀਦ ਹੋ ਗਿਆ।”

“ ਅੱਛਾ ਜੀ।”

“ ਉਸ ਦੇ ਭੋਗ ਤਾਂ ਬਹੁਤ ਹੀ ਵੱਡਾ ਇਕੱਠ ਹੋਇਆ ਸੀ।” ਸਰਦਾਰ ਨੇ ਦੱਸਿਆ, “ ਦੱਸਾਂ ਪਿੰਡਾਂ ਦੇ ਲੋਕ ਇਕੱਠੇ ਹੋਏ ਸਨ।”
ਸਰਦਾਰ ਨੇ ਹੋਰ ਵੀ ਜੋ ਗੱਲਾਂ ਕੀਤੀਆਂ ਉਹ ਅੱਛਾ ਜੀ, ਅੱਛਾ ਕਰਦੇ ਰਹੇ।ਇਕ ਘਰ ਦੇ ਅੱਗੇ ਜਾ ਕੇ ਸਰਦਾਰ ਰੁੱਕ ਗਿਆ ਅਤੇ ਕਿਹਾ, “ ਇਹ ਹੀ ਸੁਰਜੀਤ ਕੌਰ ਦਾ ਘਰ ਹੈ।”

ਬਲਵਿੰਦਰ ਸਿੰਘ ਨੇ ਅੱਧੇ-ਕੱਚੇ ਅਤੇ ਅੱਧੇ ਪੱਕੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਇਕ ਬਿਰਧ ਔਰਤ ਜਿਸ ਦਾ ਥੌੜ੍ਹਾ ਕੁੱਬ ਵੀ ਨਿਕਲਿਆ ਹੋਇਆ ਸੀ, ਸਾਹਮਣੇ ਆਈ।

“ ਸਤਿ ਸ੍ਰੀ ਅਕਾਲ ਮਾਤਾ ਜੀ।” ਬਲਵਿੰਦਰ ਸਿੰਘ ਨੇ ਕਿਹਾ, “ ਅਸੀਂ ਤੁਹਾਡੇ ਨਾਲ ਕੁੱਝ ਗੱਲਾਂ ਕਰਨੀਆਂ ਚਾਹੁੰਦੇ ਹਾਂ।”

“ ਪੁੱਤ, ਧੰਨ ਭਾਗ ਤੁਸੀ ਆਏ।” ਸੁਰਜੀਤ ਕੌਰ ਨੇ ਉਹਨਾਂ ਨੂੰ ਵਿਹੜੇ ਵਿਚ ਡਿੱਠੇ ਮੰਜੇ ਵੱਲ ਲਿਜਾਂਦੇ ਕਿਹਾ, “ ਜਦੋਂ ਸੀਤਲ ਹੁੰਦਾ ਸੀ ੳਦੋਂ ਤਾਂ ਤੁਹਾਡੇ ਵਰਗੇ ਮੁੰਡੇ ਸਾਡੇ ਬਹੁਤ ਆਉਂਦੇ ਸਨ।” ਇਹ ਕਹਿ ਕੇ ਉਹ ਚੁੱਪ ਹੋ ਗਈ।ਫਿਰ ਉਸ ਨੇ ਆਪਣੀਆਂ ਅੱਖਾਂ ਨੂੰ ਚੁੰਨੀ ਨਾਲ ਪੂੰਝਦੇ ਕਿਹਾ, “ ਦੂਰੋਂ ਆਏ ਲੱਗਦੇ ਹੋ, ਤੁਹਾਡੇ ਲਈ ਪ੍ਰਸ਼ਾਦਾ ਤਿਆਰ ਕਰਵਾਉਂਦੀ ਹਾਂ।” ਨਾਲ ਹੀ ਉਸ ਨੇ ਕੰਧ ਉੱਪਰ ਦੀ ਗੁੱਵਾਢੀਆਂ ਦੀ ਕੁੜੀ ਨੂੰ ਅਵਾਜ਼ ਮਾਰੀ ਅਤੇ ਰਸੋਈ ਵਿਚ ਰੋਟੀ ਤਿਆਰ ਕਰਵਾਉਣ ਲੱਗੀ।

