ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁੱਝ ਨਹੀਂ ਲਿਖ ਸਕਿਆ। ਬਹੁਤ ਵੇਰ ਦਿਲ ਕੀਤਾ, ਪਰ ਲਿਖਾਂ ਤੇ ਕੀ? ਮੇਰੇ ਕੌਲ ਲਿਖਣ ਲਈ ਮੇਰੀ ਹੱਡਬੀਤੀ ਤੋਂ ਬਿਨਾਂ ਕੁੱਝ ਨਹੀਂ…। ਮੇਰੀ ਕਲਮ ਵੀ ਸੋਚਣ ਲੱਗ ਪਈ ਹੋਣੀ ਏ ਕਿ ਕੀ ਕਿਆ ਹੋ ਗਿਆ ਏ ਮੇਰੇ ਹੱਥ ਨੂੰ?
ਪਰ ਅੱਜ ਮੈਂ ਆਪਣੇ ਮੇਜ ਦੀ ਦਰਾਜ ਖੋਲੀ ਤੇ ਕਲਮ ਤੇ ਜੰਮ ਗਈ ਧੂੜ ਨੂੰ ਝਾੜਦਿਆਂ ਹੱਥ ਵਿੱਚ ਫੜ ਹੀ ਲਿਆ ਹੈ। ਪਰ ਸੋਚ ਰਿਹਾਂ ਹਾਂ ਕਿ ਲਿਖਾਂ ਤੇ ਲਿਖਾਂ ਕੀ? ਸਵੇਰ ਤੋਂ ਕਦੋਂ ਸ਼ਾਮ ਤੇ ਫਿਰ ਰਾਤ ਤੇ ਫਿਰ ਸਵੇਰ ਕੱਦ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਸਾਨੂੰ ਸਭ ਨੂੰ ਰੂਟੀਨ ਦੀ ਆਦਤ ਪੈ ਗਈ ਹੈ। ਬੱਚੇ ਤੀਕ ਟਾਈਮ ਵੇਖ ਕੇ ਕੰਮ ਕਰਨ ਦੇ ਆਦਿ ਹੋ ਗਏ ਹਨ।
ਸੁਣਿਆ ਸੀ ਪਰ ਚੌਰਾਸੀ ਦੇ ਗੇੜ ਤਾਂ ਹੁਣ ਵੇਖ ਕੀ ਭੁਗਤ ਹੀ ਰਿਹਾਂ ਹਾਂ। ਅੱਜ ਇੱਕ ਹਾਦਸੇ ਨੇ ਮੇਰੇ ਹੱਥ ਵਿੱਚ ਕਲਮ ਫੜਾ ਹੀ ਦਿੱਤੀ ਹੈ।
11 ਕੁ ਵਜੇ ਰਾਤੀਂ ਮੈਂ ਘਰ ਨੂੰ ਪਰਤ ਰਿਹਾ ਸੀ, ਰਾਹ ਵਿੱਚ ਇੱਕ ਥਾਂ ਤੇ ਜਾਮ ਲੱਗਾ ਹੋਇਆ ਸੀ। ਜੱਦ ਪੰਦਰਾਂ ਕੁ ਮਿੰਟ ਕੁੱਝ ਵੀ ਹਿਲ-ਜੁੱਲ ਨਾ ਹੋਈ ਤਾਂ ਮੈਂ ਵੀ ਕਾਰ ਵਿੱਚੋਂ ਉਤਰ ਕੇ ਅਗਾਂਹ ਜਾਮ ਦਾ ਕਾਰਨ ਵੇਖਣ ਲਈ ਤੁਰ ਪਿਆ।
ਬਹੁਤ ਹੀ ਭੀੜ ਇਕੱਠੀ ਹੋਈ ਹੋਈ ਸੀ, ਭੀੜ ਦੇ ਘੇਰੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਮੈਂ ਕਾਰਨ ਜਾਨਣ ਦੀ ਚਾਹ ਵਿੱਚ ਅਗਾਂਹ ਤੀਕ ਪੁੱਜ ਗਿਆ।
ਇੱਕ ਲਾਸ਼ ਸੜਕ ਦੇ ਵਿੱਚੋ-ਵਿੱਚ ਪਈ ਸੀ, ਤੇ ਕੋਲ ਹੀ ਇੱਕ ਚੂਰੋ-ਚੂਰ ਹੋਇਆ ਸਾਇਕਲ। ਪਤਾ ਨਹੀਂ ਕਿੰਨੀਆਂ ਕੁ ਗੱਡੀਆਂ ਉਸ ਲਾਸ਼ ਨੂੰ ਮਿੱਧਦੇ ਹੋਏ ਨਿਕਲ ਚੁੱਕਿਆ ਸਨ। ਸਿਰ-ਮੂੰਹ ਬੁਰੀ ਤਰਹ ਫਿਸ ਚੁੱਕੇ ਸਨ। ਦੋ ਕੁ ਪੁਲਿਸ ਵਾਲੇ ਖੜੇ ਸਨ, ਉਡੀਕ ਹੋ ਰਹੀ ਸੀ ਕਿ ਕੱਦ ਕੁ ਐਂਬੂਲੈਂਸ ਆਵੇਗੀ?
