ਬਾਲੀਵੁੱਡ ਸਿਨੇਮਾ ਵਿੱਚ ਇਕ ਸੁਪਰ ਸਟਾਰ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਰਾਜੇਸ਼ ਖੰਨਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਹ 69 ਸਾਲਾਂ ਦੇ ਸਨ। ਉਨ੍ਹਾਂ ਨੇ ਆਪਣੇ ਅੰਤਮ ਸਵਾਸ ਆਪਣੇ ਗ੍ਰਹਿ ਆਸ਼ੀਰਵਾਦ ਵਿਖੇ ਬੁਧਵਾਰ ਨੂੰ ਦੁਪਹਿਰੇ ਤਿਆਗੇ। ਉਨ੍ਹਾਂ ਦਾ ਅੰਤਮ ਸੰਸਕਾਰ ਵੀਰਵਾਰ ਨੂੰ 11 ਵਜੇ ਕੀਤਾ ਜਾਵੇਗਾ।
ਰਾਜੇਸ਼ ਖੰਨਾ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚਲ ਰਹੇ ਸਨ। ਅਪ੍ਰੈਲ ਮਹੀਨੇ ਵਿਚ ਉਨ੍ਹਾਂ ਨੂੰ ਕਮਜ਼ੋਰੀ ਦੀ ਸ਼ਿਕਾਇਤ ਕਰਕੇ ਲੀਲਾਵਤੀ ਹਸਪਤਾਲ ਦਾਖ਼ਲ ਕਰਾਇਆ ਗਿਆ। ਇਸਤੋਂ ਬਾਅਦ ਵੀ ਉਨ੍ਹਾਂ ਦੀ ਤਬੀਅਤ ਕਈ ਵਾਰ ਵਿਗੜੀ ਰਹੀ ਅਤੇ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿਖੇ ਲਿਆਇਆ ਜਾਂਦਾ ਰਿਹਾ।
ਜਦੋਂ ਰਾਜੇਸ਼ ਖੰਨਾ ਨੇ ਅੰਤਮ ਸਾਹ ਲਈ ਤਾਂ ਉਨ੍ਹਾਂ ਦੇ ਕੋਲ ਉਨ੍ਹਾਂ ਦੀ ਪਤਨੀ ਡਿੰਪਲ ਕਪਾੜੀਆ, ਬੇਟੀ ਟਵਿੰਕਲ ਖੰਨਾ, ਬੇਟੀ ਰਿੰਕੀ ਅਤੇ ਦਮਾਦ ਅਕਸ਼ੇ ਕੁਮਾਰ ਸਮੇਤ ਸਾਰਾ ਪ੍ਰਵਾਰ ਮੌਜੂਦ ਸੀ।
ਰਾਜੇਸ਼ ਖੰਨਾ ਨੇ 150 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਦੀ ਮੌਤ ‘ਤੇ ਸਾਰੇ ਬਾਲੀਵੁੱਡ ਨੇ ਗਹਿਰਾ ਸ਼ੋਕ ਪ੍ਰਗਟਾਇਆ ਹੈ। ਡਾਕਟਰ ਮਨਮੋਹਨ ਸਿੰਘ ਵਲੋਂ ਵੀ ਰਾਜੇਸ਼ ਖੰਨਾ ਦੀ ਮੌਤ ‘ਤੇ ਟਵਿਟਰ ਉਪਰ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਗਿਆ। ਰਾਜੇਸ਼ ਖੰਨਾ ਨੇ ਆਨੰਦ, ਦਾਗ਼, ਅਰਾਧਨਾ, ਦੋ ਰਾਸਤੇ, ਨਮਕ ਹਰਾਮ, ਪ੍ਰੇਮ ਨਗਰ, ਆਨ ਮਿਲੋ ਸਜਨਾ ਜਿਹੀਆਂ ਫਿਲਮਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਆਪਣੇ ਸਮੇਂ ਦੀਆਂ ਸਾਰੀਆਂ ਹੀ ਮਸ਼ਹੂਰ ਹਿਰੋਇਨਾਂ ਨਾਲ ਕੰਮ ਕੀਤਾ।