“ ਰਾਜੀਵ, ਮਾਤਾ ਨੂੰ ਕਿਵੇ ਦੱਸਾਂਗੇ ਕਿ ਉਸ ਦਾ ਪੁੱਤ ਜਿਊਂਦਾ ਹੈ।” ਬਲਵਿੰਦਰ ਸਿੰਘ ਨੇ ਮੰਜੇ ਉੱਪਰ ਚੌਂਕੜੀ ਮਾਰਦੇ ਕਿਹਾ, “ ਇਹ ਤਾਂ ਸਾਰੇ ਇਹ ਹੀ ਸੋਚਦੇ ਆ ਕਿ ਸੀਤਲ ਸਿੰਘ ਦੁਨੀਆਂ ਵਿਚ ਹੈ ਨਹੀ।”

“ ਫਿਕਰ ਨਾ ਕਰੋ।” ਰਾਜੀਵ ਬੋਲਿਆ, “ ਖੁਸ਼ੀ ਵਾਲੀ ਖਬਰ ਦੱਸਣ ਤੋਂ ਪਹਿਲਾਂ ਮਾਤਾ ਜੀ ਨੂੰ ਤਿਆਰ ਕਰਾਂਗੇ।”

ਪ੍ਰਸ਼ਾਦਾ ਛਕਾਉਣ ਤੋਂ ਬਾਅਦ ਮਾਤਾ ਜੀ ਨੇ ਆਪ ਹੀ ਗੱਲ ਸ਼ੁਰੂ ਕੀਤੀ, “ ਹੁਣ ਦੱਸੋ ਪੁਤਰੋ, ਤੁਸੀ ਕਿਸ ਬਾਬਤ ਗੱਲ ਕਰਨ ਆਏ ਹੋ।

“ ਮਾਤਾ ਜੀ।” ਰਾਜੀਵ ਨੇ ਕਹਿਣਾ ਸ਼ੁਰੂ ਕੀਤਾ, “ ਤੁਸੀ ਆਪਣੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਸੀ।”

“ ਤੁਸੀ ਕਿਤੇ ਅਖਬਾਰ ਵਾਲੇ ਤਾਂ ਨਹੀ।” ਸੁਰਜੀਤ ਕੌਰ ਨੇ ਕਿਹਾ, “ ਉਹ ਹੀ ਇਸ ਤਰਾਂ ਸਵਾਲ ਪੁੱਛਦੇ ਹੁੰਦੇ ਆ।”

“ ਨਹੀ, ਅਸੀਂ ਅਖਬਾਰ ਵਾਲੇ ਤਾਂ ਨਹੀਂ।ਬਾਅਦ ਵਿਚ ਤਹਾਨੂੰ ਦੱਸਾਂਗੇ ਕਿ ਅਸੀ ਕੌਣ ਹਾਂ।” ਬਲਵਿੰਦਰ ਸਿੰਘ ਨੇ ਕਿਹਾ, “ ਤੁਸੀ ਮੰਨਦੇ ਹੋ ਤੁਹਾਡਾ ਪੁੱਤਰ ਦੁਨੀਆਂ ਚ’ ਨਹੀਂ ਰਿਹਾ।”

ਸੁਰਜੀਤ ਕੌਰ ਨੇ ਡੂੰਘਾ ਸਾਹ ਖਿਚਿਆ ਅਤੇ ਕਿਹਾ, “ ਪੁੱਤਰੋ ਸੱਚ ਪੁੱਛੋਂ ਤਾਂ ਮੈ ਮੰਨਦੀ ਹਾਂ, ਪਰ ਮੇਰਾ ਦਿਲ ਨਹੀ ਮੰਨਦਾ।”

“ ਤੁਸੀ ਉਸ ਦੀ ਮਿਰਤਕ ਦੇਹ ਦੇਖੀ ਸੀ।” ਰਾਜੀਵ ਨੇ ਕਿਹਾ, “ ਹੋਇਆ ਕੀ ਸੀ ਉਸ ਨੂੰ।”

“ ਸਿੰਘਾ ਨਾਲ ਜਾ ਰਲਿਆ ਸੀ।” ਸੁਰਜੀਤ ਕੌਰ ਨੇ ਗੱਲ ਮੁਕਾਉਂਦੇ ਕਿਹਾ, “ ਫਿਰ ਪਤਾ ਲੱਗਾ ਕਿ ਗੁਰੂ ਦੀ ਨਗਰੀ ਵਿਖੇ ਜ਼ਾਲਮਾਂ ਨਾਲ ਲੜਦਾ ਸ਼ਹੀਦ ਹੋ ਗਿਆ।”

“ ਤਹਾਨੂੰ ਤਾਂ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੋਣਾ।” ਬਲਵਿੰਦਰ ਸਿੰਘ ਨੇ ਕਿਹਾ, “ ਜਵਾਨ ਪੁੱਤ ਦੀ ਮੌਤ ਤਾ ਬੰਦੇ ਨੂੰ ਤੋੜ ਕੇ ਰੱਖ ਦੇਂਦੀ ਹੈ।”

“ ਦੁੱਖ ਤਾ ਮੈਨੂੰ ੳਦੋਂ ਹੋਇਆ ਸੀ ਜਦੋਂ ਔਂਤਰਿਆਂ ਨੇ ਮੇਰੇ ਪੁੱਤ ਤੇ ਝੂੱਠਾ ਕੇਸ ਪਾ ਦਿੱਤਾ ਸੀ।” ਮਾਤਾ ਜੀ ਨੇ ਦੱਸਿਆ, “ ੳਦੋਂ ਵੀ ਮੇਰਾ ਦਿਲ ਨਹੀ ਸੀ ਮੰਂਨਦਾ ਕਿ ਮੇਰਾ ਪੁੱਤਰ ਏਨੀ ਘਟੀਆ ਹਰਕਤ ਕਰ ਸਕਦਾ, ਪਰ ਥੇਹ ਹੋਣੀ ਪੁਲੀਸ ਨੇ ਉਸ ਗੱਲ ਦਾ ਇੰਨਾ ਪਰਚਾਰ ਕੀਤਾ ਕਿ ਮੈ ਉਹਨਾਂ ਦੀਆਂ ਗੱਲਾਂ ਵਿਚ ਆ ਕੇ ਉਸ ਨੂੰ ਬੇਦਖਲ ਕਰ ਦਿੱਤਾ।” ਉਹ ਫਿਰ ਚੁੱਪ ਹੋ ਗਈ ਅੱਖਾਂ ਦੇ ਕੋਨਿਆ ਵਿਚ ਆਏ ਪਾਣੀ ਨੂੰ ਲੁਕਾਉਂਦੀ ਬੋਲੀ, “ ਪੁੱਤ ਕਰਮਾਂ ਦੀਆ ਗੱਲਾਂ ਨੇ,ਚਲੋ ਜੇ ਸ਼ਹੀਦ ਹੋ ਗਿਆ ਫਿਰ ਵੀ ਉਸ ਦੇ ਜੀਵਨ ਦਾ ਮੁੱਲ ਪੈ ਗਿਆ,ਪਰ ਮੇਰੀ ਧੜਕਨ ਕਈ ਵਾਰੀ ਇਸ ਗੱਲ ਦੀ ਉਗਾਹੀ ਨਹੀ ਭਰਦੀ।”

“ ਮਾਤਾ ਜੀ,  ਤੁਹਾਡੀ ਧੜਕਨ ਠੀਕ ਹੀ ਕਹਿੰਦੀ ਆ।” ਰਾਜੀਵ ਨੇ ਕਿਹਾ, “ਤੁਹਾਡਾ ਪੁੱਤਰ ਇਸ ਦੁਨੀਆਂ ਵਿਚ ਹੀ ਹੈ।”

ਇਹ ਗੱਲ ਸੁਣਦੇ ਸਾਰ ਹੀ ਸੁਰਜੀਤ ਕੌਰ ਆਪਣੇ ਦਿਲ ਤੇ ਹੱਥ ਰੱਖਦੀ ਇੱਕ ਦਮ ਕੁਰਸੀ ਤੋਂ ਉੱਠੀ ਅਤੇ ਰਾਜੀਵ ਦੇ ਕੋਲ ਆ ਬੋਲੀ, “ ਪੁੱਤ, ਕੀ ਕਿਹਾ?”

