ਚੰਡੀਗੜ੍ਹ-“ਪਾਕਿਸਤਾਨ ਦੀ ਰਾਵਲਪਿੰਡੀ ਦੀ ਅੱਤਵਾਦ ਵਿਰੋਧੀ ਅਦਾਲਤ ਨੰਬਰ 1 ਵੱਲੋਂ ਪਾਕਿਸਤਾਨ ਨਿਆਇਕ ਕਮਿਸ਼ਨ ਦੀ 26/11 ਦੀ ਦਿੱਤੀ ਰਿਪੋਰਟ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਵਰਤਾਰੇ ਪਿੱਛੇ ਬਹੁਤ ਵੱਡੀ ਇਤਿਹਾਸਿਕ ਸੋਚ ਕੰਮ ਕਰ ਰਹੀ ਹੈ । ਕਿਉਕਿ ਹਿੰਦ ਹਕੂਮਤ ਦੀਆਂ ਅਦਾਲਤਾਂ ਤੇ ਸਰਕਾਰਾਂ ਵੱਲੋਂ ਹਿੰਦ ਵਿਚ ਸਿੱਖ ਅਤੇ ਮੁਸਲਿਮ ਕੌਮ ਨੂੰ ਇਨਸਾਫ ਦਿੰਦੇ ਸਮੇਂ ਪੱਖਪਾਤੀ ਸੋਚ ਦਾ ਗੁਲਾਮ ਬਣਕੇ ਫੈਸਲੇ ਸੁਣਾਏ ਜਾਂਦੇ ਹਨ । ਮੁਸਲਿਮ ਅਤੇ ਸਿੱਖ ਕੌਮ ਨੂੰ ਸਜ਼ਾਵਾਂ ਦਿੰਦੇ ਸਮੇਂ ਉਥੋ ਦਾ ਕਾਨੂੰਨ, ਕਰੂਪ ਅਤੇ ਖੂਖਾਂਰ ਹੋ ਜਾਂਦਾ ਹੈ । ਜਦੋਕਿ ਬਹੁਤ ਗਿਣਤੀ ਹਿੰਦੂਆਂ ਨੂੰ ਸਜਾਵਾਂ ਦੇਣ ਸਮੇਂ ਇਥੋ ਦਾ ਕਾਨੂੰਨ ਅਤੇ ਅਦਾਲਤਾਂ ਅੰਨ੍ਹੀਆਂ, ਬੋਲੀਆਂ ਤੇ ਗੂੰਗੀਆਂ ਹੋ ਜਾਂਦੀਆਂ ਹਨ । ਜੇਕਰ ਹਿੰਦ ਵਿਚ ਸਿੱਖ ਅਤੇ ਮੁਸਲਿਮ ਕੌਮ ਦੇ ਕਾਤਿਲਾਂ ਨੂੰ ਬੀਤੇ ਸਮੇਂ ਵਿਚ ਕਾਨੂੰਨ ਅਨੁਸਾਰ ਸਜਾਵਾਂ ਦਿੱਤੀਆਂ ਹੁੰਦੀਆਂ, ਤਾਂ ਅੱਜ ਪਾਕਿਸਤਾਨ ਦੀ ਅਦਾਲਤ ਦੀ ਤਰਫੋ ਹਿੰਦ ਨੂੰ ਨਮੋਸ਼ੀ ਤੇ ਸ਼ਰਮਿੰਦਗੀ ਨਾ ਝੱਲਣੀ ਪੈਦੀ । ਹਿੰਦ ਹਕੂਮਤ ਵੱਲੋਂ ਸਿੱਖ ਕੌਮ ਪ੍ਰਤੀ ਅਪਣਾਏ ਜਾ ਰਹੇ ਨਾ ਪੱਖੀ ਵਤੀਰੇ ਦੀ ਬਦੌਲਤ ਪਾਕਿਸਤਾਨ ਅਦਾਲਤ ਨੇ ਇਥੋ ਦੇ ਹੁਕਮਰਾਨਾਂ ਨੂੰ ਆਪਣੀਆਂ ਜਿੰਮੇਵਾਰੀਆਂ ਪੂਰੀਆ ਕਰਨ ਦਾ ਅਹਿਸਾਸ ਕਰਵਾਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਆਇਕ ਕਮਿਸ਼ਨ ਦੀ ਰਿਪੋਰਟ ਰੱਦ ਹੋਣ ਦੇ ਅਮਲ ਨੂੰ ਹਿੰਦੂਤਵ ਤਾਕਤਾਂ ਨੂੰ ਸਬਕ ਸਿਖਾਉਣ ਵਾਲੀ ਪ੍ਰਕਿਰਿਆ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਹਿੰਦ ਹਕੂਮਤ ਤੇ ਇਥੋ ਦੀਆਂ ਅਦਾਲਤਾਂ ਇਹ ਸਮਝਦੀਆਂ ਹਨ ਕਿ ਪਾਕਿਸਤਾਨ ਹਕੂਮਤ ਹਿੰਦ ਹਕੂਮਤ ਦੀ ਤਰ੍ਹਾਂ ਮੁਸਲਿਮ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਝੂਠੀਆਂ ਕਹਾਣੀਆਂ ਦੇ ਅਧਾਰ ਤੇ ਕੌਮਾਂਤਰੀ ਪੱਧਰ ਉਤੇ ਬਦਨਾਮ ਕਰੇ ਤਾਂ ਅਜਿਹਾ ਅਮਲ ਅਸੰਭਵ ਹੈ ਅਤੇ ਇਥੋ ਦੇ ਹੁਕਮਰਾਨ ਵੱਡੇ ਹਨ੍ਹੇਰੇ ਵਿਚ ਹਨ । ਉਹਨਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਸਿੱਖਾਂ ਅਤੇ ਮੁਸਲਿਮ ਕੌਮ ਉਤੇ ਜ਼ਬਰੀ ਕਾਰਵਾਈਆਂ ਇਸ ਲਈ ਕਰ ਦਿੰਦੇ ਹਨ ਕਿ ਹਿੰਦ ਵਿਚ ਇਹ ਕੌਮਾਂ ਸੰਪੂਰਨ ਤੌਰ ਤੇ ਆਜ਼ਾਦ ਨਹੀ । ਜਦੋਕਿ ਪਾਕਿਸਤਾਨ ਹਕੂਮਤ ਇਕ ਆਜ਼ਾਦ ਪ੍ਰਭੂਸਤਾਂ ਸੰਪੂਰਨ ਰਾਜ ਦੀ ਤਾਕਤ ਦੇ ਤੌਰ ਤੇ ਵਿਚਰ ਰਹੀ ਹੈ । ਉਹਨਾਂ ਉਤੇ ਹਿੰਦ ਹਕੂਮਤ ਕੋਈ ਵੀ ਜ਼ਬਰੀ ਫੈਸਲਾ ਨਹੀ ਠੋਸ ਸਕਦੀ । ਉਹਨਾਂ ਕਿਹਾ ਕਿ ਜਦੋ ਤੱਕ ਹਿੰਦ ਦੀਆਂ ਅਦਾਲਤਾਂ ਤੇ ਹੁਕਮਰਾਨ ਸਿੱਖ ਕੌਮ ਤੇ ਮੁਸਲਿਮ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਨਹੀ ਦੇ ਦਿੰਦੀਆਂ, ਉਦੋ ਤੱਕ ਪਾਕਿਸਤਾਨ ਹਕੂਮਤ ਵੱਲੋਂ ਹਿੰਦ ਦੇ ਕਿਸੇ ਦਬਾਅ ਜਾਂ ਪ੍ਰਭਾਵ ਨੂੰ ਕਬੂਲਣ ਜਾਂ 26/11 ਘਟਣਾ ਦੇ ਦੋਸੀਆਂ ਨੂੰ ਦੀ ਪਹਿਚਾਣ ਕਰਕੇ ਸਜਾਵਾਂ ਦੇਣ ਦੇ ਅਮਲ ਨਹੀ ਹੋ ਸਕਦੇ । ਦੂਸਰਾ ਪਾਕਿਸਤਾਨ ਹਕੂਮਤ ਦੇ ਸਿੱਖ ਕੌਮ ਨਾਲ ਹਮੇਸ਼ਾਂ ਦੋਸਤਾਨਾਂ ਸੰਬੰਧ ਰਹੇ ਹਨ । ਇਸ ਲਈ ਹੀ ਪਾਕਿਸਤਾਨ ਨੇ ਆਨੰਦ ਮੈਰਿਜ ਐਕਟ ਨੂੰ ਇੰਨ-ਬਿਨ ਲਾਗੂ ਕਰਕੇ ਸਿੱਖ ਕੌਮ ਦੀ ਆਜ਼ਦ ਹਸਥੀਂ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦਿੱਤੀ ਹੈ ਅਤੇ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹਜ਼ਾਰਾਂ ਏਕੜ ਵਿਚ ਯੂਨੀਵਰਸਿਟੀ ਕਾਇਮ ਕਰਕੇ ਸਿੱਖ ਇਤਿਹਾਸ ਨਾਲ ਮੁਸਲਿਮ ਕੌਮ ਦੀ ਸਾਂਝ ਦਾ ਪ੍ਰਤੱਖ ਸਬੂਤ ਦਿੱਤਾ ਹੈ । ਸ. ਸੁਰਜੀਤ ਸਿੰਘ ਜੋ 30 ਸਾਲ ਤੋ ਉਥੇ ਕੈਂਦੀ ਸਨ, ਉਹਨਾਂ ਨੂੰ ਬਿਨ੍ਹਾਂ ਕਿਸੇ ਦਬਾਅ ਤੋਂ ਬਤੌਰ ਸਿੱਖ ਹੋਣ ਦੇ ਨਾਤੇ ਰਿਹਾਅ ਕੀਤਾ ਹੈ ਅਤੇ ਪਾਕਿਸਤਾਨ ਤੇ ਹਿੰਦ ਦੀਆਂ ਸਰਹੱਦਾਂ ਖੋਲਣ ਦੀ ਗੱਲ ਦੀ ਪੈਰਵੀਂ ਕਰਕੇ ਸਿੱਖ ਅਤੇ ਮੁਸਲਿਮ ਕੌਮ ਦੇ ਸੰਬੰਧਾਂ ਨੂੰ ਹੋਰ ਪੀਡਾ ਕਰਨਾ ਚਾਹੁੰਦੇ ਹਨ । ਹਿੰਦ ਹਕੂਮਤ ਨੂੰ ਸਿੱਖ ਅਤੇ ਮੁਸਲਿਮ ਕੌਮ ਦੇ ਡੂੰਘੇ ਸੰਬੰਧਾਂ ਨੂੰ ਕਤਈ ਨਜ਼ਰ ਅੰਦਾਜ ਨਹੀ ਕਰਨਾ ਚਾਹੀਦਾ । ਬਲਕਿ ਇਸ ਸੱਚ ਨੂੰ ਪ੍ਰਵਾਨ ਕਰਕੇ ਮੁਸਲਿਮ ਅਤੇ ਸਿੱਖ ਕੌਮ ਨੂੰ ਇਨਸਾਫ ਦੇਣ ਦੇ ਫਰਜ਼ ਅਦਾ ਕਰਨੇ ਚਾਹੀਦੇ ਹਨ । ਫਿਰ ਹੀ ਪਾਕਿਸਤਾਨ ਹਕੂਮਤ ਤੋਂ ਹਿੰਦ ਹਕੂਮਤ ਕੋਈ ਉਮੀਦ ਰੱਖ ਸਕਦੀ ਹੈ ।