ਏਨੇ ਵਿੱਚ ਹੀ ਦੂਰੋਂ ਐਂਬੂਲੈਂਸ ਦੇ ਸਾਇਰਨ ਦੀ ਆਵਾਜ ਕੰਨੀ ਪਈ, ਪਰ ਇਹ ਕੀ? ਕੁੱਝ ਪੁਲਿਸ ਵਾਲੇ ਪੈਦਲ ਰਾਹ ਬਣਾ ਰਹੇ ਸਨ। ਫਿਰ ਇੱਕ ਜਿਪਸੀ ਵਿਖੀ, ਫਿਰ ਦੂਜੀ, ਫਿਰ ਮੰਤਰੀ ਜੀ ਦੀ ਕਾਰ, ਤੇ ਉਸ ਪਿੱਛੇ ਲੰਮਾ ਜਿਹਾ ਗੱਡੀਆਂ ਦਾ ਕਾਫਿਲਾ ਤੇ ਪਿੱਛੇ ਫਾਇਰ-ਬ੍ਰਿਗੇਡ ਅਤੇ ਐਂਬੂਲੈਂਸ ਬਿਨਾ ਰੁਕੇ ਹੀ ਲੰਘ ਗਏ।
ਇੱਕ ਪਲ ਵੀ ਮੰਤਰੀ ਜੀ ਨੇ ਰੁੱਕਣ ਜਾਂ ਜਾਨਣ ਦੀ ਕੋਸ਼ਟ ਵੀ ਨਹੀਂ ਸੀ ਕੀਤੀ। ਕਾਫਿਲਾਂ ਗੁਜਰਿਆਂ ਇੱਕ ਘੰਟਾ ਬੀਤਣ ਤੋਂ ਬਾਅਦ ਵੀ ਕਿਧਰੇ ਐਂਬੂਲੈਂਸ ਦਾ ਨਾਮੋ-ਨਿਸ਼ਾਨ ਨਹੀਂ ਸੀ। ਜਿੰਦਗੀ ਦੀ ਬਹੁਤ ਵੱਡੀ ਹਕੀਕਤ ਸਾਹਮਣੇ ਸੀ।
ਹੌਲੀ-ਹੌਲੀ ਟ੍ਰੈਫਿਕ ਚੱਲਣਾ ਸ਼ੁਰੂ ਹੋ ਗਿਆ, ਪਰ ਮੈਂ ਉੱਥੇ ਹੀ ਰੁੱਕ ਗਿਆ। ਮੈਂ ਪੁਲਿਸ ਮੁਲਾਜਮਾਂ ਨੂੰ ਕਿਹਾ ਕਿ ਚਲੋ ਇਸ ਨੂੰ ਮੇਰੀ ਕਾਰ ਵਿੱਚ ਹੀ ਲੈ ਚੱਲਦੇ ਹਾਂ, ਪਰ ਉਹ ਵੀ ਨਿਯਮਾਂ ਦੇ ਬਣੇ ਮਜਬੂਰ ਖੜੇ ਸਨ।
ਲੋਕ ਆਪਣੇ-ਆਪਣੇ ਰਾਹ ਚੱਲ ਰਹੇ ਸਨ, ਕੁੱਝ ਕੁ ਪੱਲ ਰੁੱਕ ਕੇ ਵੇਖਦੇ, ਫਿਰ ਅਗਾਂਹ ਨੂੰ ਵੱਧ ਜਾਂਦੇ, ਲਾਸ਼ ਉਸੇ ਤਰ੍ਹਾਂ ਆਪਣੇ ਹਸ਼ਰ ਨੂੰ ਉਡੀਕ ਰਹੀ ਸੀ। ਸਵੇਰ ਦੇ ਚਾਰ ਵੱਜ ਗਏ, ਰਾਹ ਚੱਲਦੇ ਰਾਹੀਆਂ ਤੋ ਬਿਨਾਂ ਕੁੱਝ ਨਹੀਂ ਬਦਲਿਆ ਸੀ।