“ ਇਹ ਹੀ ਕਿ ਤੁਹਾਡਾ ਪੁਤਰ ਠੀਕ-ਠਾਕ ਹੈ।” ਬਲਵਿੰਦਰ ਸਿੰਘ ਨੇ ਦੱਸਿਆ, “ ਉਸ ਨੇ ਹੀ ਸਾਨੂੰ ਤੁਹਾਡੇ ਕੋਲ ਭੇਜਿਆ ਆ।”

ਇਹ ਸੁੱਣ ਕੇ ਸੁਰਜੀਤ ਕੌਰ ਦਾ ਸਰੀਰ ਕੰਬਣ ਲੱਗ ਪਿਆ।ਉਸ ਨੇ ਇਕ ਹੱਥ ਨਾਲ ਰਾਜੀਵ ਦੀ ਬਾਂਹ ਫੜ੍ਹ ਲਈ ਅਤੇ ਦੂਸਰੇ ਨਾਲ ਬਲਵਿੰਦਰ ਸਿੰਘ ਦੀ। ਅੱਖਾਂ ਵਿਚੋਂ ਪਾਣੀ ਦੇ ਪਰਨਾਲੇ ਵਗ ਪਏ। ਫਿਰ ਉਸ ਨੇ ਦੋਨਾਂ ਦੀਆਂ ਬਾਹਵਾਂ ਛੱਡ ਦਿੱਤੀਆਂ ਅਤੇ ਦੋਨੋ ਹੱਥ ਜੋੜ ਕੇ ਅੱਖਾਂ ਮੀਟ ਲਈਆਂ।ਬਲਵਿੰਦਰ ਸਿੰਘ ਉਸ ਨੂੰ ਫੜ ਕੇ ਮੰਜੇ ਉੱਪਰ ਬੈਠਾਇਆ, ਹੌਲੀ ਹੌਲੀ ਸਾਰੀ ਗੱਲ ਦੱਸੀ।ਮਾਤਾ ਖੁਸ਼ੀ ਵਿਚ ਫਾਬੀ ਹੋਈ ਗੱਲੀ ਵਿਚ ਰੌਲਾ ਪਾਉਣ ਲਈ ਉੱਠੀ ਤਾ ਬਲਵਿੰਦਰ ਸਿੰਘ ਨੇ ਕਿਹਾ, “ ਮਾਤਾ ਜੀ, ਜਿਹੜਾ ਭੁਲੇਖਾ ਤੁਹਾਡੇ ਪੁੱਤ ਬਾਰੇ ਇੱਥੇ ਬਣਿਆ ਹੈ, ਉਹ ਬਣਿਆ ਹੀ ਰਹਿਣ ਦਿਉ।ਉਹਦੇ ਵਿਚ ਹੀ ਭਲਾਈ ਹੈ।”
ਮਾਤਾ ਤਾਂ ਉੱਡ ਕੇ ਪੁੱਤ ਕੋਲ ਪਹੁੰਚਣਾ ਚਾਹੁੰਦੀ ਸੀ,ਪਰ ਆਪਣੇ ਪੁੱਤ ਦੀ ਜ਼ਿੰਦਗੀ ਦਾ ਸੋਚ ਕੇ ਉਹ ਤਹੱਮਲ ਵਿਚ ਆ ਗਈ ਅਤੇ ਜੋ ਬਲਵਿੰਦਰ ਹੋਰੀ ਕਹਿ ਰਹੇ ਸਨ,ਉਹੀ ਹੀ ਮੰਨਦੀ ਹੋਈ ਅਗਲੇ ਤੜਕੇ ਹੀ ਉਹਨਾਂ ਨਾਲ ਜਾਣ ਦੀ ਤਿਆਰੀ ਕਰਨ ਲੱਗੀ॥

ਬਲਵਿੰਦਰ ਸਿੰਘ ਮਾਤਾ ਜੀ ਨੂੰ ਸਿਧਾ ਆਪਣੇ ਘਰ ਲੈ ਗਿਆ ਅਤੇ ਰਾਜੀਵ ਸੀਤਲ ਸਿੰਘ ਨੂੰ ਲੈਣ ਢਾਬੇ ਤੇ ਚਲਾ ਗਿਆ।ਬਲਵਿੰਦਰ ਸਿੰਘ ਦੀ ਪਤਨੀ ਮਾਤਾ ਜੀ ਨੂੰ ਦੇਖ ਕੇ ਖੁਸ਼ ਹੋਈ। ਵੈਸੇ ਵੀ ਜਦੋਂ ਉਹ ਸੀਤਲ ਸਿੰਘ ਦੀ ਅਸਲੀਅਤ ਜਾਣ ਗਈ ਸੀ,ੳਦੋਂ ਦੀ ਸੀਤਲ ਸਿੰਘ ਦੀ ਇੱਜ਼ਤ ਕਰਨ ਲਗ ਪਈ ਸੀ। ਅਜੇ ਚਾਹ ਕੱਪਾਂ ਵਿਚ ਪਾਈ ਹੀ ਸੀ ਕਿ ਰਾਜੀਵ ਵੀ ਸੀਤਲ ਸਿੰਘ ਨੂੰ ਲੈ ਕੇ ਰਿਕਸ਼ੇ ਤੇ ਪਹੁੰਚ ਗਿਆ।ਮਾਂ ਨੇ ਪੁੱਤ ਨੂੰ ਕਿੰਨੀ ਦੇਰ ਕਾਲਜ਼ੇ ਨਾਲ ਲਾਈ ਰੱਖਿਆ।ਉਹਨਾਂ ਦੀਆਂ ਅੱਖਾਂ ਵਿਚੋਂ ਤਾਂ ਖੁਸ਼ੀ ਦੇ ਹੰਝੂ ਡਿਗ ਹੀ ਰਹੇ ਸੀ, ਨਾਲ ਹੀ ਸੀਤਲ ਸਿੰਘ ਦੀ ਜ਼ਨਾਨੀ ਵੀ ਰੋ ਰਹੀ ਸੀ। ਉਹਨਾਂ ਦੇ ਮਿਲਾਪ ਨੇ ਬਲਵਿੰਦਰ ਸਿੰਘ ਅਤੇ ਰਾਜੀਵ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਸਨ।ਮਾਤਾ ਜੀ ਨੇ ਸੀਤਲ ਸਿੰਘ ਦੀ ਕੰਡ ਤੇ ਹੱਥ ਫੇਰ ਦੇ ਕਿਹਾ, “ ਪੁੱਤ, ਪੁਲੀਸ ਨੇ ਤੈਨੂੰ ਮਾਰਨ ਦੀ ਕੋਈ ਕਸਰ ਨਾ ਛੱਡੀ, ਫਿਰ ਪਤਾ ਲੱਗਾ ਕਿ ਤੂੰ ਇੰਦਰਾ ਦੀ ਫੌਜ ਨਾਲ ਲੜਦਾ ਸ਼ਹੀਦ ਹੋ ਗਿਅ।” ਇਸ ਤੋਂ ਬਾਅਦ ਮਾਤਾ ਜੀ ਫਿਰ ਕੁੱਝ ਨਾ ਬੋਲੀ ਹੱਥ ਵਿਚ ਫੜਿਆ ਰੁਮਾਲ ਅੱਖਾਂ ਤੇ ਫੇਰਨ ਲੱਗੀ ਤਾਂ ਬਲਵਿੰਦਰ ਸਿੰਘ ਦੀ ਪਤਨੀ ਬੋਲ ਪਈ, “ ਰੱਬ ਜਿਹਨਾਂ ਨੂੰ ਰੱਖਸੀ, ਰਹਿਣ ਕਿੱਲੀ ਦੇ ਸੰਗ’ ਮਾਤਾ ਜੀ, ਰੱਬ ਦੀ ਕ੍ਰਿਪਾ ਹੋਈ ਹੈ, ਲਉ ਚਾਹ ਪੀਉ।”

