ਬਗਦਾਦ- ਇਰਾਕ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਮਵਾਰ ਨੂੰ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਅਤੇ ਗੋਲੀਬਾਰੀ ਵਿੱਚ 100 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਇਰਾਕ ਵਿੱਚ ਸੋਮਵਾਰ ਦਾ ਦਿਨ ਇਸ ਸਾਲ ਦਾ ਸੱਭ ਤੋਂ ਵੱਧ ਖੁਨ ਖਰਾਬੇ ਵਾਲਾ ਦਿਨ ਰਿਹਾ।
ਇਰਾਕ ਦੇ 13 ਸ਼ਹਿਰਾਂ ਵਿੱਚ ਇਹ ਧਮਾਕੇ ਹੋਏ। ਕੁਝ ਦਿਨ ਪਹਿਲਾਂ ਹੀ ਅਲਕਾਇਦਾ ਨੇਤਾ ਨੇ ਨਵੇਂ ਸਿਰੇ ਤੋਂ ਹਮਲੇ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਧਮਾਕੇ ਯੋਜਨਾ-ਬੱਧ ਢੰਗ ਨਾਲ ਕੀਤੇ ਗਏ ਹਨ। ਸਾਰੇ ਧਮਾਕੇ ਥੋੜੇ ਸਮੇਂ ਦੇ ਫਰਕ ਨਾਲ ਹੋਏ। ਇਨ੍ਹਾਂ ਹਮਲਿਆਂ ਦਾ ਸੱਭ ਤੋਂ ਵੱਧ ਪ੍ਰਭਾਵ ਤਾਜ਼ੀ ਸ਼ਹਿਰ ਤੇ ਹੋਇਆ, ਜੋ ਕਿ ਬਗਦਾਦ ਤੋਂ 20 ਕਿਲੋਮੀਟਰ ਦੀ ਦੂਰੀ ਤੇ ਹੈ।
ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਦੈਵ ਸ਼ਹਿਰ ਵਿੱਚ ਸੋਮਵਾਰ ਤੜਕੇ ਬੰਦੂਕਧਾਰੀ ਤਿੰਨ ਗੱਡੀਆਂ ਤੇ ਸਵਾਰ ਹੋ ਕੇ ਸੈਨਾ ਦੇ ਟਿਕਾਣੇ ਤੇ ਆਏ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ 13 ਸੈਨਿਕਾਂ ਨੂੰ ਮਾਰ ਦਿੱਤਾ।ਹਮਲਾਵਰਾਂ ਨੇ ਜਿਆਦਾਤਰ ਸਰਕਾਰੀ ਦਫ਼ਤਰਾਂ ਅਤੇ ਸੁਰੱਖਿਆ ਬਲਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ। ਉਤਰੀ ਇਰਾਕ ਦੇ 12 ਸ਼ਹਿਰਾਂ ਵਿੱਚ ਹੋਏ ਵਿਸਫੋਟਾਂ ਵਿੱਚ 29 ਲੋਕਾਂ ਦੀ ਮੌਤ ਹੋ ਗਈ ਅਤੇ 75 ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਬਾਕੂਬਾ ਸ਼ਹਿਰ ਵਿੱਚ ਵੀ ਕਾਰ ਧਮਾਕੇ ਵਿੱਚ 6 ਲੋਕ ਮਾਰੇ ਗਏ ਅਤੇ 32 ਜਖਮੀ ਹੋ ਗਏ। ਕਿਰਕੁਕ ਸ਼ਹਿਰ ਵਿੱਚ ਵੀ ਹੋਏ ਵਿਸਫੋਟ ਵਿੱਚ 8 ਲੋਕ ਮਾਰੇ ਗਏ ਅਤੇ 35 ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਸੇ ਤਰ੍ਹਾਂ ਕੁਝ ਹੋਰ ਸਥਾਨਾਂ ਤੇ ਵੀ ਹੋਏ ਹਮਲਿਆਂ ਵਿੱਚ ਵੀ ਲੋਕ ਮਾਰੇ ਗਏ।