ਇਸ ਦਰਮਿਆਨ ਮੈਂ ਆਪਣੇ ਕੁੱਝ ਅਫਸਰ ਮਿੱਤਰਾਂ ਨੂੰ ਫੋਨ ਕੀਤੇ, ਕੋਈ ਪਹੁੰਚ ਤੋ ਬਾਹਰ ਤੇ ਕੋਈ ਸਵਿੱਚ-ਆੱਫ ਦੱਸ ਰਿਹਾ ਸੀ। ਇੱਕ ਮੁਲਾਜਿਮ ਨੇ ਮੈਨੂੰ ਅਰਜ ਕਰਦਿਆਂ ਕਿਹਾ ਕਿ ਜਨਾਬ ਤੁਸੀਂ ਵੀ ਆਪਣੇ ਰਾਹ ਚਲੇ ਜਾਓ, ਰੂਟੀਨ ਨਾਲ ਸਭ ਹੋ ਜਾਵੇਗਾ। ਮੈਂ ਵੀ ਆਪਣਾ ਮਨ ਮਸੋਸਦੇ ਹੋਏ ਆਪਣੇ ਘਰ ਨੂੰ ਤੁਰ ਪਿਆ………।
ਘਰੇ ਪਰਤਨ ਤੇ ਸ਼੍ਰੀਮਤੀ ਜੀ ਮੇਰੇ ਤੇ ਵਰ੍ਹ ਗਏ, ਕਹਿੰਦੀ ਕਿ ਇਲੈਕਸ਼ਨ ਲੜ ਲਵੋ ਤੁਸੀਂ ਤੇ ਬਣ ਜਾਵੋ ਮੰਤਰੀ, ਸਮਾਜ-ਸੇਵਾ ਦਾ ਬਹੁਤ ਚਾਅ ਹੈ ਨਾ ਤੁਹਾਨੂੰ। ਉਸ ਕਮਲੀ ਨੂੰ ਕੋਣ ਸਮਝਾਵੇ ਕਿ ਮੰਤਰੀ ਬਨਣ ਤੋਂ ਬਾਅਦ ਕਿਸ ਦਾ ਦਿੱਲ ਕਰਦਾ ਹੈ ਆਮ ਜਨਤਾ ਵਾਂਗੂ ਜੀਣ ਦਾ?
ਆਮ ਬੰਦੇ ਦਾ ਹਾਲ ਤਾਂ ਜਾਨਵਰਾਂ ਨਾਲੋਂ ਵੀ ਮਾੜਾ ਹੋ ਗਿਆ ਹੈ, ਮੋਤੀ ਪੁੰਨ ਕਰਨੇ ਪੈਂਦੇ ਨੇ ਮੰਤਰੀ ਬਨਣ ਲਈ। ਅੱਜ ਦੇ ਸਮੇਂ ਬਿਜਲੀ, ਡਾਕਟਰ, ਫਾਇਰ-ਬ੍ਰਿਗੇਡ ਕਿਸੇ ਦੇ ਘਰ ਪਹੁੰਚੇ ਨ ਪਹੁੰਚੇ ਮੰਤਰੀ ਜੀ ਦੇ ਨਾਲ ਤਾਂ ਪੱਕੇ ਹੀ ਹਨ। ਆਮ ਜਨਤਾ ਦੇ ਚੁੱਲੇ ਵਿੱਚ ਗੈਸ ਬਲੇ ਨ ਬਲੇ ਮੰਤਰੀ ਜੀ ਨੂੰ ਬੁਕਿੰਗ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ। ਟਰੱਕਾਂ ਦੇ ਪਿੱਛੇ ਸਹੀ ਲਿਖਿਆ ਹੁੰਦਾ ਹੈਂ ਵੇਟ ਪਲੀਜ, ਆਮ ਜਨਤਾ ਕੌਲ ਇੰਤਜਾਰ ਤੇ ਸਬਰ ਤੋਂ ਬਿਨਾਂ ਕੀ ਹੈ? ਵਾਰੀ ਆਉਣ ਤੀਕ ਸਮਾਂ ਮੁੱਕ ਜਾਂਦਾ ਹੈ।
ਏਨੇ ਵਿੱਚ ਹੀ ਸਵੇਰ ਹੋ ਗਈ ਤੇ ਅੱਜ ਕੀ-ਕੀ ਕਰਨਾ ਹੈ ਦੀ ਲਿਸਟ ਮੇਰੇ ਹੱਥ ਵਿੱਚ ਸੀ, ਸ਼੍ਰੀਮਤੀ ਜੀ ਨੇ ਉੱਚੀ ਸਾਰੀ ਬੋਲਦੀਆਂ ਕਿਹਾ ਕਿ ਸ਼ਰਮਾ ਜੀ ਸ਼ਨਾਨ ਕਰ ਲਵੋ ਅੱਜ ਬਿਜਲੀ ਦਾ ਬਿੱਲ ਜਮਾਂ ਕਰਾਉਣ ਦੀ ਆਖਰੀ ਤਾਰੀਖ ਹੈ, ਉੱਧਰੋਂ ਤੁਸੀਂ ਕਾਕੇ ਦੀ ਫੀਸ ਭਰਨ ਵੀ ਜਾਨਾ ਹੈ ਬੈਂਕ, ਵੇਲੇ ਨਾਲ ਚਲੇ ਜਾਵੋ ਨਹੀਂ ਤਾਂ ਵਾਰੀ ਨਹੀਂ ਆਉਣੀ। ਤੇ ਅੱਜ ਹੈ ਵੀ ਸ਼ਨੀਵਾਰ ਅੱਧਾ ਦਿਨ……।
ਅਖਬਾਰ ਵਿੱਚ ਕਿੱਧਰੇ ਵੀ ਰਾਤੀ ਹੋਏ ਹਾਦਸੇ ਦੀ ਖਬਰ ਨਹੀਂ ਸੀ। ਮੈਂ ਬੁੜਬੁੜ ਕਰਦਿਆਂ ਸ਼ਨਾਨ ਕਰਨ ਲਈ ਤੁਰ ਪਿਆ। ਸੱਚ ਹੈ ਅੱਜ ਦੇ ਸਮੇਂ ਕਿਸ ਕੌਲ ਹੈ ‘ਵਿਹਲ’? ਸਭ ਮਸ਼ੀਨ ਕੀਕਰ ਘੜੀ ਦੀਆਂ ਸੂਈਆਂ ਵਾਂਗੂ ਦੌੜ ਰਹੇ ਹਨ ਤਾਕਿ ਸਮਾਂ ਹੱਥੋਂ ਨਾ ਖੁੰਜ ਜਾਵੇ ਪਰ ਅੱਹ ਸਾਡੇ ਕੌਲ ਲੋਕ ਵਿਖਾਵੇ ਤੋਂ ਬਿਨਾਂ ਹੈ ਵੀ ਤਾਂ ਕੀ?
ਅਸੀਂ ਆਪਣੀ ਨਵੀਂ ਗੱਡੀ ਵਿਖਾਉਣ ਲਈ ਤਾਂ ਸਮਾਂ ਬਰਬਾਦ ਕਰ ਸਕਦੇ ਹਾਂ, ਪਰ ਕਿਸੇ ਦੀ ਮਦਦ ਕਰਨ ਦੀ ਵਿਹਲ ਸਾਡੇ ਕੌਲ ਨਹੀਂ ਹੈ। ਚੰਗੇ ਰੇਸਟਰਾਂ ਵਿੱਚ ਬਹਿ ਕੇ ਖਾਣੇ ਦੀ ਉਡੀਕ ਕਰਨੀ ਬਿਲਕੁਲ ਵੀ ਔਖੀ ਨਹੀਂ ਜਾਪਦੀ ਪਰ ਵਿਹਲ…………ਕਿਸੇ ਪਾਸ ਨਹੀਂ। ਸਿਨੇਮਾ ਦੀ ਬੁਕਿੰਗ ਕਈ ਦਿਨ ਪਹਿਲਾਂ ਕਰਾ ਲਈ ਜਾਂਦੀ ਹੈ, ਪਰ ਅੱਜ ਕੱਲ ਤਾਂ ਮਰਗ ਦੇ ਭੋਗ ਤੇ ਜਾਣ ਦੀ ਵੀ ਵਿਹਲ ਕਿਸੇ ਪਾਸ ਨਹੀਂ, ਸਾਰੇ ਆਪੋ-ਆਪਣੀ ਰੂਟੀਨ ਫਟਾ-ਫੱਟ ਸੁਣਾ ਦਿੰਦੇ ਹਨ। ਸਤਾਰੀਆ ਸੂੰਗੜ ਕੇ ਚੌਥੇ ਨੂੰ ਹੀ ਮੁੱਕ ਜਾਂਦਾ ਹੈ ਅੱਜ ਕੱਲ। ਸਭ ਕੁੱਝ ਹੈ ਸਾਰਿਆਂ ਕੌਲ ਪਰ ਨਹੀਂ ਹੈ ਤਾਂ ਵਿਹਲ। ਮੇਰੀ ਕਲਮ ਵੀ ਖਿੜ ਕੇ ਹੱਸ ਪਈ, ਸ਼ੁਕਰ ਹੈ ਅੱਜ ਮੈਂਨੂੰ ਤਾਂ ਮਿਲੀ ਵਿਹਲ………………।