ਸੀਤਲ ਸਿੰਘ ਮਾਤਾ ਨੂੰ ਢਾਬੇ ਉੱਪਰ ਲਿਜਾਣ ਲੱਗਾ ਤਾਂ ਬਲਵਿੰਦਰ ਸਿੰਘ ਦੀ ਜ਼ਨਾਨੀ ਬੋਲ ਪਈ, “ ਭਾਈ ਸਾਹਿਬ, ਮਾਤਾ ਜੀ ਉਨੀ ਦੇਰ ਸਾਡੇ ਨਾਲ ਹੀ ਰਹਿਣਗੇ, ਜਦੋਂ ਤਕ ਤੁਸੀ ਆਪਣੇ ਲਈ ਛੋਟਾ-ਮੋਟਾ ਘਰ ਨਹੀ ਦੇਖ ਲੈਂਦੇ।”

“ ਹੋਰ ਕਿਤੇ ਮਾਤਾ ਜੀ ਢਾਬੇ ਤੇ ਸੌਣਗੇ।” ਬਲਵਿੰਦਰ ਸਿੰਘ ਨੇ ਵੀ ਕਹਿ ਦਿੱਤਾ, “ ਅਸੀਂ ਸਾਰੇ ਤੁਹਾਨੂੰ ਘਰ ਲੈਣ ਵਿਚ ਮੱਦਦ ਕਰਾਂਗੇ, ਕਿੳਂ ਰਾਜੀਵ।”

“ ਜ਼ਰੂਰ ਜੀ।” ਰਾਜੀਵ ਨੇ ਕਿਹਾ, “ ਪੰਜਾਬੀਆਂ ਦਾ ਇਹ ਹੀ ਤਾਂ ਵੱਡਾਪਨ ਹੈ , ਜਦੋਂ ਵੀ ਕਿਸੇ ਭਾਈਬੰਦ ਨੂੰ ਮੱਦਦ ਦੀ ਲੋੜ ਹੁੰਦੀ ਹੈ ਸਾਰੇ ਹੀ ਨਾਲ ਖੜ੍ਹ ਜਾਣਗੇ।”

“ ਪੁੱਤ, ਸਾਰੇ ਤਾ ਨਹੀ ਖੱੜਦੇ।” ਮਾਤਾ ਜੀ ਨੇ ਕਿਹਾ ਸਿਰਫ ਉਹ ਹੀ ਖੜ੍ਹਦੇ ਨੇ ਜਿਨਾਂ ਦੇ ਦਿਲ ਵਿਚ ਆਪਣੀ ਕੌਮ ਲਈ ਸੇਵਾ ਅਤੇ ਇਨਸਾਨਾ ਲਈ ਪਿਆਰ ਹੁੰਦਾ ਹੈ।”

ਰਾਤ ਸੋਣ ਲੱਗਿਆ ਬਲਵਿੰਦਰ ਸਿੰਘ ਦੀ ਪਤਨੀ ਨੇ  ਉਸ ਨੂੰ ਕਿਹਾ, “ ਆਪਣੇ ਪਿੰਟੂ ਦਾ ਜਨਮਦਿਨ ਇਸ ਸਾਲ ਵਧੀਆ ਰਿਹਾ।”

“ ਉਹ ਕਿਦਾਂ?”

