ਲੁਧਿਆਣਾ:- ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ 16 ਜੁਲਾਈ ਨੂੰ ਕਰਵਾਏ 84ਵੇਂ ਸਥਾਪਨਾ ਸਮਾਰੋਹ ਮੌਕੇ ਐਨ ਜੀ ਰੰਗਾ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਅਗਾਂਹਵਧੂ ਕਿਸਾਨ ਸ: ਗੁਰਚਰਨ ਸਿੰਘ ਮਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਨੇ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਆਪਣਾ ਪੁਰਸਕਾਰ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਨਾਂ ਕਰਦਿਆਂ ਕਿਹਾ ਹੈ ਕਿ ਮਧੂ ਮੱਖੀ ਪਾਲਣ, ਮੱਛੀ ਪਾਲਣ, ਜੰਗਲਾਤ, ਬਾਗਬਾਨੀ ਅਤੇ ਐਗਰੋ ਪ੍ਰੋਸੈਸਿੰਗ ਦੇ ਖੇਤਰ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਅਤੇ ਇਸ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਨੇ ਪਿਛਲੇ ਲਗਪਗ 25 ਸਾਲ ਤੋਂ ਜਿਵੇਂ ਮੇਰੀ ਅਗਵਾਈ ਕੀਤੀ ਹੈ ਉਸੇ ਦਾ ਹੀ ਪ੍ਰਤਾਪ ਹੈ ਕਿ ਅੱਜ ਮੈਨੂੰ ਦੇਸ਼ ਦਾ ਸਰਵੋਤਮ ਪੁਰਸਕਾਰ ਮਿਲਿਆ ਹੈ। ਸ: ਮਾਨ ਨੂੰ ਇਸ ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਇੱਕ ਲੱਖ ਰੁਪਿਆ ਹੋਰ ਵਿਗਿਆਨਕ ਸੋਝੀ ਹਾਸਿਲ ਕਰਨ ਲਈ ਦੇਸ਼ ਵਿਦੇਸ਼ ਦੀਆਂ ਖੇਤੀ ਖੋਜ ਸੰਸਥਾਵਾਂ ਦਾ ਦੌਰਾ ਕਰਨ ਲਈ ਸਫਰ ਭੱਤਾ ਵੀ ਦਿੱਤਾ ਗਿਆ ਹੈ।
ਸ: ਗੁਰਚਰਨ ਸਿੰਘ ਮਾਨ ਦੀ ਇਸ ਪ੍ਰਾਪਤੀ ਤੇ ਮੁਬਾਰਕ ਦਿੰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਆਖਿਆ ਕਿ ਦੇਸ਼ ਦੇ ਰੌਸ਼ਨ ਭਵਿੱਖ ਲਈ ਸ: ਮਾਨ ਵਰਗੇ ਚਾਨਣ ਮੁਨਾਰੇ ਹਰ ਪਿੰਡ ਵਿੱਚ ਵਿਕਸਤ ਕਰਨ ਦੀ ਲੋੜ ਹੈ ਜਿਹੜੇ ਗਿਆਨ ਵਿਗਿਆਨ ਵਿੱਚ ਮਿਹਨਤ ਦਾ ਹਿੱਸਾ ਪਾ ਕੇ ਰਵਾਇਤੀ ਖੇਤੀ ਦੀ ਥਾਂ ਵੰਨ ਸੁਵੰਨੀ ਖੇਤੀ ਦਾ ਸੁਨੇਹਾ ਆਪਣੇ ਆਲ ਦੁਆਲੇ ਪਸਾਰ ਸਕਣ। ਉਨ੍ਹਾਂ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸਾਲ ਵਿੱਚ ਵੰਨ ਸੁਵੰਨੀ ਖੇਤੀ ਵਾਲਾ ਐਨ ਜੀ ਰੰਗਾ ਪੁਰਸਕਾਰ ਪੰਜਾਬ ਦੇ ਕਿਸਾਨ ਨੂੰ ਮਿਲਣਾ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦਾ ਸਰਵੋਤਮ ਪੁਰਸਕਾਰ ਹਾਸਿਲ ਕਰਨ ਤੋਂ ਪਹਿਲਾਂ ਸ: ਗੁਰਚਰਨ ਸਿੰਘ ਮਾਨ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਹਿਲਾਂ ਪ੍ਰਵਾਸੀ ਭਾਰਤੀ ਅਗਾਂਹਵਧੂ ਕਿਸਾਨ ਪੁਰਸਕਾਰ ਅਤੇ ਮੁੱਖ ਮੰਤਰੀ ਪੁਰਸਕਾਰ ਵੀ ਹਾਸਿਲ ਹੋ ਚੁੱਕਾ ਹੈ। ਇਨ੍ਹਾਂ ਪ੍ਰਾਪਤੀਆਂ ਲਈ ਜਿਥੇ ਉਹ ਆਪਣੇ ਮਿਹਨਤੀ ਮਾਪਿਆਂ ਵੱਲੋਂ ਮਿਲੀ ਪ੍ਰੇਰਨਾ ਅਤੇ ਨਸ਼ਾ ਮੁਕਤ ਜ਼ਿੰਦਗੀ ਨੂੰ ਸਮਝਦਾ ਹੈ । ਵਰਨਣਯੋਗ ਗੱਲ ਇਹ ਹੈ ਕਿ ਸ: ਮਾਨ ਇਕੱਲਾ ਵਿਕਾਸ ਨਹੀਂ ਕਰ ਰਿਹਾ, ਸਗੋਂ ਉਸ ਨਾਲ ਆਪਣੇ ਵਰਗੇ ਨਸ਼ਾ ਮੁਕਤ ਮਿੱਤਰਾਂ ਦਾ ਕਾਫਲਾ ਹੈ ਜਿਹੜੇ ਉਦੇ ਵਾਂਗ ਹੀ ਸ਼ਹਿਦ ਦੀਆਂ ਮੱਖੀਆਂ ਪਾਲਦੇ ਹਨ, ਮੱਛੀ ਪਾਲਦੇ ਹਨ, ਰੁੱਖ ਲਗਾਉਂਦੇ ਹਨ, ਮਸਾਲੇ ਪੀਸ ਕੇ ਐੱਗ ਮਾਰਕ ਦੇ ਨਿਸ਼ਾਨ ਨਾਲ ਨੇੜੇ ਦੀਆਂ ਮੰਡੀਆਂ ਵਿੱਚ ਵੇਚਦੇ ਹਨ।