ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ ਸੰਗਤੀ ਪ੍ਰਬੰਧ ਹੋਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਰੋਜਾਨਾ ਹਜਾਰਾਂ ਸੰਗਤਾਂ ਆਉਂਦੀਆਂ ਹਨ। ਸੰਗਤਾਂ ਨੂੰ ਬੇਹਤਰ ਸੁੱਖ ਸਹੂਲਤ ਦੇਣ ਲਈ ਸਰਾਂ ਮਾਤਾ ਗੰਗਾ ਜੀ ਨਿਵਾਸ ਵਿੱਚ ਤਕਰੀਬਨ ਨੌ ਲੱਖ ਰੁਪਏ ਦੀ ਲਾਗਤ ਨਾਲ 50 ਕਿਲੋ ਸਮਰੱਥਾ ਵਾਲੇ ਲਾਂਡਰੀ ਯੂਨਿਟ ਦਾ ਰਸਮੀ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਰਾਂ ਮਾਤਾ ਗੰਗਾ ਜੀ ਨਿਵਾਸ ਵਿਖੇ ਇਸ ਲਾਂਡਰੀ ਯੂਨਿਟ ਦੇ ਲੱਗਣ ਨਾਲ ਯਾਤਰੂਆਂ ਨੂੰ ਕਮਰਾ ਦੇਣ ਤੋਂ ਪਹਿਲਾਂ ਕਮਰੇ ਦੀਆਂ ਬੈੱਡ ਚਾਦਰਾਂ, ਸਿਰਹਾਣਿਆਂ ਦੀ ਸਮੇਂ ਸਿਰ ਧਵਾਈ, ਪ੍ਰੈਸ ਆਦਿ ਕੀਤੇ ਜਾਣਗੇ। ਇਸ ਯੂਨਿਟ ਦੇ ਚਾਲੂ ਹੋਣ ਨਾਲ ਸਰਾਵਾਂ ਦੀਆਂ ਚਾਦਰਾਂ, ਸਰਹਾਣਿਆਂ ਦੇ ਕਵਰ ਆਦਿ ਬਾਹਰੋਂ ਧੁਵਾਈ ਕਰਵਾਉਣ ਦਾ ਕੰਮ ਖਤਮ ਹੋ ਗਿਆ। ਯਾਤਰੂਆਂ ਦੀ ਸਹੂਲਤ ਨੂੰ ਹੋਰ ਬੇਹਤਰ ਬਣਾਉਦਿਆਂ ਅਜਮਾਇਸ਼ੀ ਤੌਰ ਤੇ ਗੁਰੂ ਅਰਜਨ ਦੇਵ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਇੱਕ ਸਾਲ ਵਾਸਤੇ ਐਫੀਸੈਂਟ ਸਰਵਸਿਜ਼ ਕੰਪਨੀ ਚੰਡੀਗੜ੍ਹ ਨੂੰ ਤਕਰੀਬਨ ਸਾਢੇ ਸੱਤ ਲੱਖ ਰੁਪਏ ‘ਚ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਸਫਾਈ ਕਰਨ ਲਈ ਠੇਕਾ ਦਿੱਤਾ ਗਿਆ ਹੈ। ਦੋਵਾਂ ਸਰਾਵਾਂ ਦੇ ਤਕਰੀਬਨ 240 ਕਮਰਿਆਂ ਤੋਂ ਇਲਾਵਾ ਹਾਲ, ਬਾਥਰੂਮ ਤੇ ਕੋਰੀਡੋਰਾਂ ਦੀ ਮੁਕੰਮਲ ਸਫਾਈ ਇਸ ਕੰਪਨੀ ਵੱਲੋਂ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਕੰਪਨੀ ਦੇ ਮਾਲਕ ਸ.ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਗੁਰੂ ਅਰਜਨ ਦੇਵ ਨਿਵਾਸ ‘ਚ ਤਕਰੀਬਨ 40 ਸਫਾਈ ਸੇਵਕ ਤੇ ਉਹਨਾਂ ਉਪਰ ਤਿੰਨ ਸੁਪਰਵਾਈਜਰ ਤੇ ਇੱਕ ਹੈਡ ਸੁਪਰਵਾਈਜਰ ਤੋਂ ਇਲਾਵਾ ਦੋ ਪਲੰਬਰ ਲਗਾਏ ਗਏ ਹਨ। ਇਸੇ ਤਰਾਂ ਮਾਤਾ ਗੰਗਾ ਜੀ ਨਿਵਾਸ ਦੀ ਸਫਾਈ ਲਈ ਤਕਰੀਬਨ 32 ਸਫਾਈ ਸੇਵਕ, ਉਹਨਾਂ ਦੀ ਨਿਗਰਾਨੀ ਲਈ ਤਿੰਨ ਸੁਪਰਵਾਈਜਰ, ਉਹਨਾਂ ਉਪਰ ਇੱਕ ਹੈਡ ਸੁਪਰਵਾਈਜਰ ਤੋਂ ਇਲਾਵਾ ਦੋ ਪਲੰਬਰ ਲਗਾਏ ਗਏ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਇਸ ਕੰਪਨੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਮਨਸ਼ਾ ਅਨੁਸਾਰ ਤਸੱਲੀ ਬਖਸ਼ ਸਫਾਈ ਦਾ ਕੰਮ ਕੀਤਾ ਤਾਂ ਦੂਸਰੀਆਂ ਸਰਾਵਾਂ ਬਾਰੇ ਵੀ ਵੀਚਾਰ ਕੀਤੀ ਜਾ ਸਕਦੀ ਹੈ, ਉਹਨਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੇ ਵਾਧੇ ਨੂੰ ਮੁੱਖ ਰੱਖਦਿਆਂ ਸਾਰਾਗੜ੍ਹੀ ਨਿਵਾਸ ਦੀ ਉਸਾਰੀ ਜੋਰਾਂ ਨਾਲ ਚੱਲ ਰਹੀ ਹੈ। ਇਸੇ ਤਰਾਂ ਇੱਕ ਸਾਲ ‘ਚ ਗੁਰੂ ਨਾਨਕ ਕੰਨਿਆਂ ਸਕੂਲ ਦੀ ਨਵੀਂ ਇਮਾਰਤ ਘਿਉ ਮੰਡੀ ਚੌਂਕ ਕੋਲ ਤਿਆਰ ਹੋ ਜਾਵੇਗੀ ਤੇ ਸਕੂਲ ਉਥੇ ਤਬਦੀਲ ਕਰਕੇ ਗੁਰੂ ਨਾਨਕ ਕੰਨਿਆਂ ਸਕੂਲ ਦੀ ਪੁਰਾਣੀ ਇਮਾਰਤ ਢਾਹ ਕੇ ਨਵੀਂ ਸਰਾਂ ਦੀ ਉਸਾਰੀ ਕੀਤੀ ਜਾਵੇਗੀ।
ਇਸ ਮੌਕੇ ਐਡੀਸ਼ਨਲ ਸਕੱਤਰ ਸ.ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸ.ਪਰਮਜੀਤ ਸਿੰਘ ਸਰੋਆ, ਸ.ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ.ਹਰਭਜਨ ਸਿੰਘ ਮਨਾਵਾਂ, ਮੈਨੇਜਰ ਸਰਾਵਾਂ ਸ.ਪ੍ਰਤਾਪ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਸ.ਜਤਿੰਦਰਪਾਲ ਸਿੰਘ ਸਲੂਜਾ, ਕੌਸਲਰ ਸ.ਜਸਪਾਲ ਸਿੰਘ ਸੰਧੂ, ਐਫੀਸੈਂਟ ਸਰਵਸਿਜ਼ ਚੰਡੀਗੜ੍ਹ ਦੇ ਮਾਲਕ ਸ.ਗਗਨਦੀਪ ਸਿੰਘ ਚੰਡੀਗੜ੍ਹ ਆਦਿ ਮੌਜੂਦ ਸਨ।