“ ਦੇਖੋ ਜਨਮ ਦਿਨ ਉੱਪਰ ਤੁਸੀ ਕਿੱਡਾ ਭਲਾਈ ਦਾ ਕੰਮ ਕਰ ਦਿੱਤਾ।”

ਬਲਵਿੰਦਰ ਸਿੰਘ ਨੇ ਜ਼ਨਾਨੀ ਦੀ ਗੱਲ ਉੱਪਰ ਖੁਸ਼ ਹੁੰਦਿਆ ਕਿਹਾ, “ ਇਸ ਤਰਾਂ ਦੀਆਂ ਹੀ ਗੱਲਾਂ ਕਰਿਆ ਕਰ,  ਇਸ ਤਰਾਂ ਹੀ ਸੋਚਿਅ ਕਰ ਫਿਰ ਤਾਂ ਹਰ ਸਾਲ ਹੀ ਪਿੰਟੂ ਦਾ ਜਨਮ ਦਿਨ ਰੱਬ ਵਧੀਆ ਢੰਗ ਨਾਲ ਮਨਾਉਣ ਦਾ ਵਰ ਦੇਵੇਗਾ।”

ਗੁਰਬਾਣੀ ਦਾ ਫੁਰਮਾਣ ਹੈ॥

“ਸਚਾ ਸਾਹਿਬ ਸਚੁ ਨਿਆਉ ਪਾਪੀ ਨਰੁ ਹਾਰਦਾ॥

ਸਲਾਹਿਹੁ ਭਗਤਹੁ ਕਰਿ ਜੋੜਿ ਹਰਿ ਭਗਤ ਜਨ ਤਾਰਦਾ॥”

ਦੋਨੋ ਪਤੀ-ਪਤਨੀ ਪਿੰਟੂ ਦੀ ਲੰਮੀ ਉਮਰ ਲਈ ਅਰਦਾਸ ਕਰਦੇ ਅਤੇ ਪ੍ਰਮਾਤਮਾ ਦਾ ਸ਼ੁਕਰ ਮਨਾਉਂਦੇ ਛੇਤੀ ਹੀ ਨੀਂਦ ਦੀ ਗੋਦ ਵਿਚ ਚਲੇ ਗਏ।

ਬੇਸ਼ੱਕ ਹੁਣ ਉਸ ਦਾ ਢਾਬਾ ਅੱਗੇ ਨਾਲੋ ਵਧੀਆ ਚੱਲਣ ਲੱਗ ਪਿਆ ਸੀ, ਪਰ ਗੱਲ ਬਾਤ ਉਸ ਦੀ ਅਜੇ ਵੀ ਸੀਮਤ ਹੀ ਹੁੰਦੀ ਸੀ।

This entry was posted in ਕਹਾਣੀਆਂ.

5 Responses to ਸਿੱਦਕੀ

  1. ਿੲਕਬਾਲ ਿਸੰਘ says:

    ਿ ਗੁਰੂ ਸਾਿਹਬ ਜੀ ਦੀ ਿਕਰਪਾ ਏ ਿਸੰਘ ਸਦਾ ਹੀ ਉਸਦੀ ਰਜ਼ਾ ਿਵੱਚ ਰਿਹੰਦੇ ਨੇ. ਆਪ ਜੀ ਨੇ ਬਹੂਤ ਹੀ ਵਧੀ ਆ ਤਰੀਕੇ ਨਾਲ ਿਿਲਖ ਕੇ ਸੇਵਾ ਕੀਤੀ ਵਾਿਹ ਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਬਖਸ਼ੇ.

  2. aman says:

    Is it possible to get an english translation of this article? Although I have learned to read punjabi and am VERY slow at it, I tried reading it but halfway through just got tired. Please email me at my address if there is an english version.

  3. harbhajan hans says:

    i like this style of story-writing-when characters of a story tells it with their dialogs.interactions of characters is sharp, short and worth reading instead of long ,boring detail by the writer which is certain to be skipped by readers.it was refreshing nice piece of fiction by you.

  4. raju mahey says:

    dee dil bagobag ho giya.. tareef karan lai koi lafz nhi mil rhe..
    mere lafzan to pre likhiya tusi…….

  5. CHAMKAUR SINGH SIMSK says:

    Aap ne sanu ohna galla to janu karwaeya jis to assi aanjaan c.
    ke 1984 vich sade Sikha naal ki hoeya.
    Sri Akaal Purkh Waheguru Aap g nu hamesa Chardikalan vich rakhe……

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>